ਸ਼ਬਦਾਂ ਨੂੰ ਚੇਤਾਵਨੀ
ਸੁਣੋ ਉਏ ਸ਼ਬਦੋ
ਸ਼ਰਾਰਤੀ ਸ਼ਬਦੋ
ਜਮਾਨਤ ਤੇ ਰਿਹਾ
ਸਮੇਂ ਦੇ ਹਿਰਾਸਤੀ ਸ਼ਬਦੋ
ਆ ਜਾਂਦੇ ਹੋ ਤੁਸੀਂ
ਰੋਜ਼ ਰੋਜ਼
ਕਿਸੇ ਬਿਨ ਬੁਲਾਏ ਸ਼ੇਲਜਮੈਨ ਵਾਂਗ
ਮੇਰਾ ਦਰਵਾਜ਼ਾ ਖਟਖਟਾਉਣ
ਗਲੀ 'ਚ ਲੱਗੇ ਪਹਿਰੇ ਤੋੜ ਕੇ
ਮੈਨੂੰ ਨੀਂਦ 'ਚੋਂ ਜਗਾਉਣ
ਗਰਿਲਾਂ ਵਾਲ਼ੀ ਬੰਦੇ ਤੋਂ ਉੱਚੀ
ਕੰਧ ਟੱਪ ਕੇ
ਮੇਰੇ ਕੰਨਾਂ 'ਚ ਫੁਸਫੁਸਾਉਣ
ਤੇ ਖਿੱਚਦੇ ਰਹਿੰਦੇ ਹੋ
ਮੇਰੇ ਸਿਰ ਥੱਲਿਉਂ
ਮਹਿਬੂਬ ਦੀਆਂ ਬਾਹਾਂ ਜਿੰਨਾ ਮੁਲਾਇਮ
ਰੇਸ਼ਮੀ ਸਰਾਣਾ
ਤੁਹਾਨੂੰ ਪਤਾ ਹੋਣਾ ਚਾਹੀਦਾ ਹੈ
ਇਹ ਮੁਹੱਲਾ ਹੈ ਇੱਜ਼ਤਦਾਰ ਲੋਕਾਂ ਦਾ
ਨਹੀਂ ਵਸੇਰਾ ਕੋਈ ਜਾਹਿਲ ਢੋਕਾਂ ਦਾ
ਇੱਥੇ ਹਰ ਕੋਈ ਰਿਸ਼ਤੇਦਾਰ ਜੋਕਾਂ ਦਾ
ਇਸ ਵਾਰ ਜਾਣ ਦਿੰਨਾ
ਦੁਬਾਰਾ ਗੁਸਤਾਖੀ ਹੋਈ
ਤਾਂ ਥਾਣੇ ਲਿਜਾਵਾਂਗਾ
ਪਰਚਾ ਦਰਜ ਕਰਾਵਾਂਗਾ
ਇੱਕ ਚੰਗੇ ਅਮਨ-ਪਸੰਦ ਸ਼ਹਿਰੀ ਦੀ
ਸਾਂਤੀ ਭੰਗ ਕਰਨ ਦਾ
ਫਿਰ ਕਾਨੂੰਨ ਦੇ ਰਖਵਾਲੇ ਦੱਸਣਗੇ
ਨਤੀਜਾ ਤੁਹਾਨੂੰ
ਮਾਹੌਲ ਖਰਾਬ ਕਰਨ ਦਾ
ਇਸ ਨੂੰ
ਆਖਰੀ ਚੇਤਾਵਨੀ ਸਮਝਣ
ਜ਼ਿੱਦ ਜਿਹੇ, ਰੋਹ ਜਿਹੇ
ਸਵਾਲ ਜਿਹੇ, ਵਿਦਰੋਹ ਜਿਹੇ
ਸੱਚ ਜਿਹੇ, ਪ੍ਰਗਤੀਵਾਦ ਜਿਹੇ
ਹੱਕ ਜਿਹੇ. ਇਨਕਲਾਬ ਜਿਹੇ
ਸਿਸਕੀਆਂ ਜਿਹੇ, ਆਹਾਂ ਜਿਹੇ
ਧੜਕਨ ਜਿਹੇ, ਸਾਹਾਂ ਜਿਹੇ
ਦਿੱਲੀ ਜਿਹੇ, ਕੰਧਮਾਲ ਜਿਹੇ
ਗੋਧਰਾ ਜਿਹੇ, ਗੁਜਰਾਤ ਜਿਹੇ
ਨੇਪਾਲ ਜਿਹੇ, ਇਰਾਕ ਜਿਹੇ
ਤੜਪ ਜਿਹੇ, ਪਿਆਰ ਜਿਹੇ
ਜ਼ਿੰਦਗੀ ਜਿਹੇ, ਸਰੋਕਾਰ ਜਿਹੇ
ਸ਼ਮਸਾਨਾਂ 'ਚ ਘੁਸਪੈਠ ਕਰਨ ਨੂੰ ਤਿਆਰ
ਸੁਪਨੇ ਜਿਹੇ,
ਬਦਲਾਅ ਜਿਹੇ
ਸਾਰੇ ਸ਼ਬਦ.....
No comments:
Post a Comment