Thursday, December 8, 2011

ਮੈਂ ਅੱਜਕਲ ਜਿੱਥੇ ਰਹਿੰਦਾ ਹਾਂ

ਮੈਂ ਅੱਜਕਲ ਜਿੱਥੇ ਰਹਿੰਦਾ ਹਾਂ
ਉੱਥੇ ਨਾ ਤਾਂ ਸੁੱਖ-ਆਸਨ ਜਿੰਨੀ ਠੰਢਕ ਹੈ ਨਾ ਨਿੱਘ
ਤੇ ਨਾ ਹੀ ਦਰਬਾਰ ਹਾਲ ਜਿੰਨੀ ਹਵਾਦਾਰੀ
ਉੱਥੇ ਹੈ ਤਾਂ ਬਸ
ਮਨੁੱਖਾਂ ਤੇ ਸੂਰਾਂ ਦੇ ਸਾਹਾਂ ਦੀ ਰਲਵੀਂ ਹਵਾੜ੍ਹ ਦਾ ਬਣਿਆ
ਗੈਸੀ ਗੁਬਾਰੇ ਜਿਹਾ ਕੁਝ
ਜਿਸਦੇ ਪੈਰੀਂ ਲੱਗੀ ਭੱਠੀ
ਰੋਜ਼ ਹੱਡੀਆਂ ਦਾ ਬਾਲਣ ਭਾਲਦੀ ਏ
ਤੇ ਉਸਦੀ ਟੀਸੀ ਚੋਂ ਰੋਜ਼
ਸੋਨੇ ਦੀਆਂ ਲਗਰਾਂ ਫੁੱਟਦੀਆਂ ਨੇ

ਮੈਂ ਅੱਜਕਲ ਜਿੱਥੇ ਰਹਿੰਦਾ ਹਾਂ
ਉੱਥੇ ਦਾ ਇਨਸਾਨ
ਆਪਣੇ ਗੁੱਸੇ ਨੂੰ
ਜਰਦੇ ਨਾਲ ਤਲੀ ਤੇ ਮਲ ਕੇ
ਆਪਣੇ ਬੁੱਲ੍ਹਾਂ ਚ ਦਬਾ ਲੈਂਦਾ ਹੈ
ਆਤਮਾ ਨਾਂ ਦੀ ਮੋਮਬੱਤੀ
ਬੀੜੀ ਦੇ ਜਲਣ ਨਾਲ ਹਲਕੀ ਚਿੰਗਾੜੀ ਮਾਰਦੀ ਹੈ
ਤੇ ਫਿਰ ਬੀੜੀ ਦੇ ਬਚੇ ਟੋਟੇ ਨਾਲ
ਕਿਸੇ ਨਾਲੀ ਵਿੱਚ ਜਾਂ ਪੈਰ ਥੱਲੇ ਜਾ ਪੈਂਦੀ ਹੈ

ਮੈਂ ਅੱਜਕਲ ਜਿੱਥੇ ਰਹਿੰਦਾ ਹਾਂ
ਉਥੇ ਸਿਖਰ ਦੁਪਹਿਰੇ ਦੇ ਸੂਰਜ ਦੀਆਂ ਕਿਰਨਾਂ ਵੀ
ਵਿਹੜੇ ਦੇ ਮਾਲਕ ਦੀ ਭਵਨ-ਨਿਰਮਾਣ ਕਲਾ ਅੱਗੇ
ਹਥਿਆਰ ਸੁੱਟ ਦਿੰਦੀਆਂ ਹਨ
ਤਾਰੇ ਕਦੋਂ ਦੇ ਧੂਏਂ ਤੇ ਧੂੜ ਹੱਥੋਂ
ਪਾਨੀਪਤ ਦੀ ਚੌਥੀ ਲੜਾਈ ਹਾਰ ਚੁੱਕੇ ਹਨ
ਹਾਂ... ਚੰਦਰਮਾ ਕਦੇ ਕਦੇ ਜਿੱਦ ਪੁਗਾ ਜਾਂਦੈ
ਪਰ ਇੱਥੋਂ ਦੇ ਲੋਕ ਉਸਨੂੰ ਪਛਾਣਦੇ ਨਹੀਂ
ਪ੍ਰੇਮ ਮਹਿਬੂਬ ਨਾਂ ਦੇ ਰਿਸ਼ਤੇ ਨਹੀਂ ਇੱਥੇ
ਚੰਨ ਦੀ ਮਹੱਤਤਾ ਸਮਝਾਉਣ ਲਈ
ਤੇ ਨਾ ਹੀ ਕਵੀ
ਇਸ ਦੋ-ਪੈਰੀ ਮਸ਼ੀਨ ਦੀ ਚੰਨ ਨਾਲ
ਜਾਣ-ਪਛਾਣ ਕਰਵਾਉਣ ਲਈ

