Saturday, November 22, 2014

ਸਮੁੰਦਰ : ਕੁਝ ਪ੍ਰਭਾਵ

1
ਸਮੁੰਦਰ 
ਅੱਗੇ ਵਧਦਾ ਹੈ 
ਪਿੱਛੇ ਹਟਦਾ ਹੈ 
ਫਿਰ ਅੱਗੇ ਵਧਦਾ ਹੈ
ਸਮੁੰਦਰ ਅੱਗੇ ਵਧਦਾ ਹੈ 
ਫਿਰ ਪਿੱਛੇ ਹੱਟਦਾ ਹੈ 

ਮੁੜ ਅੱਗੇ ਵਧਣ ਲਈ 

2
ਪਿੱਛੇ ਹਟਦਾ ਸਮੁੰਦਰ 
ਧੁੱਪ ਲਵਾਉਂਦਾ ਹੈ 
ਕੰਮ ਆ ਗਏ
ਘਰਾਂ, ਰੁੱਖਾਂ ਦੀਆਂ ਨਿਸ਼ਾਨੀਆਂ ਨੂੰ 
ਅੱਗੇ ਵਧਦਾ ਸਮੁੰਦਰ 
ਕੰਢੇ ਲਿਆ ਸੁੱਟਦਾ ਹੈ 
ਡੁੱਬ ਗਿਆਂ ਤੇ ਭੱਜ ਗਿਆਂ ਦੀਆਂ ਚੱਪਲਾਂ

3
ਸਮੁੰਦਰ 
ਕਦੇ ਥੱਕਦਾ ਨਹੀਂ
ਬੱਸ ਲਹਿਰਾਂ 
ਛੋਟੀਆਂ-ਵੱਡੀਆਂ ਹੁੰਦੀਆਂ ਹਨ
ਲਹਿਰਾਂ ਕਦੇ ਖਤਮ ਨਹੀਂ ਹੁੰਦੀਆਂ
ਅਤੇ ਨਾ ਹੀ ਲਹਿਰਾਂ ਦਾ ਸੰਗੀਤ
ਇਹ ਬੱਸ ਕਦੇ ਕੁਝ ਦੂਰ
ਕਦੇ ਕੁਝ ਨੇੜੇ ਹੁੰਦਾ ਹੈ  

4
ਲਹਿਰਾਂ 
ਇੱਕੋ ਜਿਹੀਆਂ ਹੀ ਹੁੰਦੀਆਂ ਹਨ 
ਪਰ ਫਿਰ ਵੀ
ਬਿਲਕੁਲ ਇੱਕੋ ਜਿਹੀਆਂ ਨਹੀਂ ਹੁੰਦੀਆਂ

5
ਪਿੱਛੇ ਹੱਟਦੀ ਲਹਿਰ 
ਅੱਗੇ ਵਧਦੀਆਂ ਲਹਿਰਾਂ ਨੂੰ 
ਰੋਕਦੀ ਹੈ 
ਜਿੰਨੀ ਵੱਡੀ ਲਹਿਰ ਪਿੱਛੇ ਹਟਦੀ ਹੈ
ਓਨਾ ਹੀ ਵਧੇਰੇ 
ਰੋਕਦੀ ਹੈ
ਕਿੰਨੀਆਂ ਹੀ ਲਹਿਰਾਂ 
ਪਿੱਛੇ ਹਟਦੀ ਲਹਿਰ ਨੂੰ 
ਤੋੜਨ ਵਿੱਚ ਖਰਚ ਹੋ ਜਾਂਦੀਆਂ ਹਨ 
ਫਿਰ ਆਉਂਦੀ ਹੈ 
ਇੱਕ ਹੋਰ ਵੱਡੀ ਲਹਿਰ

