Sunday, September 27, 2009

ਭਗਤ ਸਿੰਘ ਨੂੰ.....


ਇਹ ਤੇ ਦਿਲ ਅੱਜ ਐਵੇਂ ਨਾਸਬੂਰ ਹੋ ਗਿਆ |
ਤੇਰੀ ਸੋਚ ਤੋਂ ਤਾਂ ਕਦੋਂ ਦਾ ਮੈਂ ਦੂਰ ਹੋ ਗਿਆ |

ਜਿਹੜੇ ਜ਼ਖਮ ਤੇ ਮਲ੍ਹਮਾਂ ਸੀ ਕਰਦਾ ਰਿਹਾ ਤੂੰ ,
ਤੇਰੇ ਜਾਣ ਪਿੱਛੋਂ ਵਿਗੜ ਉਹ ਨਾਸੂਰ ਹੋ ਗਿਆ |

ਬਚ ਕਿਵੇਂ ਰਹਿੰਦਾ ਗੁਲਾਬ ਕੋਈ ਟੁੱਟਣੇ ਤੋਂ ,
ਕੈਂਚੀਆਂ ਦਾ ਮਾਲੀ ਜਦੋਂ ਜੀ ਹਜ਼ੂਰ ਹੋ ਗਿਆ |

ਹੋਣੀ ਹੀ ਸੀ ਉੱਥੇ ਰੱਤ ਸਸਤੀ ਨੌਜੁਆਨਾਂ ਦੀ ,
'ਮੁਕਾਬਲੇ' ਦਾ ਜਿੱਥੇ ਮੁੱਲ ਕੋਹਿਨੂਰ ਹੋ ਗਿਆ |

ਜ਼ਿੰਦਗੀ ਦੀ ਫੋਟੋ ਕਹਿੰਦੇ ਟੰਗਣੀ ਏ ਕਬਰਾਂ 'ਚ ,
ਮਰਿਆਂ ਦੀ ਮਹਿਫ਼ਲ ਮਤਾ ਮੰਜ਼ੂਰ ਹੋ ਗਿਆ |

ਖੁਸ਼ ਨਾ ਹੋਈਂ ਬਹੁਤਾ ਕਲ਼ਮਾਂ ਦੀ ਫੌਜ਼ ਦੇਖ ,
ਇਹ ਤਾਂ ਕਲਰਕਾਂ ਨੂੰ ਬਹਰ ਦਾ ਫ਼ਤੂਰ ਹੋ ਗਿਆ |

ਮਾਹਿਰ ਹੈ ਸ਼ਹਿਰ ਹੁਣ ਜਿੱਲਤਾਂ ਨੂੰ ਸਹਿਣ ਦਾ ,
ਕਿ ਐਸਾ ਸਾਂਤੀ 'ਚ ਰਹਿਣ ਦਾ ਸਰੂਰ ਹੋ ਗਿਆ |

ਹਰ ਕੋਈ ਭਜਨ
ਇੱਥੇ ਗਾਉਂਦਾ ਫਿਰੇ ਮੌਤ ਦੇ ,
ਹੁਣ ਤਾਂ ਮਸੀਹਾ ਤੇਰੇ ਦੇਸ਼ ਦਾ ਤੈਮੂਰ ਹੋ ਗਿਆ |

'ਅੰਮ੍ਰਿਤ ' ਨੂੰ ਤਾਂ ਲੱਭਦੇ ਮੜ੍ਹੀਆਂ ਦੇ ਠੇਕੇਦਾਰ ,
ਉਹਦੇ ਦਿਲ
ਕੋਲੋਂ ਧੜਕਨ ਦਾ ਕਸੂਰ ਹੋ ਗਿਆ |