ਮੈਂ ਅੱਜਕਲ ਜਿੱਥੇ ਰਹਿੰਦਾ ਹਾਂ
ਉੱਥੋਂ ਦੇ ਬੱਚਿਆਂ ਲਈ
ਮਰਿਆ ਹੋਇਆ ਸੀਵਰੇਜ਼ੀ ਚੂਹਾ
ਖਿਡੌਣਾ ਹੈ
ਜਿੰਨਾ ਵੱਡਾ ਉਨਾ ਹੀ ਵੱਧ ਦਿਲ ਬਹਿਲਾਉਣ ਵਾਲਾ
ਚੂਹੇ ਦੀ ਪੂਛ ਨੂੰ ਹੱਥ ਲਾਉਣ ਲੱਗਿਆਂ ਇੱਥੇ
ਅਲਕਤ ਨਾਂ ਦੀ ਚਿੜੀ
ਕਿਸੇ ਦੇ ਨੱਕ ਜਾਂ ਗਲ ਚ ਠੁੰਗਾਂ ਨਹੀਂ ਮਾਰਦੀ
ਪੂਛ ਫੜ ਕੇ ਚੂਹਾ ਘੁਮਾਉਂਦੇ ਸੈਨਾਪਤੀ ਪਿੱਛੇ ਨਠਦੇ ਜੁਆਕਾਂ ਦੀਆਂ
ਡਿੱਗਦੀਆਂ ਨਿੱਕਰਾਂ ਤੇ ਉੱਚੀਆਂ ਕਿਲਕਾਰੀਆਂ ਨੂੰ ਦੇਖ ਕੇ
ਤੁਹਾਡੇ ਮਨ ਵਿਚਲਾ ਦਾਰਸ਼ਨਿਕ ਕਹਿ ਉੱਠੇ
ਆਹ ! ਕਿੰਨਾ ਰੰਗੀਨ ਹੁੰਦਾ ਬਚਪਨ
ਚੜੀ ਦੀ ਨਾ ਲੱਥੀ ਦੀ
ਕਿੰਨਾ ਖੁਸ਼ ਨੇ ਬੱਚੇ
ਮਿੱਟੀ ਦੇ ਕਿੰਨਾ ਨੇੜੇ !!

ਮੈਂ ਅੱਜਕਲ ਜਿੱਥੇ ਰਹਿੰਦਾ ਹਾਂ
ਉੱਥੇ ਬੇਦਿਲੀ ਬੇਗੈਰਤੀ ਪਸਤ-ਹਿੰਮਤੀ ਨਾਲ
ਬੋਝਲ ਹੋਈ ਹਵਾ
ਹਰ ਤਰ੍ਹਾਂ ਦੀ ਮਨੁੱਖੀ ਆਵਾਜ਼ 'ਤੇ 
ਬੁਰੀ ਖਬਰ ਦੇ ਡਰ ਵਾਂਗ ਛਾਈ ਹੋਈ ਹੈ 
ਆਦਮੀ ਉੱਚੀ ਉੱਚੀ ਹਸਦੇ ਹਨ 
ਵੱਡੇ ਸਪੀਕਰਾਂ 'ਤੇ ਗੀਤ ਵਜਾਉਂਦੇ ਹਨ 
ਖੂਬ ਉੱਚੀ ਗਾਲਾਂ ਕਢਦੇ ਹਨ 
ਸਿਸਟਮ ਨੂੰ, ਮਾਲਕਾਂ ਨੂੰ, ਰੱਬ ਨੂੰ, ਹਰ ਕਿਸੇ ਨੂੰ
ਬਸ ਬੋਲਦੇ ਨਹੀਂ ..... 

Saturday, October 22, 2011

ਛੁਟਕਾਰਾ

ਕਦੇ ਕਦੇ ਮੈਂ
ਕਿਸੇ ਦੁਖਾਂਤਕ ਨਾਵਲ ਦੇ ਅੰਤ ਵਾਂਗ 
ਉਦਾਸ ਹੋ ਜਾਂਦਾ ਹਾਂ 
ਤੇ ਮਨਹੂਸ ਕਿਸੇ ਖੱਖ ਚੜੇ
ਘਸਮੈਲੇ ਆਸਮਾਨ ਵਾਲੇ ਦਿਨ ਦੀ ਸ਼ਾਮ ਵਾਂਗੂ
ਮਨ 'ਚ ਪਸਰ ਜਾਂਦੀ ਹੈ
ਛੁੱਟੀ ਤੋਂ ਬਾਅਦ
ਪ੍ਰਾਇਮਰੀ ਸਕੂਲ 'ਚ ਛਾਈ ਚੁੱਪ ਵਰਗੀ ਖਾਮੋਸ਼ੀ
.... ਤੇ ਲਕਵਾ ਵੱਜੀ ਬਾਂਹ ਦੀਆਂ
ਉਂਗਲਾਂ ਦੀ ਬੇਵਸੀ ਜਿਹੀ ਮਾਯੂਸੀ

