Friday, November 27, 2009

ਸਲੀਬਾਂ


ਟੰਗੀਆਂ ਸਲੀਬਾਂ ਰਾਜਧਾਨੀ ਦਿਆਂ ਰਾਹਾਂ ਤੇ |
ਫਿਰੇਂ ਤੂੰ ਕਰਾਉਂਦਾ ਰੰਗ
ਚਿੱਟੇ ਦਰਗਾਹਾਂ ਤੇ |

ਮਹਿਕ ਆਉਂਦੀ ਪਈ ਡੁੱਲੇ ਹੋਏ ਪੈਟਰੋਲ ਦੀ ,
ਪੱਟੀ
ਭਾਵੇਂ ਵਿਛੀ ਏ ਗੁਲਾਬੀ ਸ਼ਾਹਰਾਹਾਂ ਤੇ |

ਬਣੇਂ ਤੂੰ ਮਸੀਹਾ ਰੱਖ ਚੋਲੇ 'ਚ ਕਟਾਰਾਂ ਨੂੰ
,
ਲਹੂ ਦੇ
ਮਿਟਾ ਲੈ ਦਾਗ ਦਿਖਦੇ ਜੋ ਬਾਹਾਂ ਤੇ |

ਲੱਭਦੀ ਨਾ
ਕੋਈ ਥਾਂ ਸਿਰਾਂ ਨੂੰ ਬਚਾਉਣ ਲਈ ,
ਫੈਲ ਗਿਆ ਮਾਰੂਥਲ ਪਲ਼ ਕੇ ਕੜਾਹਾਂ ਤੇ |

ਕੀਤੀ ਕਲਾਕਾਰੀ ਕਿਸੇ ਧਰਤੀ ਦੀ ਹਿੱਕ ਤੇ ,
ਫੱਟਾ ਲੋਕਰਾਜ ਵਾਲਾ ਲਾ ਕਤਲਗਾਹਾਂ ਤੇ |

Thursday, November 19, 2009

ਮਖੌਟਾ

ਕੱਲ੍ਹ ਐਵੇਂ 'ਹਾਤੇ ਦੀ ਮਹਿਫ਼ਲ ਜਾ ਬਹਿ ਗਿਆ |
ਨਸ਼ੇ ਵਿੱਚ ਸੱਚ 'ਵਾਜ਼ ਉੱਚੀ ਵਿੱਚ ਕਹਿ ਗਿਆ |

ਚਲੋ ਫਾਇਦਾ ਹੋਇਆ, ਭਾਵੇਂ ਦਿਲ ਟੁੱਟਿਆ,
ਕਈ ਭਰਮ ਲੱਥੇ ਕਈਆਂ ਦਾ ਮਖੌਟਾ ਲਹਿ ਗਿਆ |

ਦੋਸਤ ਹਾਂ ਜੀ, ਆਪਣੀ ਪਛਾਣ ਦੱਸੀ ਜਿਸ ਨੇ,
ਸਖਸ਼ ਉਹੀ ਗੈਰਾਂ ਦੀ ਢਾਣੀ ਜਾ ਕੇ ਬਹਿ ਗਿਆ |

ਗਜ਼ਲ ਗਾਉਣ ਦਾ ਕਦੇ ਕਰਦਾ ਸੀ ਰਿਆਜ਼ ਉਹ,
ਸ਼ਰੇਆਮ 'ਪਾੱਪ' ਦਾ ਅਖਾੜਾ ਲਾ ਕੇ ਬਹਿ ਗਿਆ |

ਲਹਿਰ ਚਲਾਈਏ ਪਹਿਲਾਂ ਕੋਈ ਧਰਮ ਸੁਧਾਰ ਦੀ,
ਫਿਰ ਦੇਖਾਂਗੇ ਇਨਕਲਾਬ ਕਿੱਥੇ ਪਿਆ ਰਹਿ ਗਿਆ |

'ਪਾ ਦਿਉ ਜ਼ੁਲਮ ਨੂੰ ਸੰਗਲੀ' ਉਹ 'ਪੈਗਾਮ' ਦਿੰਦਾ ਸੀ,
ਅਗਵਾ ਕਰਕੇ ਵਿਚਾਰੇ ਨੂੰ ਕੋਈ ਪ੍ਰੇਤ ਲੈ ਗਿਆ |