6
ਅੱਗੇ ਵਧਦੀ ਲਹਿਰ 
ਧੱਕਦੀ ਹੈ 
ਪਿੱਛੇ ਹਟਦੀ ਲਹਿਰ 
ਪੈਰਾਂ ਥੱਲਿਓਂ 
ਜ਼ਮੀਨ ਖਿੱਚਦੀ ਹੈ 
ਡਿੱਗਣ ਦਾ ਖਤਰਾ 
ਦੋਵੇਂ ਵੇਲ਼ੇ ਬਰਾਬਰ ਹੁੰਦਾ ਹੈ 
ਡਿੱਗ ਪੈਂਦਾ ਹੈ ਉਹ ਵੀ 
ਜੋ ਨਾ ਅੱਗੇ ਵਧਦਾ ਹੈ 
ਨਾ ਪਿੱਛੇ ਹੱਟਦਾ ਹੈ

7
ਸਮੁੰਦਰ 
ਪੈਰਾਂ ਦੇ ਨਿਸ਼ਾਨ 
ਜਲਦੀ ਮਿਟਾ ਦਿੰਦਾ ਹੈ 
ਪੈਰਾਂ ਦੇ ਨਿਸ਼ਾਨ ਬਣੇ ਰਹਿਣ 
ਜ਼ਰੂਰੀ ਹੈ 
ਤੁਸੀਂ ਪੈਰ ਟਿਕਾਈ ਰੱਖੋ 
ਪੈਰ ਟਿਕਾਈ ਰੱਖਣ ਲਈ ਜ਼ਰੂਰੀ ਹੈ 
ਪਿੱਛੇ ਹਟਦੀ ਲਹਿਰ ਸਮੇਂ 
ਤੁਸੀਂ ਪੈਰ ਹਿਲਾ ਕੇ 
ਫਿਰ ਟਿਕਾਓ

8
ਲਹਿਰ ਅੱਗੇ ਵਧੇ 
ਜਾਂ ਲਹਿਰ ਪਿੱਛੇ ਹਟੇ 
ਘੁਮੇਰ ਨਾ ਚੜੇ,
ਪੈਰ ਜ਼ਮੀਨ 'ਤੇ ਜੰਮੇ ਰਹਿਣ 
ਇਸ ਲਈ ਲਾਜ਼ਮ ਹੈ 
ਨਜ਼ਰ ਟਿਕੀ ਰਹੇ 
ਦੂਰ ਆਸਮਾਨ ਉੱਤੇ 

9
ਸਮੁੰਦਰ ਦੇ ਬਿਲਕੁਲ ਨਾਲ-ਨਾਲ 
ਜ਼ਮੀਨ ਸਖ਼ਤ ਹੁੰਦੀ ਹੈ 
ਪੈਰ ਧਸਣ ਦਾ ਖਤਰਾ 
ਪਾਣੀ ਤੋਂ ਕੁਝ ਦੂਰ ਵਧੇਰੇ ਹੁੰਦਾ ਹੈ 
ਪੈਰ ਨਹੀਂ ਧੱਸਦੇ 
ਸਮੁੰਦਰ ਤੋਂ
ਮੁਕੰਮਲ ਦੂਰੀ ਬਣਾ ਕੇ ਰੱਖਣ ਉੱਤੇ ਵੀ 

10
ਪੋਲੀ ਰੇਤ ਵਿੱਚ 
ਖੁੱਡਾਂ ਪੁੱਟਣ ਵਾਲੇ ਜਾਨਵਰ
ਕਈ ਘੰਟੇ ਲਗਾਉਂਦੇ ਹਨ 
ਖੁੱਡਾਂ ਸਜਾਉਣ ਲਈ 
ਤੇ ਇੱਕੋ ਵੱਡੀ ਲਹਿਰ ਕਾਫੀ ਹੁੰਦੀ ਹੈ
ਖੁੱਡਾਂ ਵਿੱਚ ਹੜ੍ਹ ਲਿਆਉਣ ਲਈ  

