Sunday, August 23, 2009

(ਗ਼ਮ ਨਹੀਂ ਮੁਝਕੋ ਕਿ ਬਦਲ ਰਹਾ ਹੈ ਜ਼ਮਾਨਾ,
ਮੇਰੀ ਜ਼ਿੰਦਗੀ ਹੈ ਤੁਝਸੇ, ਕਹੀਂ ਤੁਮ ਬਦਲ ਨਾ ਜਾਨਾ..)

ਗ਼ਮ ਨਹੀਂ ਮੈਨੂੰ
ਕਿ ਬਦਲ ਰਿਹਾ ਹੈ ਜ਼ਮਾਨਾ
ਹਾਂ ਲੱਗੀ ਰਹਿੰਦੀ ਏ
ਇੱਕ ਫ਼ਿਕਰ
ਜ਼ਮਾਨਾ ਬਦਲਣ ਲਈ
ਮੈਂ ਵੀ ਕੁਝ ਕਰ ਰਿਹਾ ਹਾਂ ਜਾਂ ਨਹੀਂ
ਤੇ ਫ਼ਿਕਰ ਰਹਿੰਦੀ ਤੇਰੀ ਵੀ
ਕਿ ਤੂੰ ਵੀ ਕੁਝ ਬਦਲਿਆ ਹੈਂ ਜਾਂ ਨਹੀਂ
ਕਿਉਂਕਿ
ਬਦਲਦੇ ਨਹੀਂ ਤਾਂ
ਬੁੱਤ ਜਾਂ ਮੁਰਦਾ ਲੋਕ
[ਜਾਂ ਸ਼ਾਇਦ ਇਹ ਵੀ
ਬਦਲ ਜਾਂਦੇ ਹਨ
ਖ਼ਰ ਜਾਂਦੇ ਹਨ
ਗਲ਼ ਜਾਂਦੇ ਹਨ
ਬਦਬੂ ਮਾਰਨ ਲਗਦੇ ਹਨ]
ਤੇ ਇਹਨਾਂ ਦੋਵਾਂ ਨੂੰ
ਮੈਂ ਕਦੇ ਵੀ ਪਿਆਰ ਨਹੀਂ ਕਰ ਸਕਦਾ....

Sunday, August 16, 2009

ਇੱਕ ਵਾਅਦਾ

ਤੂੰ ਨਾਰਾਜ਼ ਨਾ ਹੋ
ਮੇਰੇ ਨਾਲ਼
ਮੇਰੀ ਜਾਨ
ਵਾਅਦਾ ਕਰਦਾ ਹਾਂ

ਮੈਂ ਖਿਲਾਵਾਂਗਾ ਤੈਨੂੰ
ਦੁਨੀਆਂ ਦੀ ਸਭ ਤੋਂ ਸਸਤੀ ਕਾਰ ਵਿੱਚ ਬੈਠ
ਇਤਿਹਾਸ ਦੀ ਸਭ ਤੋਂ ਮਹਿੰਗੀ
ਦਾਲ਼ ਰੋਟੀ

ਮੈਂ ਘੁਮਾਵਾਂਗਾ ਤੈਨੂੰ
ਝੋਂਪੜੀਆਂ ਦੇ ਮਹਾਂਸਾਗਰਾਂ ਵਿੱਚ ਉਸਰੇ
ਲਾਮਿਸਾਲ ਸੁੰਦਰਤਾ ਨਾਲ਼ ਸਜੇ
ਸੋਨੇ ਦੇ ਮੰਦਿਰ

ਮੈਂ ਦਿਖਾਵਾਂਗਾ ਤੈਨੂੰ
ਨਫ਼ਰਤ ਦੇ ਇਸ ਕਾਲ਼ੇ ਦੌਰ ਵਿੱਚ ਵੀ ਕੋਈ
ਕਰ ਸਕਦਾ ਹੈ ਕਿੰਨੀ ਸ਼ਿੱਦਤ ਨਾਲ਼
ਕਿਸੇ ਨੂੰ ਪਿਆਰ

ਤੇ ਸੁਣਾਵਾਂਗਾ ਤੈਨੂੰ
ਜ਼ਿਹਨੀ ਗੁਲਾਮੀ ਦੀ ਤੂਫ਼ਾਨੀ ਹਨੇਰੀ ਵਿੱਚ
ਆਜ਼ਾਦੀ ਦੇ ਮਤਵਾਲੇ ਹੋਏ
ਮੇਰੇ ਗੀਤ |

Monday, August 10, 2009

ਸੂਰਜ ਦੀਆਂ ਅੱਖਾਂ

ਤੂੰ ਅਕਸਰ ਪੁੱਛਦੀ ਏਂ
ਕਿਉਂ ਨਹੀਂ ਸਾਂ ਦੇਖਦਾ
ਮੈਂ ਤੇਰੇ ਵੱਲ
ਕਿਉਂ ਤੱਕਦਾ ਰਹਿੰਦਾ ਸਾਂ ਜ਼ਮੀਨ ਵੱਲ
ਜਦ ਵੀ ਲੰਘਦਾ ਸੀ ਤੇਰੇ ਕੋਲੋਂ ਮੈਂ

ਸੋਚਦਾ ਸੀ
ਕਿਵੇਂ ਕੋਈ ਦੇਖ ਸਕਦੈ
ਸੂਰਜ ਦੀਆਂ ਅੱਖਾਂ ਵਿੱਚ ਅੱਖਾਂ ਪਾਕੇ
ਡਰਦਾ ਸਾਂ
ਚੁੰਧਿਆ ਜਾਣਗੀਆਂ
ਹਨੇਰਾ ਦੇਖਣ ਦੀਆਂ ਆਦੀ
ਹਨੇਰੇ ਚ ਰਹਿੰਦੀਆਂ
ਹਨੇਰੇ ਨਾਲ਼ ਭਰੀਆਂ
ਮੇਰੀਆਂ ਅੱਖਾਂ
ਤੇ ਕਦੇ ਵੀ ਨਹੀਂ ਦੇਖ ਸਕਾਂਗਾ
ਤੇਰੇ ਨੈਣਾਂ ਵਿੱਚ
ਮੇਰੇ ਲਈ ਪਿਆਰ
ਮੈਨੂੰ ਵੇਖ ਆਉਂਦੀ
ਤੇਰੇ ਚੇਹਰੇ ਤੇ ਮੁਸਕਾਨ

ਹੁਣ ਜਦੋਂ
ਲੈ ਲਿਆ ਹੈ ਮੈਨੂੰ
ਤੂੰ ਆਪਣੀਆਂ ਬਾਹਵਾਂ ਚ
ਦੇਖਾਂਗਾ ਮੈਂ ਤੇਰੇ ਵੱਲ
ਇੱਕ ਦਿਨ
ਜੀ ਭਰਕੇ ਤੱਕਾਂਗਾ
ਸੂਰਜ ਦੀਆਂ ਅੱਖਾਂ ਵਿੱਚ
ਨਹੀਂ ਹੈ ਡਰ ਮੈਨੂੰ
ਅੱਖਾਂ ਖੋ ਜਾਣ ਦਾ
ਕਿਉਂਕਿ
ਸੂਰਜ ਦੀਆਂ ਅੱਖਾਂ ਹੀ
ਹੁਣ ਮੇਰੀਆਂ ਅੱਖਾਂ ਹਨ
ਤੇਰੀਆਂ ਅੱਖਾਂ ਹੀ
ਹੁਣ ਮੇਰੀਆਂ ਅੱਖਾਂ ਹਨ......