Sunday, February 28, 2010

















ਰੰਗ


ਹਰ ਚੀਜ਼ ਦਾ ਰੰਗ
ਹਮੇਸ਼ਾ
ਉਹੋ ਜਿਹਾ ਹੀ ਨਹੀਂ ਹੁੰਦਾ

ਜਿਸ ਤਰਾਂ ਦਾ ਦਿਸ ਰਿਹਾ ਹੁੰਦਾ ਹੈ

ਜਿਵੇਂ ਕਿ ਕਈ ਵਾਰ
ਕਾਲ਼ੀ ਭੂਰੀ ਦਾੜੀ ਚਿੱਟੀ ਹੁੰਦੀ ਹੈ
ਤੇ ਗੋਰਾ ਰੰਗ ਅਸਲ ਵਿੱਚ
ਕਾਲੇ ਚਿਹਰੇ ਲੁਕੋ ਰਿਹਾ ਹੁੰਦਾ ਹੈ
ਰਾਤ ਦਾ ਰੰਗ ਵੀ ਦੁਧੀਆ ਹੁੰਦਾ ਹੈ
ਤੇ ਚਿੱਟੇ ਬਗਲੇ ਜਿਹੇ ਦਿਨ ਵੀ
ਅਕਸਰ ਕਾਲੇ ਹੁੰਦੇ ਹਨ

ਜਿਵੇਂ ਕਿ ਕਈ ਵਾਰ
ਖੂਨ ਦਾ ਰੰਗ ਲਾਲ ਹੁੰਦੇ ਹੋਏ ਵੀ
ਅਸਲ ਵਿੱਚ ਸਫ਼ੈਦ ਹੁੰਦਾ ਹੈ
ਤੇ ਪਿੰਡੇ 'ਚੋਂ ਚੋਂਦਾ ਪਸੀਨਾ
ਰੰਗ-ਰਹਿਤ ਹੁੰਦਾ ਹੋਇਆ ਵੀ
ਲਾਲ ਰੰਗ ਦਾ ਹੁੰਦਾ ਹੈ

ਸਫ਼ੈਦ ਦਿਖਦੀ ਖਾਦੀ
ਦਾਗਾਂ ਨਾਲ਼ ਭਰੀ ਹੁੰਦੀ ਹੈ
ਇਨਸਾਨਾਂ ਦੇ ਲਹੂ 'ਚ ਭਿੱਜਾ ਲੂੰਬੜ ਵੀ
ਨੀਲੇ ਰੰਗ ਦਾ ਦਿਖ ਸਕਦਾ ਹੈ
ਭਗਵਾਂ ਰੰਗ ਸਾਧੂਆਂ ਦਾ ਨਾ ਹੋਕੇ
ਕਸਾਈਆਂ ਨੇ ਓੜਿਆ ਹੁੰਦਾ ਹੈ
ਤੇ ਲਾਲ ਰੰਗ ਸੰਘਰਸ਼ ਦਾ ਨਹੀਂ
ਗਦਾਰੀ ਦਾ ਪਰਤੀਕ ਬਣ ਜਾਂਦਾ ਹੈ

ਹਰ ਚੀਜ਼ ਦਾ ਰੰਗ
ਹਮੇਸ਼ਾ ਉਹੋ ਜਿਹਾ ਹੀ ਨਹੀਂ ਹੁੰਦਾ
ਜਿਸ ਤਰਾਂ ਦਾ ਦਿਸ ਰਿਹਾ ਹੁੰਦਾ ਹੈ
ਸਾਨੂੰ ਸਿੱਖਣਾ ਚਾਹੀਦਾ ਹੈ
ਰੰਗਾਂ ਦੇ ਆਰ-ਪਾਰ ਦੇਖਣਾ
ਚੀਜ਼ਾਂ ਦੇ ਅਸਲੀ ਰੰਗਾਂ ਨੂੰ ਨੰਗਾ ਕਰਨਾ....