11
ਲਹਿਰਾਂ ਨੂੰ ਬੰਨੋਗੇ 
ਸਮੁੰਦਰ ਪ੍ਰਚੰਡ ਹੋਵੇਗਾ
ਲਹਿਰਾਂ ਨੂੰ ਖੁੱਲ੍ਹ ਦੇਵੇਗੋ 
ਸਮੁੰਦਰ ਫੈਲੇਗਾ
ਕੰਢਿਆਂ ਦਾ 
ਇਹੀ ਦਵੰਦ ਹੈ

12
ਕੋਈ ਪੁੱਛੇਗਾ ਮੈਨੂੰ ਜੇਕਰ
ਸਮੁੰਦਰ ਦੇਖ 
ਕੌਣ ਚੇਤਿਆਂ ’ਚ ਘੁੰਮਦਾ ਹੈ ਤੇਰੇ
ਮੈਂ ਕਹਾਂਗਾ - ਮੇਰੇ ਲੋਕ 
ਤੇ ਜੇ ਕੋਈ ਪੁੱਛੇਗਾ ਮੈਨੂੰ 
ਆਪਣੇ ਲੋਕ ਦੇਖ 
ਤੈਨੂੰ ਕਿਸਦੀ ਯਾਦ ਆਉਂਦੀ ਹੈ
ਮੈਂ ਕਹਾਂਗਾ - 
ਸਮੁੰਦਰ.... 

Thursday, May 8, 2014

ਕਈ ਵਾਰ
ਸਹੀ ਦਿਸ਼ਾ ਦੀ ਪਹਿਚਾਣ ਲਈ 
ਸਹੀ ਦਿਸ਼ਾ ਬਣਾਈ ਰੱਖਣ ਲਈ
ਤੁਸੀਂ ਸਿਰਫ਼ ਮਹਿਸੂਸ ਕਰਨਾ ਹੁੰਦਾ ਹੈ 
ਤੇਜ਼ ਹਨੇਰੀ ਦੇ ਥਪੇੜਿਆਂ ਨੂੰ 
ਆਪਣੇ ਚਿਹਰੇ ਉੱਤੇ 
ਅਤੇ 
ਰੇਤੇ ਦੀ ਕਿਰਕ 
ਸੁੱਕੇ ਬੁੱਲ੍ਹਾਂ ਉੱਤੇ...

Friday, May 2, 2014

ਤਜ਼ਰਬਾ

ਜਦੋਂ ਉਹ ਕਹਿੰਦੇ ਹਨ
ਕਿ ਜਾਗਣ ਦਾ ਸਮਾਂ ਆ ਗਿਆ ਹੈ
ਮੈਂ ਚੁੱਪਚਾਪ ਅੱਖਾਂ ਬੰਦ ਕਰਕੇ 
ਸੁਫ਼ਨੇ ਦੇਖਦਾ ਹਾਂ 
ਜਦੋਂ ਉਹ ਕਹਿੰਦੇ ਹਨ
ਕਿ ਬੇਫਿਕਰੀ ਦੇ ਦਿਨ ਆ ਗਏ ਹਨ 
ਕਿ ਚੰਗੇ ਸੁਫ਼ਨੇ ਦੇਖੋ 
ਮੈਂ ਫਟਾਕ ਅੱਖਾਂ ਖੋਲਦਾਂ ਹਾਂ 
ਉਹਨਾਂ ਦੀਆਂ ਅੱਖਾਂ ਵਿੱਚ ਦੇਖਦਾ ਹਾਂ....