Thursday, September 17, 2009

ਜੁਗਨੂੰ ਤੇ ਕਵੀ


ਕਿਸੇ ਪੁੱਛਿਆ
ਕੀ ਸਮਾਨਤਾ ਹੈ
ਜੁਗਨੂੰ ਤੇ ਕਵੀ ਵਿੱਚ
ਦੋਨੋਂ
ਜਗਮਗਾਉਂਦੇ ਨੇ
ਰੁਸ਼ਨਾਉਂਦੇ ਨੇ
ਹਨੇਰੀ ਰਾਤ ਨੂੰ
ਆਪਣਾ ਆਪਾ ਜਲਾ ਕੇ
ਤੇ ਫਿਰ ਫ਼ਰਕ ਕੀ ਹੈ
ਜੁਗਨੂੰ ਤੇ ਕਵੀ ਵਿਚਕਾਰ
ਜਗਮਗਾਉਣਾ
ਰੁਸ਼ਨਾਉਣਾ
ਹਨੇਰੀ ਰਾਤ ਨੂੰ
ਜੁਗਨੂੰ ਦਾ ਸੁਭਾਅ ਹੈ
ਤਰਜ਼-ਏ-ਜਿੰਦਗੀ ਹੈ
ਨਾ ਖਰੀਦਣਯੋਗ
ਸਮਝੌਤਾਹੀਣ ਜ਼ਿੱਦ ਹੈ
ਪਰ ਕਵੀ
ਇਹ ਸੋਚ ਕੇ ਕਰਦਾ ਹੈ
ਖਰੀਦਿਆ ਜਾ ਸਕਦਾ ਹੈ
ਤੇ ਅਕਸਰ ਉਹ
ਹਨੇਰੇ ਨਾਲ਼ ਸਮਝੌਤਾ ਕਰ ਲੈਂਦਾ ਹੈ.......
ਰਾਤ ਦੇ ਹਨੇਰੇ ਵਿੱਚ
ਗੁੰਮ ਹੋਣ ਦੇ ਡਰੋਂ
ਧਰਤੀ ਨੇ ਆਸਮਾਨ ਤੋਂ
ਮੰਗੀ ਕੁਝ ਰੋਸ਼ਨੀ
ਉਸ ਨੇ ਦੇ ਦਿੱਤਾ ਧਰਤੀ ਨੂੰ
ਚੰਦਰਮਾ
ਤਾਰਿਆਂ ਦੀ ਤਸ਼ਤਰੀ
ਤੇ
ਇੱਕ ਲਾਲ ਝੰਡਾ.....

---------0----------


ਤੂੰ ਕਹਿੰਨੀ ਹੈਂ
ਬੜਾ ਚੰਗਾ ਹਾਂ ਮੈਂ
ਕਿੰਨਾ ਪਿਆਰ ਕਰਦਾ ਹਾਂ
ਮੈਂ ਤੈਨੂੰ
ਖੁਦਗਰਜ਼ ਹਾਂ
ਤੈਨੂੰ ਪਿਆਰ ਕਰਨ ਵਿੱਚ
ਖੁਸ਼ੀ ਮਿਲਦੀ ਹੈ ਮੈਨੂੰ
ਜਿਉਂਦਾ ਮਹਿਸੂਸ ਕਰਦਾ ਹਾਂ
ਤੇ ਇਸ ਬਹਾਨੇ
ਦਿਲ ਧੜਕਦਾ ਰਹਿੰਦਾ ਹੈ ਮੇਰਾ.....

Wednesday, September 9, 2009

ਕੁੱਤੇ

ਗੱਲ ਕੁੱਤਿਆਂ ਦੀ ਹੋਵੇ
ਤਾਂ ਸ਼ੁਰੂ ਹੁੰਦੀ
ਕੁੱਤਿਆਂ ਦੀ ਕਿਸਮ ਤੋਂ

ਜਿਵੇਂ ਕਿ
ਮਹਿਲਾਂ ਚ ਰਹਿਣ ਵਾਲ਼ੇ
ਨਾਤੇ ਧੋਤੇ
ਪਾਮੇਰੀਅਨ ਕੁੱਤੇ
ਜਾਂ ਫੁੱਟਪਾਥਾਂ ਤੇ ਭਾਉਣ ਵਾਲ਼ੇ
ਟੀ ਬੀ ਦੇ ਮਰੀਜ਼ ਜਿਹੇ
ਕੀੜੇ ਪਏ ਹੋਏ ਕੁੱਤੇ

ਫਿਰ ਵੱਡੇ ਵੱਡੇ ਕੈਂਪਾਂ ਚ ਰਹਿਣ ਵਾਲ਼ੇ
ਯੈੱਸ ਸਰ ਕਹਿਣ ਵਾਲ਼ੇ
ਪਾਲਤੂ ਕੁੱਤੇ
ਜਾਂ ਬਾਜ਼ਾਰਾਂ ਸਿਨੇਮਿਆਂ 'ਚ
ਮਾਸੂਮਾਂ ਦੀ ਲੱਤ ਫੜਨ ਵਾਲ਼ੇ
ਆਵਾਰਾ ਕੁੱਤੇ

ਤੇ ਇਹਨਾਂ ਦੇ ਪਿੱਛੇ ਭੱਜਣ ਦਾ
ਪਖੰਡ ਕਰਦੇ
ਮਨੁੱਖੀ ਖੂਨ ਦੀ ਲੁੱਟ ਚੋਂ
ਹਿੱਸਾ ਵੰਡਾਉਂਦੇ ਸ਼ਿਕਾਰੀ ਕੁੱਤੇ
ਪਰਦੇ ਪਿੱਛੇ ਰਹਿਣ ਵਾਲ਼ੇ
ਹਰ ਗੱਲ ਤੇ 'ਲੋਕਤੰਤਰ' ਕਹਿਣ ਵਾਲੇ਼
ਪਾਲਤੂ ਆਵਾਰਾ ਸ਼ਿਕਾਰੀਆਂ ਦੇ
'ਬੌਸ' ਕਿਸਮ ਦੇ ਕੁੱਤੇ

ਇਹਨਾਂ ਸਾਰਿਆਂ ਵਿੱਚ ਹੀ
ਲਟਕੇ ਮੂੰਹ ਵਾਲ਼ੇ
ਕਦੇ ਕਦੇ ਭੌਂਕਣ ਵਾਲ਼ੇ
ਇੱਕ ਹਾਈਬਰਿਡ ਕਿਸਮ ਦੇ
ਮੱਧਵਰਗੀ ਕੁੱਤੇ
ਤੇ ਆਖਰ 'ਚ
ਕੁਝ 'ਉੱਦਮੀ' ਕੁੱਤਿਆਂ ਦੁਆਰਾ
ਦੋ ਸਦੀਆਂ ਦੀ ਮਿਹਨਤ ਨਾਲ਼ ਬਣਾਏ
ਹੱਡਲ ਜਿਹੇ ਇਨਸਾਨੀ ਕੁੱਤੇ

ਜਿਹਨਾਂ ਬਾਰੇ ਮਿਲੀ ਹੈ
ਹੁਣੇ ਹੁਣੇ

ਸੀ ਆਈ ਡੀ ਰਿਪੋਟ
ਕਿ ਇਹਨਾਂ
ਇਨਸਾਨ ਜਿਹੇ ਦਿਖਣ ਵਾਲ਼ੇ ਕੁੱਤਿਆਂ
ਕੀਤੀ ਹੈ ਮੁਲਾਕਾਤ
ਪੈਰਿਸ ਦੇ ਵਿਦਿਆਰਥੀਆਂ ਨਾਲ਼
ਬਣਾ ਰਹੇ ਨੇ ਵਿਉਂਤਬੰਦੀ
ਲੋਕਤੰਤਰ ਦੀ ਗੋਲ਼ ਸਮਾਧ ਉੱਤੇ
ਮੂਤ ਆਉਣ ਦੀ
ਤੇ ਨੀਲੀ ਅੱਖ ਵਾਲ਼ੇ
ਖੂੰਖਾਰ ਚਿਹਰੇ ਵਾਲ਼ੇ
ਔਰਤਾਂ ਨੂੰ ਖਾਸ ਤੌਰ ਤੇ
ਵੱਡਣ ਵਾਲ਼ੇ
'ਗੋਬੇਲਜ਼' ਦੇ ਹਮਰਾਹ ਹਮਰਾਜ਼
ਜਰਮਨ ਸੈਫਰਡਾਂ ਖਿਲਾਫ਼
ਮੋਰਚੇ ਲਾਣ ਦੀ
ਹਨਾਂ ਨੂੰ ਮਾਰ ਭਜਾਣ ਦੀ.....
ਚੰਨ ਤੇ ਚਕੋਰ

