Friday, February 25, 2011

ਪਿਆਰ ਤੇ ਸੰਸਾਰ

ਜਦ ਕਦੀ ਵੀ
ਇਕੱਲਤਾ ਦੀਆਂ ਖਾਮੋਸ਼ ਇੱਲਾਂ
ਮੇਰੇ ਸਿਰ ਤੇ ਮੰਡਰਾਉਣ ਲਗਦੀਆਂ ਹਨ
ਤੇ ਮੈਂ
ਪਿਘਲ ਕੇ ਖੁਦ 'ਚ ਡੁੱਬਣ ਲਗਦਾ ਹਾਂ
'ਮਿਥਿਆ' ਦਾ ਮੱਕੜਾ
ਮੇਰੀ ਸੋਚ ਦੀਆਂ ਵਲਗਣਾਂ ਨੂੰ
ਬੰਨਣ ਲੱਗਦਾ ਹੈ
ਰਾਖਸ਼ਸ਼ੀ ਲਾਰ੍ਹ ਦੀਆਂ ਤੰਦਾਂ 'ਚ
ਗ੍ਰੰਥਾਂ 'ਚੋਂ ਗਰਮ ਲੁੱਕ ਦੇ ਤੁਪਕੇ
ਮੇਰੀ ਰੂਹ 'ਤੇ ਟਪਕਣ ਦੀ
ਉਸਨੂੰ ਜਲਾ ਕੇ ਦਾਗੀ ਕਰਨ ਦੀ
ਤਿਆਰੀ ਕਰਨ ਲਗਦੇ ਹਨ
ਤਾਂ ਮੇਰੇ ਬੁੱਲਾਂ ਤੇ ਛਪ ਗਿਆ
ਤੇਰੇ ਬੁੱਲਾਂ ਦੀ ਛੋਹ ਦਾ
ਕੋਮਲ ਅਹਿਸਾਸ
ਮਹਿਸੁਸ ਕਰਵਾਉਂਦਾ ਹੈ ਹੋਂਦ
ਮੇਰੇ ਤੋਂ ਬਾਹਰ ਵਿਚਰਦੇ ਮਾਦੇ ਦੀ
ਮੈਂ ਦੇਖਦਾ ਹਾਂ
ਤੇਰੇ ਨਾਲ ਜੁੜਿਆ ਪੂਰਾ ਸੰਸਾਰ
ਤੇ ਉਸ ਸੰਸਾਰ 'ਚ ਤੁਰੇ ਫਿਰਦੇ ਮਨੁੱਖ
ਆਪਣੇ ਆਪਣੇ ਹਾਲਾਤਾਂ ਨਾਲ
ਉਹਨਾਂ ਵਿੱਚ ਹੀ ਕਿਤੇ
ਤੂੰ ਹੁੰਨਾ ਏਂ
ਭਰ ਕੇ ਆਪਣੇ ਦਿਲ 'ਚ
ਮੇਰੇ ਲਈ ਪਿਆਰ
ਤੇ ਮੈਂ ਪ੍ਰੇਸ਼ਾਨ ਹੋ ਉੱਠਦਾ ਹਾਂ ਸੋਚ ਕੇ
ਕਿ ਕਿੰਝ ਲੋਕੀਂ
ਪਿਆਰ ਤੇ ਸੰਸਾਰ ਨੂੰ
ਅਲੱਗ ਕਰਕੇ ਦੇਖਦੇ ਹਨ...

Wednesday, February 16, 2011

ਜੀਣਾ

ਸੂਟਕੇਸਾਂ ਵਰਗੇ ਘਰਾਂ ਵਿੱਚ
ਰਿਸ਼ਵਤ 'ਚ ਮਿਲੇ ਨੋਟਾਂ ਵਾਂਗ
ਦਿਨਕਟੀ ਕਰਨਾ
ਜੀਣਾ ਨਹੀਂ ਹੁੰਦਾ

ਹਨੇਰੀਆਂ ਦੇ ਦੌਰਾਂ ਵਿੱਚ
ਸਿਉਂਕ ਖਾਧੇ ਸੁੱਕੇ ਰੁੱਖ ਵਾਂਗ
ਸ਼ਾਂਤ ਰਹਿਣਾ
ਜੀਣਾ ਨਹੀਂ ਹੁੰਦਾ

ਸਰੀਰ ਨੂੰ ਜਿਉਂਦਾ ਰੱਖਣ ਲਈ
ਕੋਠੇ ਬੈਠੀ ਵੇਸਵਾ ਵਾਂਗ
ਆਤਮਾ ਮਾਰ ਲੈਣੀ
ਜੀਣਾ ਨਹੀਂ ਹੁੰਦਾ

ਪੀਰ ਦੀ ਮਨੌਤ 'ਤੇ ਕਤਲ ਹੋਏ ਬੱਕਰੇ ਵਾਂਗ
ਜ਼ਿੰਦਗੀ ਨੂੰ ਪ੍ਰੰਪਰਾ ਦੀ ਵੇਦੀ 'ਤੇ
ਬਲੀ ਚੜਾਉਣਾ
ਜੀਣਾ ਨਹੀਂ ਹੁੰਦਾ

ਜੀਣਾ ਤਾਂ ਹੁੰਦਾ ਹੈ
ਪੂਛਲ ਤਾਰੇ ਵਾਂਗ ਜਲ ਕੇ
ਸਾਉਣ ਦੇ ਬੱਦਲ ਵਾਂਗ ਵਰ੍ਹ ਕੇ
ਮਨੁੱਖ ਵਾਂਗ ਲੜ ਕੇ
ਮਰਨਾ.....