ਪੈੱਨ ਕਾਪੀ ਚੁੱਕ ਬਹਿੰਦਾ ਹਾਂ
ਸ਼ਬਦਾਂ ਜਿਹਾ ਕੁਝ
ਕਾਪੀ 'ਤੇ ਲਿਖਦਾ ਹਾਂ
ਤਦੇ ਯਾਦਾਂ ਦੇ ਸਾਗਰ 'ਚੋਂ
ਮਾਂ ਦੀ ਘੂਰੀ ਦਾ ਦ੍ਰਿਸ਼
ਅੱਖਾਂ ਮੂਹਰੇ ਘੁੰਮ ਜਾਂਦਾ ਹੈ
ਉਦਾਸੀ
ਖਾਮੋਸ਼ੀ
ਮਾਯੂਸੀ
ਮਨਹੂਸੀਅਤ ਦੀਆਂ ਆਪਣੀਆਂ ਬੀਮਾਰੀਆਂ
ਕਵਿਤਾ ਨੂੰ ਦੇਣ ਲੱਗਾ ਸੈਂ

ਆਪਣੇ ਆਪ ਨੂੰ ਫਿਟਕਾਰਦਾ
ਕਾਗਜ਼ ਪਾੜ ਕੇ ਸੁੱਟਦਾ ਹੋਇਆ
ਭੱਠੀ 'ਚੋਂ ਭੁੜਕ ਕੇ ਬਾਹਰ ਡਿੱਗੇ
ਭੁਜਦੇ ਮੱਕੀ ਦੇ ਦਾਣੇ ਵਾਂਗ
ਭੱਜ ਨਿਕਲਦਾ ਹਾਂ ਮੈਂ
ਆਪਣੇ ਇੱਟਾਂ ਸੀਮਿੰਟ ਦੇ ਖੋਲ੍ਹ 'ਚੋਂ
ਸੋਚਦਾ ਹੋਇਆ
ਕਿਸ ਕਿਸ ਨੂੰ ਮਿਲਣਾ ਹੈ
ਕੀ ਗੱਲਬਾਤ ਕਰਨੀ ਹੈ
ਕੀ ਕੀ ਲਿਖਣਾ ਹੈ
.... ਕਿ ਇੱਕ ਦਿਨ ਆਏਗਾ ਜ਼ਰੂਰ
ਜਦ ਜਰਨੈਲੀ ਸੜਕ ਤੋਂ
ਲਾਲ ਫਰੇਰਾ ਲਹਿਰਾਉਂਦੇ ਹੋਏ
ਟੈਂਕਾਂ ਦੀ ਪਲਟਣ ਲੰਘੇਗੀ
ਕਦਮਾਂ ਨੂੰ ਤੇਜ਼ ਕਰ ਦਿੰਦਾ ਹਾਂ ....

Wednesday, September 21, 2011

ਮੈਂ ਅੱਜਕੱਲ ਕਵਿਤਾਵਾਂ  ਨਹੀਂ ਪੜ੍ਹਦਾ


ਮੈਂ ਅੱਜਕੱਲ
ਕਵਿਤਾਵਾਂ  ਨਹੀਂ ਪੜ੍ਹਦਾ
ਹਰ ਕਵਿਤਾ ਮੈਨੂੰ
ਮੁੱਖ  ਮਹਿਮਾਨ ਨੂੰ ਭੇਂਟ ਹੋਏ
ਬੁੱਕੇ ਜਿਹੀ ਲੱਗਦੀ ਹੈ
ਜਾਂ ਫਿਰ 
ਚੰਨ ਦੀ ਚਾਨਣੀ 'ਚ ਚਮਕਦੇ
ਪੱਤਿਆਂ  ਤੋਂ ਸੱਖਣੇ 
ਖੋਖਲੇ ਪੋਰਾਂ ਵਾਲੇ ਰੁੱਖ ਜਿਹੀ ਖੂਬਸੂਰਤ
ਸਜਾਉਣ ਲਈ ਜਿਸਨੂੰ ਰੱਖੇ ਗਏ ਨੇ
ਫੁੱਟੇ ਧਰ ਕੇ
ਮਿਲੀਮੀਟਰਾਂ ਦੀ ਹੱਦ ਤੱਕ ਮਿਣਕੇ ਰੱਖੇ
ਬੌਧਿਕਤਾ ਦੇ ਫੁੱਲ

ਪਰ ਮੇਰੀਆਂ ਅੱਖਾਂ 'ਚ ਤਾਂ
ਹਰੇ-ਕਚਨਾਰ ਬੂਟਿਆਂ ਦੇ 
ਛੱਤਰੀ ਬਣਾ ਕੇ ਖੜੇ ਨਿੰਮਾਂ ਦੇ 
ਬਿੰਬ ਤੈਰਦੇ ਰਹਿੰਦੇ ਹਨ
ਰੰਗ-ਬਿਰੰਗੇ ਫੁੱਲਾਂ ਦੀਆਂ ਕਿਆਰੀਆਂ
... ਤੇ ਉਹਨਾਂ ਉੱਪਰ ਉੱਡਦੀਆਂ ਤਿਤਲੀਆਂ
ਮੇਰੀਆਂ ਅੱਖਾਂ ਦੇ ਸੈੱਲਾਂ ਨੂੰ ਛੇੜਦੀਆਂ ਹਨ