Sunday, February 7, 2010

ਕਾਮਰੇਡ ਦਾ ਭਾਸ਼ਾ ਵਿਗਿਆਨ

ਦਸੰਬਰ, 2009 'ਚ ਛਪੇ ਕਾਮਰੇਡ ਦੇ ਥੀਸਿਸ 'ਇਕੀਵੀਂ ਸਦੀ 'ਚ ਕੌਮੀ ਮੁਕਤੀ ਘੋਲ਼ ਦੇ ਦਾਅਪੇਚ' ਤੇ ਬਹਿਸ ਚੱਲ ਰਹੀ ਸੀ |
ਅਚਾਨਕ ਦਰਸ਼ਕਾਂ 'ਚੋਂ ਕਿਸੇ ਦੀ ਆਵਾਜ਼ ਆਈ,

"ਪਰ ਕਮਿਊਨਿਸਟ ਤਾਂ ਮਜ਼ਦੂਰਾਂ ਨੂੰ ਜਮਾਤੀ ਆਧਾਰ ਤੇ ਜਥੇਬੰਦ ਕਰਦੇ ਹਨ..."
ਕਾਮਰੇਡ ਝੱਟ ਸੋਫ਼ੇ ਤੋਂ ਉਛਲੇ,
ਮਾਈਕ ਖੋਹ ਕੇ ਬੋਲੇ, "ਧਿਆਨ ਨਾਲ਼ ਪੜੋ... ਮੈਂ ਕਮਿਊਨਿਸਟ ਨਹੀਂ, ਕੌਮਨਿਸਟ ਲਿਖਿਆ ਹੈ !!"
ਲੁਧਿਆਣੇ ਦੇ ਮਜ਼ਦੂਰ ਸੰਘਰਸ਼ ਨੂੰ ਚੇਤੇ ਕਰਦੇ ਹੋਏ...

ਇਹ ਤਾਂ ਹਾਲੇ

ਗਰਭ 'ਚ ਪਲ਼ ਰਹੇ ਬੱਚੇ ਦੀਆਂ
ਆਪ-ਮੁਹਾਰੀਆਂ ਹਰਕਤਾਂ ਹਨ
ਮਾਂ ਦੇ ਪੇਟ 'ਚ ਮਾਰੀਆਂ ਲੱਤਾਂ ਹਨ
ਅਜੇ ਤਾਂ ਇਸ ਗੁੱਸੇ ਨੇ
ਲਾਵਾ ਬਣ ਫੁੱਟਣਾ ਹੈ
ਉਸ ਲਾਵੇ ਤੇ ਪੈਰ ਰੱਖ
ਲਖੂਖਾਂ ਰੂਹਾਂ ਨੇ
ਇੱਕ ਸੁਪਨੇ ਦੀ ਅਗਵਾਈ ਵਿੱਚ
ਮਾਰਚ ਕਰਨਾ ਹੈ
ਦਿਲ ਦੀਆਂ ਤਾਰਾਂ ਤੇ
ਮਲਹਾਰ ਗਾਉਣਾ ਹੈ
ਤੇ ਉਸ ਦਿਨ
ਅੱਗ
ਸੜਕਾਂ ਤੇ ਨਹੀਂ
ਤੁਹਾਡੇ ਮਹਿਲਾਂ ਦੇ ਅੰਦਰ ਲੱਗੇਗੀ.....
ਕਾਮਰੇਡ ਦੀ 'ਪ੍ਰੋਲੇਤਾਰੀ ਤਾਨਾਸ਼ਾਹੀ'

ਦਫ਼ਤਰ ਤੋਂ ਥੱਕ ਹਾਰ ਕੇ
ਘਰ ਸੀ ਹਾਲੇ ਪੈਰ ਹੀ ਪਾਇਆ

ਬੈੱਡ ਰੂਮ 'ਚੋਂ ਘਰਵਾਲੀ ਦਾ
ਏਨੇ ਨੂੰ ਸੁਨੇਹਾ ਆਇਆ
ਕਾਮਰੇਡ ਨੇ ਮੱਥੇ ਹੱਥ ਮਾਰਕੇ
ਫੇਰ ਰੱਬ ਨੂੰ ਸੀ ਧਿਆਇਆ
ਦਰਬਾਰ ਅੰਦਰ ਅਗਲੇ ਹੀ ਪਲ
ਜਾ ਕੇ ਉਸਨੇ ਸੀਸ ਨਿਵਾਇਆ
ਘਰਵਾਲੀ ਅੱਗੋਂ ਪਾ ਦੁਹਾਈ
"ਤੈਨੂੰ ਨਾ ਕੁਝ ਦੇਵੇ ਸੁਣਾਈ
ਨਾ ਕਦੇ ਅਕਲ ਹੀ ਆਈ
ਪਿੰਕੀ ਆਪਣੀ ਬੁਆਏ ਫਰੈਂਡ ਨਾਲ
ਅੱਜ ਕਾਲਿਜ ਗਈ ਘੁੰਮਦੀ ਪਾਈ
ਹੁਣ ਦੋ ਕੁ ਧਰ ਕੇ ਉਹਦੇ
ਚੁਬਾਰੇ ਕੁੰਡੀ ਲਾ ਬਿਠਾਈ"
ਇੰਨਾ ਸੁਣ ਕਾਮਰੇਡ ਦਾ ਖੂਨ ਖੌਲਿਆ
ਜੋ
ਖੌਲਦਾ ਰਿਹਾ
ਜਦੋਂ ਤੱਕ ਸੱਤ ਨਾ ਵੱਜੇ
ਫਿਰ 'ਟੀਚਰਜ਼' ਦੀ ਉਸਨੇ ਬੋਤਲ ਕੱਢੀ
ਹਵਾ 'ਚ ਇੱਕ ਫੋਕੀ ਬੜਕ ਛੱਡੀ
"ਬਈ ਸਲਾਦ ਲਿ
ਨਾਲੇ ਪਿੰਕੀ ਨੂੰ ਥੱਲੇ ਬੁਲਾਉ
ਇਹਨਾਂ ਨੂੰ ਵੀ ਲੱਗੇ ਪਤਾ
ਪ੍ਰੋਲੇਤਾਰੀ ਦੀ ਤਾਨਾਸ਼ਾਹੀ ਕੀ ਹੁੰਦੀ ਹੈ !!"
ਕਾਮਰੇਡ ਦੀ 'ਡਿਵੀਜ਼ਨ ਆਫ਼ ਲੇਬਰ'

ਇੱਕ ਨਵੇਂ ਬਣੇ
ਕਾਮਰੇਡ ਨੌਜਵਾਨ ਨੂੰ ਪਤਾ ਲੱਗਾ
ਕਿ ਉਸਦੇ ਭੀਸ਼ਮ ਪਿਤਾਮੇ ਕਾਮਰੇਡ ਦਾ
ਵੀਜ਼ਾ ਆ ਗਿਆ ਹੈ
ਭੱਜਾ ਭੱਜਾ ਗਿਆ
"ਕਾਮਰੇਡ ! ਤੁਸੀਂ ਤਾਂ ਜਾ ਰਹੇ ਹੋ,
ਇੱਥੇ ਕੰਮ ਕਿਵੇਂ ਚੱਲੇਗਾ !"
ਵੱਡੇ ਕਾਮਰੇਡ ਨੇ ਪਹਿਲਾਂ ਸੋਚਿਆ
ਕਿ ਇਸ ਨੂੰ ਪਤਾ ਕਿਵੇਂ ਚੱਲਿਆ
ਫੇਰ ਕੁਝ ਸੰਭਲਿਆ

ਸਾਈਂ ਬਾਬੇ ਵਾਂਗ ਹਵਾ 'ਚ ਹੱਥ ਲਹਿਰਾਇਆ
ਕੁਝ ਸ਼ਬਦ ਫੜੇ
ਮੂੰਹ ਖੋਲਿਆ
"ਛੋਟੇ ! ਇਹ ਤਾਂ 'ਡਿਵੀਜ਼ਨ ਆਫ਼ ਲੇਬਰ' ਆ
ਪਾਰਟੀ ਦੇ ਕੰਮਾਂ ਦੀ
ਤੁਸੀਂ ਇੱਥੇ ਮੂਵਮੈਂਟ ਖੜੀ ਕਰੋ
ਮੈਂ ਪੈਸੇ ਭੇਜਾਂਗਾ
ਨਾਲ਼ੇ ਕਮਿਊਨਿਸਟ ਤਾਂ ਵੈਸੇ ਵੀ ਅੰਤਰ-ਰਾਸ਼ਟਰਵਾਦੀ ਹੁੰਦੇ ਨੇ !"
ਕਾਮਰੇਡ ਦਾ ਡਰ

