Thursday, October 22, 2009

ਹਿੰਸਾ-ਅਹਿੰਸਾ

ਕੋਈ ਸਮਾਂ ਸੀ
ਮਨੁੱਖ ਹਾਲੇ ਸੱਭਿਅਕ ਨਹੀਂ ਸੀ
ਹਿੰਸਾ ਅਹਿੰਸਾ
ਦਾ ਫਰਕ ਨਹੀਂ ਸੀ
ਬੱਸ ਸੰਘਰਸ਼ ਸੀ
ਜਿੰਦਾ ਰਹਿਣ ਲਈ

ਫਿਰ ਇੱਕ ਦਿਨ
ਇਹ ਧਰਤ
ਸੁਹਾਵੀ ਵੰਡੀ ਗਈ
ਦੋ ਟੋਟਿਆਂ ਵਿੱਚ
ਸਾਹਮਣੇ ਆ ਗਈਆਂ
ਹਿੰਸਾ ਅਹਿੰਸਾ ਦੀਆਂ ਪਰਿਭਾਸ਼ਾਵਾਂ
ਅਹਿੰਸਾ ਹੋ ਗਈ

ਵੇਚਣਾ ਬਾਜ਼ਾਰਾਂ 'ਚ ਇਨਸਾਨਾਂ ਨੂੰ
ਲੜਾਨਾ ਆਪਸ ਵਿੱਚ 'ਗਲੇਡੀਏਟਰ' ਦੇ ਨਾਂ ਤੇ
ਮਜ਼ਾ ਲੈਣਾ ਮੌਤ ਦੇ ਖੇਲ ਦਾ
ਟੰਗ ਦੇਣਾ ਸੂਲੀਆਂ ਤੇ ਪੰਜ ਹਜ਼ਾਰ ਗੁਲਾਮਾਂ ਨੂੰ

ਹਿੰਸਾ ਹੋ ਗਈ
'ਸਪਾਰਟਕਸ' ਬਣਨਾ
ਬਗਾਵਤ ਕਰਨਾ
ਗੁਲਾਮੀ ਦੇ ਖਿਲਾਫ਼
ਸੇਧ ਲੈਣੇ ਨੇਜ਼ੇ ਦਰਸ਼ਕਾਂ ਵੱਲ
ਕਿਤੇ ਹੋਰ ਹਿੰਸਾ ਸੀ
ਭੁਲੇਖੇ ਨਾਲ ਸੁਣ ਲੈਣੇ
ਚਾਰ ਅੱਖਰ ਇਲ਼ਮ ਦੇ
ਅਤੇ ਅਹਿੰਸਾ ਸੀ ਢਾਲ ਦੇਣਾ ਸਿੱਕਾ
ਗੁਸਤਾਖ ਕੰਨਾਂ ਵਿੱਚ

ਸਮਾਂ ਬਦਲਿਆ
ਇਤਿਹਾਸ ਨੇ ਕਰਵਟ ਲਈ
ਹਿੰਸਾ ਅਹਿੰਸਾ ਦੀ ਪਰਿਭਾਸ਼ਾ
ਨੇ ਰੂਪ ਬਦਲੇ
ਅਹਿੰਸਾ ਹੋ ਗਈ ਸੀ ਹੁਣ
ਲੋਕਾਂ ਦੀ ਕਮਾਈ ਤੇ
ਯੱਗ ਕਰਨੇ, ਯੱਗ ਖਾਣੇ
ਦੇਣੀ ਬਲੀ ਧਰਮ ਦੇ ਨਾਂ
ਬੇਜ਼ੁਬਾਨ ਜਾਨਵਰਾਂ ਦੀ
ਹਰ ਨਵੀਂ ਵਿਆਹੀ ਨੂੰ
ਪਹਿਲੀ ਰਾਤ ਹਵੇਲੀ ਬਿਠਾਉਣਾ
ਤੇ ਵਿਧਵਾ ਨੂੰ ਜਿੰਦਾ ਜਲਾਉਣਾ
ਹਿੰਸਾ ਸੀ
ਹੁਣ
ਚੁੱਕ ਲੈਣਾ
ਅੱਖ ਉਤਾਂਹ ਨੂੰ ਕਿਸੇ ਕਿਸਾਨ ਦਾ
ਮੰਗ ਲੈਣਾ
ਆਪਣੀ
ਹੀ ਮਿਹਨਤ ਦਾ ਇੱਕ ਹਿੱਸਾ
ਸਿੱਧ ਕਰ ਦੇਣਾ ਕਿਸੇ ਵਿਗਿਆਨੀ ਦੁਆਰਾ
ਧਰਤੀ ਘੁੰਮਦੀ ਸੂਰਜ ਦੁਆਲੇ
ਤੇ ਪੁਨਰ-ਜਨਮ ਹੈ ਇੱਕ ਛਲਾਵਾ