ਕਵਿਤਾ ਦੇ ਨਾਮ 'ਤੇ 
ਸਿਆਹ ਕਾਲੀਆਂ ਲਕੀਰਾਂ
ਛਲੇਡਿਆਂ ਵਰਗੇ ਉਪਦੇਸ਼
ਮੈਨੂੰ ਸਵੀਕਾਰ ਨਹੀਂ
ਮੈਨੂੰ ਤਾਂ ਚਾਹੀਦੇ ਹਨ 
ਸੁਪਨੇ ਭਵਿੱਖ ਦੇ
ਅੱਜ ਨਾਲ ਲੜਨ ਖਾਤਰ 
ਰੰਗੀਨ ਝਰਨਿਆਂ ਵਾਲੀ
ਸੁਨਹਿਰੀ ਧਰਤੀ ਦੀ ਕਲਪਨਾ ਦੇ ਸੰਸਾਰ 
ਦਿਲ ਅੰਦਰਲਾ ਮਾਸੂਮ ਬੱਚਾ ਜਿੰਦਾ ਰੱਖਣ ਲਈ
ਪਹਾੜਾਂ  ਸਾਗਰਾਂ ਜੰਗਲਾਂ ਨੂੰ ਦੇਖਣ ਦੀ 
ਆਪਣੀ ਖਾਹਿਸ਼ ਨੂੰ ਸਦਾ ਜਵਾਨ ਰੱਖਣ ਲਈ
ਐ ਕਵੀ !
ਹੈ ਕੋਈ ਤੇਰੇ ਕੋਲ 
ਹੜਤਾਲ ਜਿੱਤਣ ਤੋਂ ਬਾਅਦ ਮਜਦੂਰਾਂ ਦੇ ਜੋਸ਼ ਜਿਹਾ
'ਮੈਂ ਤੈਨੂੰ ਪਿਆਰ ਕਰਦੀ ਹਾਂ' 
... ਨੂੰ ਪਹਿਲੀ ਵਾਰ ਸੁਣਨ ਦੇ ਸੁਖਦ ਅਹਿਸਾਸ ਜਿਹਾ
ਸ਼ਬਦਾਂ ਦਾ ਕੋਈ ਸਮੂਹ.... 

ਨਹੀਂ ਤਾਂ ਮੈਂ ਤੈਨੂੰ ਦੱਸ ਚੁੱਕਾ ਹਾਂ
ਅੱਜਕੱਲ ਮੈਂ
ਕਵਿਤਾਵਾਂ ਨਹੀਂ ਪੜ੍ਹਦਾ
ਹੁਣ ਮੈਂ ਬੰਦ ਕਰ ਦਿੱਤਾ ਹੈ
ਪਤਾ ਲੈਣ ਜਾਣਾ 
ਜ਼ੁਕਾਮ ਤੋਂ ਪੀੜਤ ਦੂਰ ਦੇ ਦੋਸਤਾਂ ਦਾ.... 

Saturday, July 16, 2011

ਮੌਨਸੂਨ - 2011

1)
ਚਲੋ ਦੋਸਤੋ
ਬੱਦਲ ਬਣੀਏ
ਖੁਦ ਨੂੰ ਗੁਆ ਕੇ
ਧਰਤੀ ਸਿੰਜੀਏ

2)
ਹਲਕੀ ਰੁਮਕਦੀ
ਹਵਾ ਚੱਲ ਰਹੀ
ਇਕੱਠੀਆਂ ਕਰ ਦਏਗੀ
ਖਿਲਰੀਆਂ ਹੋਈਆਂ ਬੱਦਲੀਆਂ
ਆਸਮਾਨ ਦੇ ਇੱਕ ਕੋਨੇ 'ਚ
... ਤੇ ਬੱਦਲੀਆਂ ਫਿਰ ਬਣ ਜਾਣੀਆਂ
ਗਹਿਰੀ ਕਾਲੀ ਘਟਾ
ਟੁੱਟ ਪੈਣ ਲਈ ਤਿਆਰ
ਗੜਗੜਾਹਟਾਂ ਦੇ ਨਾਅਰੇ ਤੇ
ਮੁਹਲੇਧਾਰ ਕਣੀਆਂ ਦੀਆਂ ਗੋਲੀਆਂ ਲੈ ਕੇ
ਲਿਸ਼ਕਦੀਆਂ ਬਿਜਲੀਆਂ ਦੀ ਫੁਰਤੀ ਨਾਲ
ਧਰਤੀ ਦੀ
ਜਲਾਈ ਜਾ ਰਹੀ ਹਿੱਕ ਨੂੰ
ਠੰਢਿਆਂ ਕਰਨ ਲਈ...