ਇੱਕ ਬੁੱਕ ਸਟਾਲ ਤੇ ਖੜ੍ਹਾ
ਇੱਕ ਆਦਮੀ ਧੜਾਧੜ
ਕਿਤਾਬਾਂ ਚੁੱਕੀ ਜਾ ਰਿਹਾ ਸੀ
ਫਿਰ ਅਚਾਨਕ ਉਨੀ ਹੀ ਤੇਜੀ ਨਾਲ਼
ਵਾਪਿਸ ਰੱਖ ਰਿਹਾ ਸੀ
"ਕੀ ਹੋਇਆ ਕਾਮਰੇਡ !"
ਕਿਸੇ ਪੁੱਛਿਆ
"ਕੁਝ ਨਹੀਂ ਯਾਰ...
ਘਰਵਾਲ਼ੀ ਨੇ ਘਰ ਨਹੀਂ ਵੜਨ ਦੇਣਾ
ਕਿਤਾਬਾਂ ਹੱਥ 'ਚ ਦੇਖ ਕੇ !"
ਇੰਨਾ ਕਹਿ ਕੇ ਉਸ
ਮੱਥੇ ਦਾ ਪਸੀਨਾ ਪੂੰਝਿਆ
ਕਾਮਰੇਡ ਦਾ ਇਨਕਲਾਬ
ਇੱਕ ਵਾਰ ਫੇਰ ਪੋਸਟਪੋਨ ਹੋ ਗਿਆ...
ਕਾਮਰੇਡ ਦੀ ਹੈਰਾਨੀ

ਇੱਕ ਬੁੱਕ ਸਟਾਲ ਤੇ ਖੜ੍ਹਾ
ਇੱਕ ਆਦਮੀ ਹੈਰਾਨੀ ਨਾਲ਼ ਤੱਕ ਰਿਹਾ ਸੀ
ਲਾਲ ਕਿਤਾਬਾਂ ਵੱਲ
"ਇੰਨੀਆਂ ਸਾਰੀਆਂ !
ਪਰ ਉਹ ਤਾਂ ਕਹਿੰਦੇ ਸੀ
ਲਾਲ ਕਿਤਾਬ ਇਕੋ ਹੈ !!"
ਕਾਮਰੇਡ ਦੀ ਆਖਰੀ ਇੱਛਾ

ਦੇਸ਼ ਦਾ ਮਸ਼ਹੂਰ ਕਾਮਰੇਡ
ਕਈ ਕਿਸਾਨ ਸੰਘਰਸ਼ਾਂ ਦਾ ਨੇਤਾ
ਕਈ ਟੀਚਰ ਯੂਨੀਅਨਾਂ ਮੁਲਾਜ਼ਮ ਜੱਥੇਬੰਦੀਆਂ ਦਾ ਸੰਸਥਾਪਕ
ਕਈ ਰਾਜਨੀਤਕ ਮੋਰਚਿਆਂ ਦਾ 'ਕਿੰਗ-ਮੇਕਰ'
ਮਜ਼ਦੂਰ ਜਮਾਤ ਦਾ ਪਾਰਲੀਮੈਂਟਰੀ ਰਾਜ ਚਲਾਉਣ ਵਾਲ਼ਾ
ਤੇ ਹੋਰ ਵੀ ਕਈ ਕਈ ਕੁਝ
ਹੁਣ ਢਿੱਲਾ ਸੀ
ਦਾਖਲ ਸੀ
ਰਾਜਧਾਨੀ ਦੇ ਵੱਡੇ ਹਸਪਤਾਲ ਦੇ ਆਈ ਸੀ ਯੂ ਵਿੱਚ
ਹਿਟਲਰ ਦੇ ਸਕੇ ਵੀ ਪਤਾ ਲੈਣ ਆਏ
ਤੇ ਕਈ ਸ਼ੁਭਚਿੰਤਕ ਵੀ
ਇੱਕ ਸ਼ੁਭਚਿੰਤਕ ਨੇ ਪੁਛਿਆ
"ਕਾਮਰੇਡ ! ਕੋਈ ਆਖਰੀ ਇੱਛਾ ! "
ਕਾਮਰੇਡ ਆਖਰੀ ਵਾਰ ਮਿਆਂਕਿਆ
"ਬਹੁਤ ਸਮਾਂ ਪਹਿਲਾਂ
ਇੱਕ ਦੋਸਤ ਨੇ ਕਿਹਾ ਸੀ
ਕਮਿਊਨਿਸਟ ਮੈਨੀਫੈਸਟੋ ਪੜੀਂ ਕਦੇ
ਮਾਰਕਸ ਏਂਗਲਜ਼ ਦਾ ਲਿਖਿਆ
ਜੇ ਕਿਤੋਂ ਲੱਭਦਾ ਤਾਂ ਲਿਆ ਦਿਓ ....."