ਫਿਰ ਸਾਲ ਲੰਘੇ, ਰੁੱਤਾਂ ਫਿਰੀਆਂ
ਸਿੰਘਾਸਨ ਹਿੱਲੇ, ਹਕੂਮਤਾਂ ਗਿਰੀਆਂ
ਮਿਹਨਤਕਸ਼ਾਂ ਨੂੰ
ਮਿਲੀਆਂ ਖੁਸ਼ੀਆਂ ਥੋੜ-ਚਿਰੀਆਂ
ਬਸਤੀਵਾਦ ਦੀਆਂ ਘਟਾਵਾਂ ਘਿਰੀਆਂ
ਆਇਆ ਫਿਰ
ਅਹਿੰਸਾ ਦਾ
ਇੱਕ ਪੁਜਾਰੀ ਥੋਥਾ
ਦਿੰਦਾ ਫਿਰੇ ਹੋਕਾ
ਹੱਕ ਮੰਗਣੇ ਆਪਣੇ
ਬੁਲੰਦ ਆਵਾਜ਼ ਵਿੱਚ
ਹਿੰਸਾ ਹੈ |
ਹੱਕ ਮੰਗੋ
ਪਿਆਰ ਨਾਲ, ਮਿੰਨਤ ਨਾਲ
ਗੋਡੇ ਰਗੜ ਕੇ
ਕਾਗਜ਼ੀ ਤੀਰਾਂ ਨਾਲ
ਮਿੱਤਰਤਾਪੂਰਵਕ
ਲੜ ਝਗੜ ਕੇ

ਖੁੱਲ ਗਈਆਂ ਦੁਨੀਆਂ ਭਰ ਵਿੱਚ
ਕਾਗਜ਼ੀ ਤੀਰਾਂ ਦੀਆਂ ਕਈ ਦੁਕਾਨਾਂ
ਕੁਝ ਪ੍ਰਾਈਵੇਟ, ਕੁਝ ਸਰਕਾਰੀ
ਕੁਝ ਪਬਲਿਕ- ਪ੍ਰਾਈਵੇਟ ਸਾਂਝੇਦਾਰੀ
ਬਣ ਗਏ ਕਮਿਸ਼ਨ
ਮਨੁੱਖੀ ਹੱਕਾਂ ਦੇ
ਇਸਤਰੀ ਅਧਿਕਾਰਾਂ ਦੇ

ਪਰ ਸਮਾਂ ਹੈ ਕਿ ਅੱਗੇ ਵੱਧਦਾ ਹੈ
ਸਮਾਜ ਹੋਰ ਤਰੱਕੀ ਕਰਦਾ ਹੈ
ਕਾਗਜ਼ੀ ਤੀਰ ਵੀ
ਨਵੇਂ ਹਿਸਾਬ ਕਿਤਾਬ ਅਨੁਸਾਰ
ਆ ਗਏ ਨੇ
ਹਿੰਸਾ ਦੀ ਪਰਿਭਾਸ਼ਾ ਥੱਲੇ
ਕਹਿੰਦੇ ਨੇ ਹੁਣ ਅਹਿੰਸਾ ਦੇ ਝੰਡਾਬਰਦਾਰ
ਲਿਖ ਕੇ ਦਿਉ
'ਇਨਫਰਮੇਸ਼ਨ' ਲੈ ਲਵੋ
ਮੰਗਣਾ ਬੰਦ ਕਰੋ
ਜੇ ਬਹੁਤੀ ਅੱਗ ਹੈ
'PIL' ਲਗਾ ਦਵੋ
ਦੇਖਾਂਗੇ
ਵਾਚਾਂਗੇ
ਦੇ ਦਵਾਂਗੇ ਕੋਈ ਫੈਸਲਾ
ਜਦੋਂ ਤੇਰੇ ਪੋਤੇ-ਪੋਤੀਆਂ ਵੱਡੇ ਹੋਣਗੇ
ਕਰ ਲੈਣਗੇ ਪ੍ਰਾਪਤ
ਫੈਸਲੇ ਦੀ ਕਾਪੀ

ਛੇਤੀ ਹੀ ਮਨੁੱਖ ਹੋਰ ਤਰੱਕੀ ਕਰੇਗਾ
(ਸ਼ਾਇਦ ਅਸੀਂ ਵੀ ਦੇਖ ਪਾਵਾਂਗੇ
ਤਰੱਕੀ ਦਾ
ਇਹ ਨਵਾਂ ਧਰਾਤਲ/ਰਸਾਤਲ)
ਸੱਭਿਅਤਾ ਅੱਗੇ ਵਧੇਗੀ
ਇਤਿਹਾਸ ਦਾ ਚੱਕਾ ਘੁੰਮੇਗਾ
ਸਾਹ ਲੈਣਾ
ਹਿੰਸਾ ਹੋਵੇਗਾ
ਦਿਲ ਦਾ ਧੜਕਨਾ
ਹਿੰਸਾ ਹੋਵੇਗਾ
ਖੂਨ ਦੀ ਹਰਕਤ ਰਗਾਂ ਵਿੱਚ
ਹਿੰਸਾ ਹੋਵੇਗਾ
ਦੇਖਣਾ, ਸੁਣਨਾ
, ਸੋਚਣਾ
ਮਹਿਸੂਸ ਕਰਨਾ
ਸਭ ਹਿੰਸਾ ਹੋਵੇਗਾ

ਤੇ ਇਸ ਤੋਂ ਅੱਗੇ ਦੀਆਂ ਪਰਿਭਾਸ਼ਾਵਾਂ
ਸ਼ਾਇਦ ਮੁਰਦੇ ਘੜਨਗੇ...??

1 comment: