Thursday, October 1, 2009

ਭਗੌੜਾ


ਉਹ ਦਿੰਦੇ ਸਨ ਉਪਦੇਸ਼
ਅਕਸਰ ਮੈਨੂੰ
ਚੰਗਾ ਬਣਨ ਲਈ
ਚੰਗੇ ਕੰਮ ਕਰਨ ਲਈ
ਦੱਸਦੇ ਰਹਿੰਦੇ ਸਨ
ਗੁਰੂ ਬਾਰੇ
ਜਿਸਨੇ ਵਾਰ ਦਿੱਤੇ ਸਨ ਪੁੱਤਰ, ਪਰਿਵਾਰ
ਆਪਣੇ ਲੋਕਾਂ ਲਈ
ਇੰਜ ਹੀ ਉਹਨਾਂ ਦੀਆਂ ਗੱਲਾਂ ਸੁਣਦੇ
ਲੰਘ ਗਏ ਕਈ ਸਾਲ

ਤੇ ਇੱਕ ਦਿਨ

ਮੈਂ ਕਹਿ ਬੈਠਾ ਉਹਨਾਂ ਨੂੰ
ਕਿ ਮੈਂ ਜਿਉਣਾ ਚਾਹੁੰਦਾ ਹਾਂ
ਕਿ ਮੈਂ ਫੜਾਉਣਾ ਚਾਹੁੰਦਾ ਹਾਂ
ਪੱਥਰ ਤੋੜਦੇ
ਬਚਪਨ ਦੇ ਹੱਥਾਂ ਵਿੱਚ ਸਲੇਟ
ਕਿ ਮੈਂ ਵਾਹੁਣਾ ਚਾਹੁੰਦਾ ਹਾਂ
ਧਰਤੀ ਦੇ ਮੱਥੇ ਤੇ
ਆਕਾਸ਼ ਦਾ ਸੂਰਜ
ਕਿ ਮੈਂ ਮਿਲਾਉਣਾ ਚਾਹੁੰਦਾ ਹਾਂ
ਆਪਣੇ ਹੱਥ
ਗਾਰੇ 'ਚ ਲਿਬੜੇ ਹੱਥਾਂ ਨਾਲ਼
ਕਿ ਮੈਂ ਪਾਉਣਾ ਚਾਹੰਦਾ ਹਾਂ
ਪਿਆਰ ਕਿਸੇ ਇਨਸਾਨ ਜਿਹੀ
ਦਿਖਣ ਵਾਲ਼ੀ ਰੂਹ ਨਾਲ਼

ਫਿਰ ਤਾਂ ਜਿਵੇਂ

ਪੱਕੀ ਕਣਕ ਤੇ
ਬਿਜਲੀ ਡਿੱਗ ਪਈ ਹੋਵੇ
ਜਾਂ ਫਿਰ ਕਿਸੇ ਨੇ
ਕਰ ਦਿੱਤਾ ਹੋਵੇ ਨਿਰਾਦਰ
ਚੌਂਕ 'ਚ ਲੱਗੇ ਕਿਸੇ ਬੁੱਤ ਦਾ
ਜਾਂ ਟਿਕ ਗਿਆ ਹੋਵੇ ਪੈਰ
ਕਿਸੇ ਪਵਿੱਤਰ ਕਿਤਾਬ ਤੇ
ਬੈਠ ਗਈ
ਹਰਿਆਣੇ ਦੇ ਕਿਸੇ ਪਿੰਡ ਦੀ
ਖਾਪ ਪੰਚਾਇਤ ਪੰਜਾਬ ਦੇ ਸ਼ਹਿਰ
ਸ਼ੁਰੂ ਹੋ ਗਿਆ ਜ਼ਕਰੀਆ ਇਨਸਾਫ਼
"ਤੇਰੇ ਦਿਮਾਗ ਨੂੰ ਕੀ ਹੋ ਗਿਆ
ਕੁਝ ਅਕਲ ਕਰ ਕਾਕਾ
ਦੇਖ ਜ਼ਰਾ
ਆਪਣੇ ਚੰਗੇ ਭਲੇ ਕੈਰੀਅਰ ਵੱਲ
ਮਾਪਿਆਂ ਦੇ ਚਾਵਾਂ ਵੱਲ
ਅਣਵਿਆਹੀ ਭੈਣ ਵੱਲ
ਸਮਾਜ ਵੱਲ
( ਉਹਨਾਂ ਲਈ ਗੁਆਂਢ ਦੇ ਚਾਰ ਘਰ ਹੀ
ਸਮਾਜ ਦੀ ਪਰਿਭਾਸ਼ਾ ਹੇਠ ਆਉਂਦੇ ਸਨ)
ਆਪਣੇ ਫਰਜ਼ਾਂ ਤੋਂ ਭਗੌੜਾ ਨਾ ਹੋ
ਨਾਲ਼ੇ ਵਾਢੀਆਂ ਕਰਦੇ
ਅਨਪੜ ਕਾਲੇ ਸਰੀਰ
ਗੰਦ-ਮੰਦ 'ਚ ਰਹਿਣ ਵਾਲੇ
ਵਿਹੜੇ ਦੇ ਲੋਕੀਂ
ਬਿਹਾਰ ਦੇ ਭਈਏ
ਤੇਰੇ ਲੱਗਦੇ ਕੀ ਨੇ"

ਉਸੇ ਰਾਤ
ਆਖਕੇ ਸਲਾਮ
ਦੋਗਲੇਪਣ ਦੀ ਕਚਹਿਰੀ ਨੂੰ
ਮੈਂ ਮਾਰ ਦਿੱਤੀ ਛਾਲ
ਉੱਤਰੀ ਧਰੁਵ ਵਾਂਗ ਜੰਮੇ
ਨਿੱਜ ਦੇ ਠੰਢੇ ਬੁਰਜ ਦੀ ਮੰਮਟੀ ਤੋਂ
ਤਰ ਆਇਆ ਵਾਹੋ-ਦਾਹੀ
ਭਾਵਨਾਵਾਂ ਦੀ ਹੜ੍ਹੀ ਹੋਈ ਸਰਸਾ
ਜ਼ਿੰਦਗੀ ਨੂੰ ਜਾਂਦੀ ਜਰਨੈਲੀ ਸੜਕ ਤੇ
ਸਰਪਟ ਦੌੜਦਾ ਹੋਇਆ
ਪਹੁੰਚ ਗਿਆ ਸਵੇਰ ਸਾਰ
ਗਰਜਦੀ, ਦਹਿਕਦੀ, ਗਾਉਂਦੀ
ਜੀਵੰਤ ਭੀੜ ਵਿੱਚ
ਬਾਤਾਂ ਪਾਉਣ ਲਈ
ਗੀਤ ਗਾਉਣ ਲਈ
ਪੜ੍ਹਨ ਲਈ
ਪੜ੍ਹਾਉਣ ਲਈ
ਸਾਥ ਦੇਣ ਲਈ
ਸਾਥ ਪਾਉਣ ਲਈ
ਆਪਾ ਜਲਾਉਣ ਲਈ
ਜ਼ਿੰਦਗੀ ਜਿਉਣ ਲਈ
ਕਬਰਸਿਤਾਨਾਂ ਦੀ ਮੁਰਦਾ ਚੁੱਪ ਤੋਂ ਦੂਰ.......

2 comments:

  1. esda writer koun aa ji........?

    ReplyDelete
  2. esda writer koun aa ji .......?

    bhoot shona likhea hai ...

    kmaal

    ReplyDelete