3)
ਮੌਨਸੂਨ ਦਾ ਪਹਿਲਾ ਮੀਂਹ
ਝੋਲਾ ਭਰ ਲਿਆਇਆ, ਵੰਡ ਗਿਆ
ਕਿਸਾਨਾਂ ਨੂੰ ਹਲਕੀ ਮੁਸਕਾਨ
ਘਰਾਂ ਵਾਲਿਆਂ ਨੂੰ 'ਪਾਵਰ ਕੱਟ' ਤੋਂ ਰਾਹਤ
ਮਿਉਂਸਪੈਲਟੀ ਵਾਲਿਆਂ ਦੇ ਮੱਥੇ 'ਤੇ
ਪਾਣੀ ਨਿਕਲਣ ਦੀ ਚਿੰਤਾ
ਦਿਹਾੜੀਦਾਰਾਂ ਨੂੰ ਫਿਕਰ
ਦਿਹਾੜੀ ਖੁੱਸਣ ਦਾ
ਚੁੱਲੇ ਅੱਗ ਧੁਖਾਉਣ ਦਾ
ਬੇਘਰਿਆਂ ਨੂੰ ਆਹਰ ਨਵੀਂ ਜਗ੍ਹਾ ਲੱਭਣ ਦਾ
ਬੱਚਿਆਂ ਨੂੰ ਦੇ ਗਿਆ
ਥੋੜ-ਚਿਰਾ ਇੱਕ ਨੰਨ੍ਹਾ ਦਰਿਆ
ਕਾਗਜ਼ ਦੀਆਂ ਕਿਸ਼ਤੀਆਂ ਠੇਲ੍ਹਣ ਲਈ
ਸਭ ਨੂੰ ਗਰਮੀ ਤੋਂ ਰਾਹਤ
ਮੇਰੇ ਦਿਮਾਗ ਨੂੰ
ਸੋਚਾਂ ਦੀ ਲੜੀ
ਵਿਚਾਰਾਂ ਦੀ ਗਰਮੀ...

Wednesday, May 18, 2011

2)

ਸੁੱਕੇ ਪੱਤੇ ਵੀ

ਬੂਟਾਂ ਥੱਲੇ ਆਉਣ ਤੇ
ਆਵਾਜ਼ ਕਰਦੇ ਹਨ
ਤੇ ਇੱਕ ਅਸੀਂ ਹਾਂ
ਕੰਕਰੀਟ ਦੇ ਢੋਲਾਂ 'ਚ
ਕਣਕ ਨੂੰ ਸੁਸਰੀ ਵਾਂਗ ਲੱਗੇ ਹੋਏ
ਖੋਪੜੀ ਪਿਸ ਜਾਣ 'ਤੇ
ਜੀਭ ਨੋਚੇ ਜਾਣ 'ਤੇ
ਉਫ਼ ਨਹੀਂ ਕਰਦੇ ..

3)

ਸੁੱਕੇ ਪੱਤੇ ਵੀ
ਬੂਟਾਂ ਥੱਲੇ ਆਉਣ 'ਤੇ
ਆਵਾਜ਼ ਕਰਦੇ ਹਨ
ਤੁਸੀਂ ਸੋਚਦੇ ਹੋ
ਕੋਈ ਨਾਅਰਾ ਨਹੀਂ ਗੂੰਜੇਗਾ
ਸੜਕਾਂ 'ਤੇ
ਜਦ ਸਾਡਾ ਸਿਰ ਆਏਗਾ
ਤੁਹਾਡੇ ਲੱਕੜ ਦੇ ਹਥੋੜੇ ਹੇਠ...


Monday, May 9, 2011


ਕ੍ਰਾਂਤੀ ਕਿਉਂ ਨਹੀਂ ਆਉਂਦੀ ?


ਗੋਰਕੀ ਦਾ ਪਾਵੇਲ ਹੁਣ
'ਅਮਨ' ਨਾਲ ਵਿਆਹ ਕਰਵਾਵੇ
ਕਬੀਲਦਾਰ ਹੋ ਕੇ
ਜੁਆਕਾਂ ਦੇ ਪੋਤੜੇ
ਤਾਰ 'ਤੇ ਪਿਆ ਸੁੱਕਣੇ ਪਾਵੇ
'ਈਜ਼ੀ ਡੇ' 'ਚ ਬੀਵੀ ਨੂੰ
ਸ਼ਾਪਿੰਗ ਕਰਾਵੇ
ਪ੍ਰੋਫੈਸਰ ਲੱਗ ਯੂਨੀਵਰਸਿਟੀ ਦੀਆਂ
ਸਰਕਾਰੀ ਕੁਰਸੀਆਂ ਦੀ
ਸ਼ੋਭਾ ਵਧਾਵੇ
'ਕ੍ਰਾਂਤੀ' ਨੂੰ ਵਿਦਿਆਰਥਣ ਸਮਝ
'ਟਰਾਈਆਂ' ਲਾਵੇ
ਫਿਰ ਵੀ ਪਾਵੇਲ
ਹਰ ਕਿਸੇ ਨੂੰ ਪੁੱਛੀ ਜਾਵੇ
'ਕ੍ਰਾਂਤੀ!
ਕਿਉਂ ਨਹੀਂ ਆਉਂਦੀ ?'

Tuesday, April 5, 2011

ਸੁੱਕੇ ਪੱਤੇ
ਬੂਟਾਂ ਥੱਲੇ ਆਉਣ 'ਤੇ
ਆਵਾਜ਼ ਕਰਦੇ ਸਨ
ਹਵਾ ਨੂੰ ਹੁਕਮ ਹੋਇਆ
ਹਨੇਰੀ ਬਣ ਕੇ
ਸੁੱਕੇ ਪੱਤਿਆਂ ਨੂੰ ਉਡਾ ਲੈ ਜਾਣ ਦਾ
ਪਰ ਹਵਾ ਨੇ
ਚੁੱਪ ਬੈਠੇ ਹਰੇ ਪੱਤਿਆਂ ਦੇ ਕੰਠ ਨੂੰ
ਆਵਾਜ਼ ਬਖਸ਼ ਦਿੱਤੀ...

Saturday, March 12, 2011


ਕਮਿਊਨਿਸਟ



ਤੁਸੀਂ ਹੋ ਜਿਨ੍ਹਾਂ ਨੇ
ਦਰਿਆਵਾਂ ਨੂੰ ਦਿਸ਼ਾ ਦੇਣੀ ਹੈ
ਦਰਿਆਵਾਂ ਦੇ ਕੰਢੇ ਬਣਨਾ ਹੈ
ਫਿਲਟਰ ਕਰਨੀ ਹੈ ਫਿਜਾਵਾਂ 'ਚੋਂ
ਲਹੂ ਤੇ ਬਾਰੂਦ ਦੀ ਬਦਬੂ
ਵਾਪਿਸ ਦਿਵਾਉਣੀ ਹੈ ਗੁਲਾਬ ਨੂੰ
ਉਸਦੀ ਖੋਈ ਹੋਈ ਮਹਿਕ
ਅੰਬਰਾਂ ਤੇ ਸਾਗਰਾਂ ਨੂੰ ਉਹਨਾਂ ਦਾ ਨੀਲਾਪਨ
ਤੇ ਹੱਥਾਂ ਨੂੰ ਆਪਣੀ ਪਛਾਣ ਤੇ ਤਾਕਤ
ਤੁਸੀਂ ਜਗਾਉਣੀ ਹੈ ਲਲਕ ਧੜਕਨਾਂ 'ਚ
ਲੜਦੇ ਹੋਏ ਜਿਉਣ ਦੀ
ਮਰਦੇ ਹੋਏ ਲੜਨ ਦੀ
ਡਟੇ ਰਹਿਣ ਦਾ ਇਰਾਦਾ
ਇੱਕ ਨਵੇਂ ਪਹੁਫੁਟਾਲੇ ਦੀ ਆਸ
ਤੇ ਅਟੁੱਟ ਵਿਸ਼ਵਾਸ
ਤੁਸਾਂ ਫਿਰ ਪੈਦਾ ਕਰਨੇ ਹਨ ਉਹ ਯੋਧੇ
ਜੋ ਫਾਸੀਵਾਦੀਆਂ ਦੀ ਰੀੜ੍ਹ 'ਚ ਕੰਬਣੀ ਛੇੜਨਗੇ
ਹਵਾਵਾਂ 'ਚ ਗੂੰਜਣਗੇ ਇੱਕ ਵਾਰ ਫਿਰ ਅਮਰ ਬੋਲ
"ਇਹ ਰੇਡੀਓ ਲੈਨਿਨਗਰਾਦ ਹੈ !
ਸੁਣੋ ਧਰਤੀ ਦੇ ਵਾਸੀਓ
ਅਸੀਂ ਲੈਨਿਨ ਦੇ ਵਾਰਿਸ ਬੋਲ ਰਹੇ ਹਾਂ
ਅਸੀਂ ਡਟੇ ਹੋਏ ਹਾਂ
ਅਸੀਂ ਹਥਿਆਰ ਸੁੱਟੇ ਨਹੀਂ
ਮੋਰਚੇ ਹਾਲੇ ਟੁੱਟੇ ਨਹੀਂ
ਖੰਦਕਾਂ ਹਾਲੇ ਪੂਰੀਆਂ ਨਹੀਂ ਗਈਆਂ
ਅਸੀਂ ਡਟੇ ਰਹਾਂਗੇ ਤਦ ਤੱਕ
ਅਸੀਂ ਜਿੱਤਾਂਗੇ ਨਹੀਂ ਜਦ ਤੱਕ
ਮੋਰਚਿਆਂ ਨੇ ਜਗ੍ਹਾ ਬਦਲੀ ਹੈ
ਮੋਰਚੇ ਨਹੀਂ ਬਦਲੇ...."

Saturday, March 5, 2011

ਕੁਝ ਸੌਣ ਬਾਰੇ


1.
ਆਦਮੀ
ਨੀਂਦ ਦੌਰਾਨ
ਸੁੱਤਾ ਨਹੀਂ ਹੁੰਦਾ
ਉਹ
ਜਾਗਣ ਦੀ
ਪ੍ਰਕਿਰਿਆ 'ਚ ਹੁੰਦਾ ਹੈ...


2.
ਆਦਮੀ ਨੀਂਦ ਦੌਰਾਨ
ਸੁੱਤਾ ਨਹੀਂ ਹੁੰਦਾ
ਜਾਗਣ ਦੀ ਪ੍ਰਕਿਰਿਆ 'ਚ ਹੁੰਦਾ ਹੈ
ਤੇ ਜਾਗਣ 'ਤੇ
ਸੌਂ ਜਾਣ ਦਾ ਖਤਰਾ
ਬਣਿਆ ਰਹਿੰਦਾ ਹੈ....


3.

ਆਦਮੀ ਨੀਂਦ ਦੌਰਾਨ
ਸੁੱਤਾ ਨਹੀਂ ਹੁੰਦਾ
ਜਾਗਣ ਦੀ ਪ੍ਰਕਿਰਿਆ 'ਚ ਹੁੰਦਾ ਹੈ
ਅਜਿਹਾ ਨਾ ਹੋਣ 'ਤੇ
ਉਹ
ਮਰਿਆ ਹੁੰਦਾ ਹੈ....

Friday, February 25, 2011

ਪਿਆਰ ਤੇ ਸੰਸਾਰ

ਜਦ ਕਦੀ ਵੀ
ਇਕੱਲਤਾ ਦੀਆਂ ਖਾਮੋਸ਼ ਇੱਲਾਂ
ਮੇਰੇ ਸਿਰ ਤੇ ਮੰਡਰਾਉਣ ਲਗਦੀਆਂ ਹਨ
ਤੇ ਮੈਂ
ਪਿਘਲ ਕੇ ਖੁਦ 'ਚ ਡੁੱਬਣ ਲਗਦਾ ਹਾਂ
'ਮਿਥਿਆ' ਦਾ ਮੱਕੜਾ
ਮੇਰੀ ਸੋਚ ਦੀਆਂ ਵਲਗਣਾਂ ਨੂੰ
ਬੰਨਣ ਲੱਗਦਾ ਹੈ
ਰਾਖਸ਼ਸ਼ੀ ਲਾਰ੍ਹ ਦੀਆਂ ਤੰਦਾਂ 'ਚ
ਗ੍ਰੰਥਾਂ 'ਚੋਂ ਗਰਮ ਲੁੱਕ ਦੇ ਤੁਪਕੇ
ਮੇਰੀ ਰੂਹ 'ਤੇ ਟਪਕਣ ਦੀ
ਉਸਨੂੰ ਜਲਾ ਕੇ ਦਾਗੀ ਕਰਨ ਦੀ
ਤਿਆਰੀ ਕਰਨ ਲਗਦੇ ਹਨ
ਤਾਂ ਮੇਰੇ ਬੁੱਲਾਂ ਤੇ ਛਪ ਗਿਆ
ਤੇਰੇ ਬੁੱਲਾਂ ਦੀ ਛੋਹ ਦਾ
ਕੋਮਲ ਅਹਿਸਾਸ
ਮਹਿਸੁਸ ਕਰਵਾਉਂਦਾ ਹੈ ਹੋਂਦ
ਮੇਰੇ ਤੋਂ ਬਾਹਰ ਵਿਚਰਦੇ ਮਾਦੇ ਦੀ
ਮੈਂ ਦੇਖਦਾ ਹਾਂ
ਤੇਰੇ ਨਾਲ ਜੁੜਿਆ ਪੂਰਾ ਸੰਸਾਰ
ਤੇ ਉਸ ਸੰਸਾਰ 'ਚ ਤੁਰੇ ਫਿਰਦੇ ਮਨੁੱਖ
ਆਪਣੇ ਆਪਣੇ ਹਾਲਾਤਾਂ ਨਾਲ
ਉਹਨਾਂ ਵਿੱਚ ਹੀ ਕਿਤੇ
ਤੂੰ ਹੁੰਨਾ ਏਂ
ਭਰ ਕੇ ਆਪਣੇ ਦਿਲ 'ਚ
ਮੇਰੇ ਲਈ ਪਿਆਰ
ਤੇ ਮੈਂ ਪ੍ਰੇਸ਼ਾਨ ਹੋ ਉੱਠਦਾ ਹਾਂ ਸੋਚ ਕੇ
ਕਿ ਕਿੰਝ ਲੋਕੀਂ
ਪਿਆਰ ਤੇ ਸੰਸਾਰ ਨੂੰ
ਅਲੱਗ ਕਰਕੇ ਦੇਖਦੇ ਹਨ...