Monday, November 16, 2009ਰਾਤ ਦਾ ਕੋਹਰਾ


ਰਾਤ ਦਾ ਕੋਹਰਾ ਜੇ ਦਿਲਾਂ ਤੇ ਜੰਮ ਗਿਆ |
ਨਾ ਸਮਝ ਕਿ ਇਤਿਹਾਸ ਦਾ ਚੱਕਾ ਥੰਮ ਗਿਆ |

ਤਾਜ ਤੇਰੇ ਲਈ ਏ ਨਿਸ਼ਾਨੀ ਪਿਆਰ ਦੀ ,
ਸਾਡੀਆਂ ਪੁਸ਼ਤਾਂ ਦਾ ਲਹਿ ਇਥੇ ਚੰਮ ਗਿਆ |

ਘਰ ਤੇਰੇ ਉਡੀਕ ਹੋਵੇ ਚੰਨ ਦੇ ਚੜ੍ਹਨ ਦੀ ,
ਨਾਇਟ ਸ਼ਿਫਟ ਮਿੱਲ ਦੀ ਮੇਰਾ ਤਾਂ ਚੰਨ ਗਿਆ |

ਨੋਚਦਾ ਨੋਚਦਾ ਪਰਿੰਦਿਆਂ ਥੀਂ ਬਾਜ਼ ਅੱਜ ,
ਧਰਮ ਦਾ ਹਾਥੀ ਸਾਡੇ ਦਰਾਂ ਤੇ ਬੰਨ੍ਹ ਗਿਆ |

ਤੂੰ ਕੰਧ ਉੱਚੀ ਕਰ ਜਿੰਨੀ ਮਰਜ਼ੀ ਕਿਲ਼ੇ ਦੀ ,
ਡਿੱਗਣਾ
ਹੀ ਇਹਨੇ ਲੱਗ ਨਿਉਂ ਨੂੰ ਸੰਨ੍ਹ ਗਿਆ |

Sunday, November 15, 2009

ਸੌਂਦੇ ਹਾਂ ਰੋਜ਼
ਉੱਠਦੇ ਹਾਂ ਰੋਜ਼
ਤੇ ਇੰਜ ਹੀ
ਰੋਜ਼ ਰੋਜ਼
ਥੋੜ੍ਹਾ-ਥੋੜ੍ਹਾ
ਸੌਂਦੇ ਜਾਂਦੇ ਹਾਂ

ਉੱਠਦੇ ਜਾਂਦੇ ਹਾਂ
ਫਿਰ ਇੱਕ ਦਿਨ
ਸੌਂ ਹੀ ਜਾਂਦੇ ਹਾਂ
ਉੱਠ ਹੀ ਜਾਂਦੇ ਹਾਂ
ਲੇਟ ਜਾਂਦੇ ਹਾਂ
ਕਬਰ ਵਿੱਚ
............
............
ਜ਼ਿੰਦਗੀ ਨੂੰ
ਜਿਉਣ ਲਈ
ਮਾਣਨ ਲਈ
ਮਤਲਬ ਦੇਣ ਲਈ
ਜਾਗਣਾ ਪੈਂਦਾ ਹੈ
ਐ ਮੇਰੇ ਦੋਸਤੋ
ਉੱਠੋ ਨਹੀਂ,
ਜਾਗੋ ....!

Tuesday, November 10, 2009

ਸਰਦ ਰੁੱਤਾਂ
ਸਰਦ ਰਾਤਾਂ
ਸਰਦ ਹਵਾਵਾਂ
ਆਈਆਂ ਨੇ
ਆਉਣਗੀਆਂ
ਪਰ
ਗਰਮੀ
ਨਿੱਘ
ਹਰਕਤ
ਬਣਾਈ ਰੱਖਣੀ ਹੈ
ਫੇਫੜਿਆਂ ਵਿੱਚ
ਦਿਲਾਂ ਵਿੱਚ
ਖੂਨ ਵਿੱਚ
ਕਿਉਂਕਿ
ਸਰਦੀਆਂ
ਜੇ ਉਹਨਾਂ ਦੀਆਂ ਹਨ
ਬਸੰਤ ਸਾਡੀ ਹੋਵੇਗੀ
ਨਿਸ਼ਚੇ ਹੀ......