Thursday, April 10, 2014

ਉਮੀਦ

ਕਵਿਤਾ 
ਆਸ਼ਾਵਾਂ, ਕਲਪਨਾਵਾਂ, ਉਡੀਕਾਂ, ਸੁਫ਼ਨੇ
ਭਲਕ ਦੇ 
ਚਿੰਤਾਵਾਂ, ਉਲਝਣਾਂ, ਵਿਸ਼ਲੇਸ਼ਣ, ਯੋਜਨਾਵਾਂ
ਅੱਜ ਦੀਆਂ
ਦਰਦ, ਜ਼ਖਮ, ਸਬਕ, ਯਾਦਾਂ 
ਬੀਤੇ ਦੀਆਂ 
ਕਵਿਤਾ
ਵਰਣਨ, ਚਿਤਰਣ, ਹੁੰਗਾਰੇ, ਗੀਤ
ਸਫ਼ਰ ਦੇ
ਕਵਿਤਾ ਐਪਰ 
ਖੁਦ ਸਫ਼ਰ ਨਹੀਂ....

Wednesday, April 2, 2014

ਸਾਡਾ ਸਮਾਂ


ਲੋਅ ਫੁੱਟ ਚੁੱਕੀ
ਰਾਤ ਦਾ ਆਖਰੀ ਤਾਰਾ 
ਸਲੇਟੀ ਆਸਮਾਨ ਵਿੱਚ ਘੁਲ ਰਿਹਾ
ਸੂਰਜ ਦੇ ਚੜਨ ਵਿੱਚ ਦੇਰ ਹਾਲੇ
ਰੁੱਖਾਂ ਦੇ ਪੱਤੇ 
ਲੱਗਭੱਗ ਖਾਮੋਸ਼
ਦਿਸ਼ਾ ਸੂਚਕ ਯੰਤਰ
ਖੰਡ-ਖੰਡ ਜ਼ਮੀਨ 'ਤੇ ਵਿੱਖਰਿਆ...

Monday, March 31, 2014

ਉਦਾਸੀ

ਪਹੁ-ਫੁਟਾਲੇ ਤੋਂ ਬਿਲਕੁਲ ਪਹਿਲਾਂ 
ਚੜ੍ਹ ਆਈ ਘਟਾ,
ਮੱਸਿਆ ਤੋਂ ਅਗਲੀ ਸ਼ਾਮ ਨੂੰ 
ਖਿਆਲਾਂ ਵਿੱਚ ਲਟਕੀ
ਘੜੀ ਭਰ ਲਈ ਦਿਖੀ ਚੰਨ ਦੀ ਚਾਪ|

ਇੱਕ ਭੀੜ ਬੇਆਵਾਜ਼ 
ਜਾਂ ਰੌਲੇ-ਰੱਪੇ ਨਾਲ ਭਰੀ 
ਇਕੱਲਤਾ|
ਕਈ ਮਹੀਨਿਆਂ ਬਾਅਦ ਪੈਰਾਂ ਥੱਲੇ 
ਜ਼ਮੀਨ ਮਹਿਸੂਸ ਕਰਨ ਦੀ ਖੁਸ਼ੀ 
ਲਿਖਣੋਂ ਰਹਿ ਗਏ 
ਖਿਆਲਾਂ ਨਾਲ ਹਮਦਰਦੀ 
ਮੌਸਮ ਦਾ 
ਬੇਮੌਸਮਾ ਬਦਲਣਾ|
ਉਦਾਸੀ 
ਕੋਈ ਵੀ ਰੰਗ ਨਾਪਸੰਦ ਨਾ ਹੋਣਾ 
ਜਾਂ ਸਾਰੇ ਰੰਗ ਨਾਪਸੰਦ ਹੋਣੇ ਵੀ
ਹੱਸਣ ਤੋਂ ਕਦੇ ਵੀ 
ਅਕੇਵਾਂ ਨਾ ਹੋਣਾ 