Wednesday, February 16, 2011

ਜੀਣਾ

ਸੂਟਕੇਸਾਂ ਵਰਗੇ ਘਰਾਂ ਵਿੱਚ
ਰਿਸ਼ਵਤ 'ਚ ਮਿਲੇ ਨੋਟਾਂ ਵਾਂਗ
ਦਿਨਕਟੀ ਕਰਨਾ
ਜੀਣਾ ਨਹੀਂ ਹੁੰਦਾ

ਹਨੇਰੀਆਂ ਦੇ ਦੌਰਾਂ ਵਿੱਚ
ਸਿਉਂਕ ਖਾਧੇ ਸੁੱਕੇ ਰੁੱਖ ਵਾਂਗ
ਸ਼ਾਂਤ ਰਹਿਣਾ
ਜੀਣਾ ਨਹੀਂ ਹੁੰਦਾ

ਸਰੀਰ ਨੂੰ ਜਿਉਂਦਾ ਰੱਖਣ ਲਈ
ਕੋਠੇ ਬੈਠੀ ਵੇਸਵਾ ਵਾਂਗ
ਆਤਮਾ ਮਾਰ ਲੈਣੀ
ਜੀਣਾ ਨਹੀਂ ਹੁੰਦਾ

ਪੀਰ ਦੀ ਮਨੌਤ 'ਤੇ ਕਤਲ ਹੋਏ ਬੱਕਰੇ ਵਾਂਗ
ਜ਼ਿੰਦਗੀ ਨੂੰ ਪ੍ਰੰਪਰਾ ਦੀ ਵੇਦੀ 'ਤੇ
ਬਲੀ ਚੜਾਉਣਾ
ਜੀਣਾ ਨਹੀਂ ਹੁੰਦਾ

ਜੀਣਾ ਤਾਂ ਹੁੰਦਾ ਹੈ
ਪੂਛਲ ਤਾਰੇ ਵਾਂਗ ਜਲ ਕੇ
ਸਾਉਣ ਦੇ ਬੱਦਲ ਵਾਂਗ ਵਰ੍ਹ ਕੇ
ਮਨੁੱਖ ਵਾਂਗ ਲੜ ਕੇ
ਮਰਨਾ.....

Sunday, January 30, 2011

ਉਹਨਾਂ ਦਾ ਡਰ

ਹਵਾ ਦੀ ਸਰਸਰਾਹਟ

ਪੱਤਿਆਂ ਦੀ ਖੜ-ਖੜ
ਚਾਨਣ ਦੀ ਕਿਰਨ
ਨਦੀਆਂ ਝਰਨਿਆਂ ਦੇ
ਪਾਣੀਆਂ ਦੀ ਕਲ-ਕਲ
ਤੋਂ ਉਹ ਡਰਦੇ ਹਨ
ਉਨਾ ਹੀ
ਜਿੰਨਾ ਕਿ ਕੋਈ ਹਲਕਿਆ ਕੁੱਤਾ
ਪਤਾ ਇਹ ਉਹਨਾਂ ਨੂੰ ਵੀ
ਕਿ ਹਲਕੇ ਕੁੱਤੇ ਦੀ ਕਿਸਮਤ 'ਚ
ਮੌਤ ਹੀ ਲਿਖੀ ਹੁੰਦੀ ਹੈ

ਜਿਉਂ ਜਿਉਂ ਉਹਨਾਂ ਦੀ ਮੌਤ
ਨੇੜੇ ਆ ਰਹੀ ਹੈ
ਕਾਨੂੰਨ ਦੀ ਕਿਤਾਬ
ਹੋਰ ਕਾਲੀ ਹੋਰ ਕਾਲੀ ਹੁੰਦੀ ਜਾ ਰਹੀ ਹੈ
ਹਨੇਰੀ ਰਾਤ
ਹੋਰ ਗਹਿਰੀ ਹੋਰ ਗਹਿਰੀ ਹੋ ਰਹੀ ਹੈ
ਸੁਰਖ ਸਰਘੀ ਵੇਲਾ
ਪਹੁ-ਫੁਟਾਲੇ ਦੀ ਪਹਿਲੀ ਕਿਰਨ
ਹੁੰਦੀ ਜਾ ਰਹੀ ਹੈ
ਹੋਰ ਨੇੜੇ ਹੋਰ ਨੇੜੇ
ਹੋਰ ਨੇੜੇ ਹੋਰ ਨੇੜੇ......