Wednesday, September 21, 2011

ਮੈਂ ਅੱਜਕੱਲ ਕਵਿਤਾਵਾਂ  ਨਹੀਂ ਪੜ੍ਹਦਾ


ਮੈਂ ਅੱਜਕੱਲ
ਕਵਿਤਾਵਾਂ  ਨਹੀਂ ਪੜ੍ਹਦਾ
ਹਰ ਕਵਿਤਾ ਮੈਨੂੰ
ਮੁੱਖ  ਮਹਿਮਾਨ ਨੂੰ ਭੇਂਟ ਹੋਏ
ਬੁੱਕੇ ਜਿਹੀ ਲੱਗਦੀ ਹੈ
ਜਾਂ ਫਿਰ 
ਚੰਨ ਦੀ ਚਾਨਣੀ 'ਚ ਚਮਕਦੇ
ਪੱਤਿਆਂ  ਤੋਂ ਸੱਖਣੇ 
ਖੋਖਲੇ ਪੋਰਾਂ ਵਾਲੇ ਰੁੱਖ ਜਿਹੀ ਖੂਬਸੂਰਤ
ਸਜਾਉਣ ਲਈ ਜਿਸਨੂੰ ਰੱਖੇ ਗਏ ਨੇ
ਫੁੱਟੇ ਧਰ ਕੇ
ਮਿਲੀਮੀਟਰਾਂ ਦੀ ਹੱਦ ਤੱਕ ਮਿਣਕੇ ਰੱਖੇ
ਬੌਧਿਕਤਾ ਦੇ ਫੁੱਲ

ਪਰ ਮੇਰੀਆਂ ਅੱਖਾਂ 'ਚ ਤਾਂ
ਹਰੇ-ਕਚਨਾਰ ਬੂਟਿਆਂ ਦੇ 
ਛੱਤਰੀ ਬਣਾ ਕੇ ਖੜੇ ਨਿੰਮਾਂ ਦੇ 
ਬਿੰਬ ਤੈਰਦੇ ਰਹਿੰਦੇ ਹਨ
ਰੰਗ-ਬਿਰੰਗੇ ਫੁੱਲਾਂ ਦੀਆਂ ਕਿਆਰੀਆਂ
... ਤੇ ਉਹਨਾਂ ਉੱਪਰ ਉੱਡਦੀਆਂ ਤਿਤਲੀਆਂ
ਮੇਰੀਆਂ ਅੱਖਾਂ ਦੇ ਸੈੱਲਾਂ ਨੂੰ ਛੇੜਦੀਆਂ ਹਨ

ਕਵਿਤਾ ਦੇ ਨਾਮ 'ਤੇ 
ਸਿਆਹ ਕਾਲੀਆਂ ਲਕੀਰਾਂ
ਛਲੇਡਿਆਂ ਵਰਗੇ ਉਪਦੇਸ਼
ਮੈਨੂੰ ਸਵੀਕਾਰ ਨਹੀਂ
ਮੈਨੂੰ ਤਾਂ ਚਾਹੀਦੇ ਹਨ 
ਸੁਪਨੇ ਭਵਿੱਖ ਦੇ
ਅੱਜ ਨਾਲ ਲੜਨ ਖਾਤਰ 
ਰੰਗੀਨ ਝਰਨਿਆਂ ਵਾਲੀ
ਸੁਨਹਿਰੀ ਧਰਤੀ ਦੀ ਕਲਪਨਾ ਦੇ ਸੰਸਾਰ 
ਦਿਲ ਅੰਦਰਲਾ ਮਾਸੂਮ ਬੱਚਾ ਜਿੰਦਾ ਰੱਖਣ ਲਈ
ਪਹਾੜਾਂ  ਸਾਗਰਾਂ ਜੰਗਲਾਂ ਨੂੰ ਦੇਖਣ ਦੀ 
ਆਪਣੀ ਖਾਹਿਸ਼ ਨੂੰ ਸਦਾ ਜਵਾਨ ਰੱਖਣ ਲਈ
ਐ ਕਵੀ !
ਹੈ ਕੋਈ ਤੇਰੇ ਕੋਲ 
ਹੜਤਾਲ ਜਿੱਤਣ ਤੋਂ ਬਾਅਦ ਮਜਦੂਰਾਂ ਦੇ ਜੋਸ਼ ਜਿਹਾ
'ਮੈਂ ਤੈਨੂੰ ਪਿਆਰ ਕਰਦੀ ਹਾਂ' 
... ਨੂੰ ਪਹਿਲੀ ਵਾਰ ਸੁਣਨ ਦੇ ਸੁਖਦ ਅਹਿਸਾਸ ਜਿਹਾ
ਸ਼ਬਦਾਂ ਦਾ ਕੋਈ ਸਮੂਹ.... 

ਨਹੀਂ ਤਾਂ ਮੈਂ ਤੈਨੂੰ ਦੱਸ ਚੁੱਕਾ ਹਾਂ
ਅੱਜਕੱਲ ਮੈਂ
ਕਵਿਤਾਵਾਂ ਨਹੀਂ ਪੜ੍ਹਦਾ
ਹੁਣ ਮੈਂ ਬੰਦ ਕਰ ਦਿੱਤਾ ਹੈ
ਪਤਾ ਲੈਣ ਜਾਣਾ 
ਜ਼ੁਕਾਮ ਤੋਂ ਪੀੜਤ ਦੂਰ ਦੇ ਦੋਸਤਾਂ ਦਾ....