ਕੁਝ ਪਲਾਂ ਲਈ ਇਕੱਲੇ ਰਹਿਣ ਦੀ
ਚਾਹਤ ਨਾ ਹੋਣਾ
ਜਾਂ ਚਾਹਤ ਹੋਣ ਦੇ ਬਾਵਜੂਦ 
ਇਕੱਲੇ ਨਾ ਰਹਿਣਾ
ਚਾਣਚੱਕ ਕਿਸੇ ਦੋਸਤ ਨੂੰ ਮਿਲਣ ਦੀ
ਤੀਬਰ ਇੱਛਾ ਉੱਠਣਾ 
ਜਾਂ ਕਿਸੇ ਦੇ ਵੀ ਅੰਦਰ ਆ ਜਾਣ ਲਈ 
ਕਮਰੇ ਦੀ ਚਿਟਕਣੀ ਖੋਲ ਕੇ 
ਕੁਰਸੀ 'ਤੇ ਬੈਠ ਜਾਣ|
ਬਿਨਾਂ ਭੁੱਖ ਤੋਂ ਖੂਬ ਖਾਣਾ 
ਭੁੱਖ ਲੱਗਣ 'ਤੇ ਸੈਰ ਨੂੰ ਨਿਕਲ ਜਾਣਾ 
ਸੌਣ ਤੋਂ ਪਹਿਲਾਂ ਕਾਲੀ ਕੌਫੀ ਪੀਣੀ 
ਲੰਮੇ ਸਮੇਂ ਲਈ 
ਕੋਈ ਕਿਤਾਬ ਨਾ ਪੜ੍ਹਨਾ 
ਜਾਂ ਇਕੋ ਹੀ ਕਿਤਾਬ 
ਜਾਂ ਇੱਕੋ ਤਰ੍ਹਾਂ ਦੀਆਂ ਕਿਤਾਬਾਂ ਪੜ੍ਹੀ ਜਾਣੀਆਂ
ਉਦਾਸੀ 
ਕਿਸੇ ਨੂੰ ਵੀ ਪਿਆਰ ਨਾ ਕਰ ਸਕਣਾ|
ਇੱਛਾ ਨਾ ਹੋਣ ਦੇ ਬਾਵਜੂਦ 
ਜ਼ਿੱਦ, ਇਕੱਲੇ ਰਹਿਣ ਦੀ .....

Tuesday, March 25, 2014

ਸੰਘਣੇ ਹਨੇਰੇ ਵਿੱਚ
ਘਣੇ ਜੰਗਲ 'ਚੋਂ ਗੁਜ਼ਰਦਾ 
ਇੱਕ ਰਾਹੀ
ਪਹੁ-ਫੁਟਾਲੇ ਦੇ ਨੇੜੇ ਹੋਣ ਦਾ ਅਹਿਸਾਸ
ਮੈਦਾਨੀ ਘਾਹ ਦੀ ਖੁਸ਼ਬੂ 
ਨੱਕ ਨੂੰ ਛੇੜਦੀ ਹੋਈ
ਰਾਹਗੀਰ ਦੇ ਤੇਜ਼,
ਕਾਹਲੇ ਪਏ ਖੁਸ਼-ਕਦਮ 
ਪ੍ਰੰਤੂ ਜ਼ਿਹਨ ਵਿੱਚ ਗੂੰਜ ਰਹੀ 
ਅਜੇ ਵੀ ਡੂੰਘੀ 
ਐਪਰ ਰੂਹ ਨੂੰ ਨਸ਼ਿਆਉਣ ਵਾਲੀ
ਸਫ਼ਰ ਦੀ ਉਦਾਸੀ .....

ਨਜ਼ਮ

ਇਹ ਜੋ ਸਾਗਰ ਦੀ ਹਲਚਲ
ਇਹ ਜੋ ਲਹਿਰਾਂ ਦਾ ਸ਼ੋਰ ਹੈ|
ਡੋਲੇ ਪਾਣੀ 'ਤੇ ਜਦ ਕਿਸ਼ਤੀ 
ਚੜ੍ਹਦੀ ਦਿਲ ਨੂੰ ਲੋਰ ਹੈ|