Saturday, November 7, 2009

ਪਾਗਲਪਣ

ਸੜਕਾਂ ਤੇ ਭਟਕਦਾ
ਲੱਭ ਰਿਹਾ ਸਾਂ
ਪਾਗਲਖਾਨੇ ਦਾ ਥਹੁ-ਪਤਾ
ਕਿ ਇੱਕ ਵੱਡੀ ਇਮਾਰਤ ਅੱਗੇ ਖੜੇ
ਆਦਮੀ ਨੂੰ ਪੁਛਿਆ
ਭਾਈ ਸਾਹਬ ਪਾਗਲਖਾਨਾ ਕਿਧਰ ਹੈ?
ਉਸ ਉਂਗਲ ਘੁਮਾ ਦਿੱਤੀ
ਸੈਂਟਰਲ ਜੇਲ੍ਹ ਵੱਲ
ਤੇ ਇਲੈਕਟਰੋਕਨਵਲਸਿਵ ਥੀਰੈਪੀ ਯੁਨਿਟ?
ਉਸ ਨੇ ਇਸ਼ਾਰਾ ਕਰ ਦਿੱਤਾ
ਪੁਲਿਸ ਥਾਣੇ ਵੱਲ
ਕੋਈ ਹੋਰ ਸੱਜਣ ਆਇਆ
ਭਾਈ ਸਾਹਬ
ਤੁਸੀਂ ਵੀ ਕਿੰਨੇ ਪਾਗਲ ਹੋ
ਪਾਗਲ ਤੋਂ ਪੁੱਛ ਰਹੇ ਹੋ
ਪਾਗਲਖਾਨਾ ਕਿੱਥੇ ਹੈ.....ਇਲੈਕਟਰੋਕਨਵਲਸਿਵ ਥੀਰੈਪੀ - ਬਿਜਲੀ ਦੇ ਝਟਕੇ ਦੇਕੇ ਮਾਨਸਿਕ ਰੋਗੀਆਂ ਦਾ ਇਲਾਜ ਕਰਨ ਦਾ ਢੰਗ
ਇੱਕ ਦੋਸਤ ਨੂੰ ਜਨਮ ਦਿਨ ਮੁਬਾਰਕ ...

ਜ਼ਿੰਦਗੀ ਦਾ ਨਵਾਂ ਸਾਲ
ਕਿਸੇ ਲਈ ਸ਼ੁਕਰਾਨਾ
ਸੱਥਰੀ ਸਾਂਤੀ 'ਚ ਲੰਘ ਗਏ ਸਾਲ ਦਾ
ਕਿਸੇ ਲਈ ਝੋਰਾ
ਇੱਕ ਸਾਲ ਹੋਰ ਪੁਰਾਣੇ ਹੋਣ ਦਾ
ਕਿਸੇ ਲਈ ਡਰ
ਨਵੇਂ ਆਉਣ ਵਾਲ਼ੇ ਦਿਨਾਂ ਦਾ
ਕਿਸੇ ਲਈ ਧੱਕਾ
ਇੱਕ ਹੋਰ ਆਪਣੀ ਕਬਰ ਵੱਲ
ਪਰ ਤਹਾਡੇ ਲਈ ਹੋਵੇ
ਪੂਰੇ ਚੰਨ ਦੀਆਂ ਰਾਤਾਂ ਦਾ
ਇੱਕ ਅਟੁੱਟ ਸਿਲਸਿਲਾ
ਪੋਹ ਦੇ ਦਿਨੀਂ
ਗਹਿਰੀ ਧੁੰਦ ਛੱਟਣ ਤੋਂ ਬਾਅਦ
ਸੂਰਜ ਦੇ ਨਿਕਲਣ ਜਿਹਾ ਅਹਿਸਾਸ
ਬਾਰਿਸ਼ ਤੋਂ ਬਾਅਦ
ਦੁਮੇਲ ਤੇ ਛਾਈ
ਸਤਰੰਗੀ ਪੀਂਘ ਜਿਹਾ ਨਜ਼ਾਰਾ
ਜਾਂ ਫਿਰ
ਲੰਮੀ ਯਾਤਰਾ ਤੋਂ ਬਾਅਦ
ਮੰਜ਼ਿਲ ਤੇ ਪਹੁੰਚਣ ਜਿਹਾ ਸਕੂਨ
ਲੈ ਕੇ ਆਵੇ
ਚੁਣੌਤੀਆਂ ਦੇ ਖੂਬਸੂਰਤ ਪਹਾੜ
ਜਵਾਰਭਾਟੇ ਦੇ ਦਿਨਾਂ ਜਿਹੀ
ਸਮੁੰਦਰ ਦੀ ਚੰਚਲਤਾ
ਤੇ ਪਹਾੜਾਂ ਨੂੰ ਸਰ ਕਰਨ ਦਾ
ਸਮੁੰਦਰਾਂ 'ਚ ਠਿੱਲ ਪੈਣ ਦਾ
ਸਾਹਸ,
ਇਸ਼ਕ,
ਜਨੂੰਨ.....
ਜ਼ਿੰਦਗੀ

