Thursday, October 8, 2009

ਕੋਚਿੰਗ ਸੈਂਟਰ ਦਾ ਇਸ਼ਤਿਹਾਰ

ਸੋਚ ਰਿਹਾ ਹਾਂ
ਕੁਛ ਰਚਨਾਤਮਾਕ ਕੀਤਾ ਜਾਵੇ
ਕੁਝ ਸਮਾਜ ਸੇਵਾ ਕੀਤੀ ਜਾਵੇ
ਤੇ ਕੁਝ ਨੋਟ ਕਮਾਏ ਜਾਣ

ਸੋਚ ਰਿਹਾ ਹਾਂ
ਖੋਲ੍ਹ ਲਵਾਂ
ਕੋਈ ਕੋਚਿੰਗ ਸੈਂਟਰ
ਜਾਂ ਫਿਰ
ਕਰ ਲਵਾਂ ਸ਼ੁਰੂ
ਅੱਠਵੀਂ ਫੇਲ੍ਹਾਂ ਨੂੰ
ਦਸਵੀਂ ਕਰਾਉਣ ਵਾਲੇ ਇੰਸਟੀਚਿਊਟਾਂ ਵਾਂਗ
ਸਰਕਾਰ ਤੋਂ ਮਾਨਤਾ ਪ੍ਰਾਪਤ
ਕੋਈ (ਗੋਰਖ) ਧੰਦਾ
ਜਾਂ ਫਿਰ
ਬਣ ਜਾਵਾਂ ਪ੍ਰਿੰਸੀਪਲ
ਕਿਸੇ ਤਸੀਹਾ ਗ੍ਰਹਿ ਦਾ

ਕਰ ਦੇਵਾਂ ਐਲਾਨ
ਟੰਗ ਦੇਵਾਂ
ਇੱਕ ਵੱਡ-ਆਕਾਰੀ ਬੋਰਡ
ਬੱਸ ਅੱਡੇ ਦੇ ਬਾਹਰ
ਖਾਨਦਾਨੀ ਵੈਦਾਂ ਵਾਂਗ
ਕਿ
ਹੁਣ ਬਣੋ
ਲੇਖਕ, ਕਾਲਮ-ਨਵੀਸ, ਕਵੀ
ਟੀਵੀ ਫਿਲਮੀ ਅਖਬਾਰੀ ਪੱਤਰਕਾਰ
ਹਰ ਤਰ੍ਹਾਂ ਦਾ ਕਲ਼ਮ ਘਸੀਟ
ਸਿਰਫ਼ ਛੇ ਹਫ਼ਤਿਆਂ ਵਿੱਚ
ਸਵੈ-ਜੀਵਨੀ ਲਿਖਣੀ
ਹੋਈ ਹੁਣ ਬਿਲਕੁਲ ਅਸਾਨ


ਇੱਥੇ ਸਿਖਾਇਆ ਜਾਵੇਗਾ ਤੁਹਾਨੂੰ
ਸਜੀਵ ਸ਼ਬਦਾਂ ਨੂੰ ਨਿਰਜੀਵ ਕਰਨ
ਤੇ ਨਿਰਜੀਵ ਸ਼ਬਦਾਂ ਨੂੰ
ਲਾਈਨ-ਹਾਜ਼ਰ ਕਰਨ ਦੇ ਢੰਗਾਂ ਬਾਰੇ
ਘੋਟਾ ਲਵਾਇਆ ਜਾਵੇਗਾ ਤੁਹਾਨੂੰ
ਨਵੇਂ-ਪੁਰਾਣੇ ਸ਼ਬਦਾਂ ਦਾ
ਜਿਹਨਾਂ ਨੂੰ ਸਿਰਫ ਤੇ ਸਿਰਫ
ਤੁਸੀਂ ਹੀ ਸਮਝ ਪਾਇਆ ਕਰੋਗੇ
ਬਿਲਕੁਲ
ਕਿਸੇ ਡਾਕਟਰ ਦੀ ਲਿਖੀ
ਦਵਾਈ ਦੀ ਪਰਚੀ ਵਾਂਗ

ਖਾਸ ਤਰਜੀਹ:
ਇਸ਼ਕ ਦੇ ਮਾਰਿਆਂ ਨੂੰ
ਜ਼ਿੰਦਗੀ 'ਚ ਹਾਰਿਆਂ ਨੂੰ
ਜਨ-ਅੰਦੋਲਨਾਂ ਦੇ ਭਗੌੜਿਆਂ ਨੂੰ
ਸਾਬਕਾ ਕਾਮਰੇਡਾਂ ਨੂੰ
ਰਿਟਾਇਰਡ ਅਫ਼ਸਰਾਂ ਨੂੰ
ਯੁਨੀਵਰਸਿਟੀ ਦੇ ਪ੍ਰੋਫੈਸਰਾਂ ਨੂੰ

ਵਿਸ਼ੇਸ ਆਕਰਸ਼ਣ :
ਪਾਰਟੀਆਂ 'ਚ
ਮੁਸ਼ਾਇਰਿਆਂ 'ਚ
ਰਿਲੀਜ਼ ਅਤੇ ਸਨਮਾਨ
ਸਮਾਰੋਹਾਂ 'ਚ

ਸਰਕਾਰੀ ਇਮਾਰਤਾਂ
ਤੇ ਸੱਤਾ ਦੇ ਗਲਿਆਰਿਆਂ 'ਚ
ਵਿਚਰਨ ਦੇ ਤੌਰ-ਤਰੀਕਿਆਂ ਬਾਰੇ
ਸਪੈਸ਼ਲ ਕਲਾਸਾਂ |

ਨੋਟ :
ਸ਼ਮਸਾਨ ਘਾਟ ਦੀਆਂ ਆਤਮਾਵਾਂ ਵਾਸਤੇ
ਲਿਖਣ ਪੜਨ ਲਈ

ਜਿਉਂਦੇ ਮਰੇ ਸਰੀਰਾਂ ਦਾ ਖਾਸ ਪ੍ਰਬੰਧ ਹੈ |

No comments:

Post a Comment