ਕਹਿੰਦੇ ਨੇ
ਚੰਨ ਨੂੰ ਚਕੋਰ
ਦੇਖਦੀ ਰਹਿੰਦੀ ਸੀ ਇੱਕ ਟੱਕ
(ਜਾਂ ਸ਼ਾਇਦ ਹੁਣ ਵੀ ਦੇਖਦੀ ਹੋਵੇ)

ਪਰ ਲੱਗਦੀ ਹੈ ਇਹ
ਕਵੀ ਦੀ ਕੋਰੀ ਕਲਪਨਾ
ਜਾਂ ਇਤਿਹਾਸਕਾਰ ਦੀ ਸਾਜਿਸ਼
ਜਾਂ ਕਿਸੇ ਆਸ਼ਿਕ ਦਾ ਧਰਵਾਸ

ਸੰਭਵ ਕਿਵੇਂ ਹੈ
ਚਕੋਰ ਦਾ ਚੰਨ ਨੂੰ ਦੇਖ ਪਾਉਣਾ
ਜਦੋਂ
ਚਕੋਰ ਦੀਆਂ ਅੱਖਾਂ
ਤੇ ਚੰਨ ਦੀਆਂ ਰਿਸ਼ਮਾਂ ਵਿਚਕਾਰ ਨੇ
ਹਜ਼ਾਰਾਂ ਰੁਕਾਵਟਾਂ
ਜੰਮੀ ਹੈ ਗਹਿਰੀ ਧੁੰਧ
ਜਾਤਾਂ ਦੀ, ਧਰਮਾਂ ਦੀ
ਭਾਸ਼ਾ ਦੀ, ਕੌਮੀਅਤਾਂ ਦੀ

ਜੇ ਕਰ ਬੈਠੇ ਕਦੇ ਕੋਈ ਚਕੋਰ
ਉਪਦੇਸ਼ਾਂ ਦੀ ਅਫ਼ੀਮ ਖਾ
ਹੌਂਸਲਾ ਧੁੰਧ ਪਾਰ ਦੇਖਣ ਦਾ
ਤਾਂ ਆ ਵੱਜਦੀਆਂ ਨੇ
ਤ੍ਰਿਸ਼ੂਲਾਂ ਕਿਰਪਾਨਾਂ ਅੱਖਾਂ 'ਚ
ਕਰ ਦਿੰਦੀ ਹੈ ਉਸਦਾ ਮੂੰਹ ਵਿੰਗਾ
ਸਰਬਲੋਹ ਦੀ ਲਿਸ਼ਕੋਰ
ਤੇ ਚੰਨ ਕੋਲ਼ ਆ ਜਾਂਦੇ ਨੇ
ਰਾਹੂ ਕੇਤੂ ਵਹੀ ਖਾਤੇ ਲੈ ਕੇ
ਚੰਨ ਵਿਚਾਰਾ ਲਕੋ ਲੈਂਦਾ ਹੈ ਮੂੰਹ
ਕਦੇ ਕਿਸੇ ਮਨੂ ਦੀ ਧੋਤੀ 'ਚ
ਕਦੇ ਕਿਸੇ ਮਨੂ ਦੀ ਪੱਗ ਪਿੱਛੇ

ਤੇ ਚੰਨ ਬਣਿਆ ਰਿਹਾ ਸਦਾ
ਚਕੋਰਾਂ ਦੇ ਹਜੂਮ ਲਈ
ਇੱਕ ਸੁਪਨਾ ਸਵਰਗ ਦਾ....

Sunday, September 6, 2009

ਵੈਸੇ ਹੀ....

ਮੌਸਮ ਵੀ ਹੋ ਰਿਹਾ ਹੈ ਕਾਤਿਲ਼
ਵਾਰ ਵਾਰ
ਕਤਲ਼ ਹੋ ਜਾਣ ਦੀ
ਮਨਸ਼ਾ ਵੀ ਹੈ
ਤੇ ਚਾਅ ਵੀ
ਸਿਰਫ਼ ਤਲਾਸ਼ ਹੈ
ਕਾਤਿਲ਼ ਦੀ
ਜਿਸ ਦੇ ਹੱਥਾਂ ਵਿੱਚ ਹੋਵੇ
ਖੰਜਰ ਹੁਸਨ ਦਾ
ਤੇ ਨੈਣਾਂ ਵਿੱਚ ਪਿਆਰ ਦੀ ਰੋਸ਼ਨੀ....