ਮੈਂ ਤਾਂ ਹਾਂ ਇੱਕ
ਮੈਦਾਨਾਂ 'ਚ ਦੌੜਦੀ ਜਾ ਰਹੀ
ਵਨਵੇਅ ਸੜਕ ਜਿਹੀ
ਜੁੜੀ ਹੋਈ ਹਾਂ ਜਾਂ ਉਲਝੀ ਹਾਂ
ਅਨੇਕਾਂ ਲਿੰਕ ਸੜਕਾਂ
ਕੱਚੇ ਪਹਿਆਂ
ਪਗਡੰਡੀਆਂ ਦੇ ਤਾਣੇ ਬਾਣੇ 'ਚ
ਮੈਦਾਨਾਂ ਦੀ ਹਰਿਆਲੀ ਨਾਲ਼
ਰਾਖ ਦੇ ਲੱਗੇ ਢੇਰਾਂ ਨਾਲ਼
ਸਮਸ਼ਾਨਾਂ ਜਿਹੀ ਚੁੱਪ 'ਚ ਵੱਸਦੇ
ਮਨੁੱਖੀ ਕੈਂਪਾਂ ਨਾਲ਼

ਗੁਜ਼ਰੀ ਹਾਂ
ਕਈ ਸੜਾਂਦ ਮਾਰਦੇ ਨਾਲਿਆਂ ਉੱਪਰ ਦੀ
ਕਲਕਲ ਵਹਿੰਦੀਆਂ ਨਦੀਆਂ ਕੋਲੋਂ ਵੀ
ਟੁੱਟੀ ਹਾਂ ਕਈ ਵਾਰੀ
ਹੜ੍ਹਾਂ ਦੇ ਖਾਰੇ ਪਾਣੀਆਂ 'ਚ
ਜੋੜਿਆ ਖੁਦ ਨੂੰ ਹਰ ਵਾਰ
ਪਿਆਰ ਦੀ ਲੁੱਕ ਨਾਲ਼
ਕੀਤਾ ਪੱਧਰਾ ਫਿਰ ਤੋਂ
ਸਿਧਾਂਤ ਦਾ ਰੋੜੀਕੁੱਟ ਫੇਰ ਕੇ

ਥੱਕੀ ਨਹੀਂ
ਪਰ ਅੱਕ ਗਈ ਹਾਂ ਹੁਣ
ਮੈਦਾਨਾਂ 'ਚ ਦੌੜਦੇ ਹੋਏ
ਝੱਲਦੇ ਹੋਏ ਭਾਰ
ਰੇਂਗਦੇ ਹੋਏ ਕੀੜਿਆਂ ਦਾ
ਰਗੜ ਖਾਂਦੇ ਗੋਡਿਆਂ ਦਾ
ਬਣਦੇ ਹੋਏ ਗਵਾਹ
ਖਾਲੀ ਭਾਂਡਿਆਂ ਦੀ ਖਟ-ਖਟ
ਤੇ ਤਲਵਾਰਾਂ ਤ੍ਰਿਸ਼ੂਲਾਂ ਦੇ
ਇਲਾਹੀ ਸੰਗੀਤ ਦੇ ਸ਼ੋਰ ਵਿੱਚ
ਖੂਨ ਦੀ ਨਿੱਤ ਖੇਡੀ ਜਾਂਦੀ ਹੋਲ਼ੀ ਦਾ
ਮਿਹਨਤ ਦੇ ਬੂਟਿਆਂ ਤੇ ਫੈਲਦੀ ਜਾ ਰਹੀ
ਇਖਲਾਕ, ਸੱਭਿਆਚਾਰ, ਧਰਮ
ਸਾਂਝੀਵਾਲਤਾ, ਮਰਦਾਨਗੀ ਦੀ ਅਮਰ ਵੇਲ ਦਾ
ਹੁਣ ਤਾਂ ਤਮੰਨਾ ਹੈ ਕਿ
ਆ ਜਾਵੇ ਸਾਹਮਣੇ ਕੋਈ ਪਹਾੜ
ਜੋ ਨਾ ਦੇਵੇ ਰਾਸਤਾ
ਪਾਸੇ ਤੋਂ ਹੋ ਕੇ ਲੰਘਣ ਦਾ
ਨਾ ਹੀ ਕੋਈ ਮੇਰਾ ਇਰਾਦਾ ਹੋਵੇ
ਇੱਦਾਂ ਕਰਨ ਦਾ
ਤੇ ਫਿਰ ਦਾਗ਼ ਦੇਵਾਂ ਮੈਂ
ਦੋ ਗੋਲ਼ੇ ਪਹਾੜ ਤੇ
ਲਪੇਟਾ ਮਾਰ ਕੇ
ਪੁੱਟ ਲਿਆਂਦੀਆਂ
'ਅਵਰੋਰਾ' ਦੀਆਂ ਤੋਪਾਂ ਨੂੰ
ਆਪਣੀ ਹਿੱਕ ਤੇ ਰੱਖ......ਅਵਰੋਰਾ -
ਲੈਨਿਨ ਦੀ ਬਾਲਸ਼ਵਿਕ ਪਾਰਟੀ ਦੇ ਹਮਾਇਤੀ ਫੌਜੀਆਂ ਦੇ ਕਬਜ਼ੇ ਵਾਲ਼ਾ ਪਹਿਲੇ ਸੰਸਾਰ ਯੁੱਧ ਦਾ ਰੂਸੀ ਜੰਗੀ ਬੇੜਾ, ਜਿਸ ਤੋਂ ਦਾਗੇ ਗੋਲ਼ਿਆਂ ਨੇ ਅਕਤੂਬਰ ਇਨਕਲਾਬ ਦੀ ਸ਼ੁਰੂਆਤ ਦੀ ਘੋਸ਼ਣਾ ਕੀਤੀ ਸੀ |

Friday, November 6, 2009

ਗਿਰਝਾਂ

ਅਖਬਾਰਾਂ 'ਚ ਪੜਿਆ
ਟੀਵੀ ਚੈਨਲਾਂ ਤੇ ਦੇਖਿਆ
ਵਾਤਾਵਰਨ ਪ੍ਰੇਮੀਆਂ ਦੀਆਂ
ਫਿਕਰਮੰਦ
ਆਹਾਂ 'ਚੋਂ ਸੁਣਿਆ
ਕਿ ਗਿਰਝਾਂ ਲੁਪਤ ਹੋ ਗਈਆਂ ਨੇ

ਗਿਰਝਾਂ
ਲੁਪਤ ਨਹੀਂ ਹੋਈਆਂ
ਸਿਰਫ਼ ਪਹਿਰਾਵੇ ਬਦਲੇ ਨੇ
ਸੁਹਜ-ਸੁਆਦ ਬਦਲੇ ਨੇ
ਆਦਤਾਂ ਬਦਲ ਲਈਆਂ ਨੇ
ਗਿਰਝਾਂ ਨੇ

ਹੁਣ ਗਿਰਝਾਂ
ਮਰਿਆਂ ਦੀ ਥਾਂ
ਜਿਉਂਦੇ ਇਨਸਾਨਾਂ ਦਾ
ਮਾਸ ਖਾਂਦੀਆਂ ਨੇ
ਹੱਡਾਰੋੜੀ ਦੀ ਥਾਂ
ਮਿਹਨਤਕਸ਼ਾਂ ਦੀਆਂ ਬਸਤੀਆਂ ਤੇ
ਮੰਡਰਾਉਂਦੀਆਂ ਨੇ
ਝਪਟਣ ਲਈ ਤਿਆਰ ਬਰ ਤਿਆਰ
ਇੰਤਜ਼ਾਰ ਕਰਦੀਆਂ ਨੇ
ਰੇਲ ਦੇ ਕਿਸੇ ਡੱਬੇ ਦੇ ਸੜਨ ਦਾ
ਹਿਟਲਰ ਦੇ ਕਿਸੇ ਸਕੇ ਦੇ ਮਰਨ ਦਾ
ਕਿਸੇ ਵੱਡੇ ਦਰੱਖਤ ਦੇ ਡਿੱਗਣ ਦਾ
ਜਾਂ ਫਿਰ ਆਮ ਲੋਕਾਂ ਦਾ
ਆਪਣੇ ਹੱਕਾਂ ਲਈ ਉੱਠ ਖੜ੍ਹਨ ਦਾ....

Thursday, November 5, 2009

ਸ਼ਬਦ

ਸ਼ਬਦ
ਆਪਣੇ ਆਪ ਵਿੱਚ
ਕੁਛ ਵੀ ਤਾਂ ਨਹੀਂ
ਸਿਵਾਏ ਕਾਗਜ਼ ਤੇ ਵਾਹੀਆਂ
ਕੁਝ ਗੋਲਾਈਦਾਰ
ਕੁਝ ਸਿੱਧੀਆਂ
ਲਕੀਰਾਂ ਤੋਂ ਬਿਨਾ
ਸ਼ਬਦਾਂ ਨੂੰ ਮਤਲਬ ਮਿਲਦਾ ਹੈ
ਜਿੰਦਗੀ ਵਿੱਚ
ਇਸ ਲਈ

ਸ਼ਬਦਾਂ ਨੂੰ ਸਿਰਫ਼ ਲਿਖੋ ਨਾ
ਸ਼ਬਦਾਂ ਨੂੰ ਜੀਉ ਵੀ....