ਦੀਵੇ ਜਗਦੇ ਜੇ ਬੁਝਾਉਂਦੀ 
ਅੱਗ ਫੈਲਾਉਂਦੀ ਵੀ ਏ ਹਵਾ,
ਸੁਲਗਾ ਸਹੀ ਤਾਂ ਇੱਕ ਚਿੰਗਾੜੀ 
ਜੇ ਹਨੇਰੀਆਂ ਦਾ ਜ਼ੋਰ ਹੈ|

ਜੋ ਧਰੂ ਦੇਖ ਤੁਰਦੇ ਨੇ
ਉਹ ਝਾਕ ਰੱਖਦੇ ਨੀ ਚੰਨ ਦੀ,
ਉਹਨਾਂ ਦੇ ਰਸਤੇ ਹੋਰ ਨੇ 
ਉਹਨਾਂ ਦੀ ਮੰਜ਼ਿਲ ਹੋਰ ਹੈ|

ਰਾਤ ਬਣ ਕੇ ਵੀ ਆਏ 
ਚਾਹੇ ਧੁੰਦ ਬਣ ਛਾ ਜਾਏ,
ਨਾ ਕਦੇ ਛੁਪ ਨੇਰਾ ਸਕੇ 
ਐਸੀ ਸੂਰਜ ਦੀ ਲਿਸ਼ਕੋਰ ਹੈ|

Thursday, March 20, 2014

1.
दीवार घड़ी की 
टिक-टिक टिक-टिक
दिल धड़कता जाता 
लब-डब लब-डब
भविष्य वर्तमान
वर्तमान अतीत 
अतीत ठहरा हुआ
लेकिन हम चलते हैं 
अतीत से वर्तमान 
वर्तमान से भविष्य 
भविष्य हमेशा 
एक सपना 
गतिशील......

2.
ठहरा हुआ अतीत 
अतीत ठहरा हुआ 
नहीं! नहीं!
जो ठहरा 
वह अतीत....

Monday, March 3, 2014

ਓ ਭਵਿੱਖ

ਓ ਭਵਿੱਖ 
ਤੇਰੇ ਲਈ 
ਮੇਰੀ ਰੂਹ ਦੀ ਸਮੁੱਚੀ ਸ਼ਕਤੀ 
ਆਸ਼ਾਵਾਂ, ਕਲਪਨਾਵਾਂ,
ਯੋਜਨਾਵਾਂ,
ਸੋਚਾਂ, ਤੇ ਲੋਚਾਂ 
ਓ ਭਵਿੱਖ, ਤੇਰੇ ਲਈ !
ਤੇਰੇ ਲਈ,
ਸਾਰੀਆਂ....

ਪਹਾੜਾਂ ਦੀਆਂ
ਯਾਤਰਾਵਾਂ ਨਿਆਰੀਆਂ 
ਝਰਨਿਆਂ ਦੀਆਂ ਕਲ-ਕਲਕਾਰੀਆਂ
ਸੁਪਨਿਆਂ ਦੇ 'ਕਾਸ਼ ਵਿੱਚ 
ਲੱਗਦੀਆਂ ਜੋ ਤਾਰੀਆਂ 
ਇਤਿਹਾਸ ਵੱਲ ਨੂੰ ਭਰੀਂਦੀਆਂ 
ਉਕਾਬੀ ਉਡਾਰੀਆਂ 
ਓ ਭਵਿੱਖ, ਤੇਰੇ ਲਈ ! 
ਤੇਰੇ ਲਈ, 
ਸਾਰੀਆਂ..... 

ਸਮੇਂ ਨੂੰ ਜਲਾਉਂਦੀਆਂ, ਪਿਆਰ ਦੀਆਂ ਤ੍ਰਾਟਾਂ,
ਅੱਗ ਦੀਆਂ ਲਾਟਾਂ, ਦਿਲ-ਖਿੱਚਵੀਆਂ ਵਾਟਾਂ,
ਮੇਲ-ਮਿਲਾਪ ਦੀਆਂ 
ਜਾਗ ਜਾਗ ਲੰਘਦੀਆਂ, ਰਾਤਾਂ ਪਿਆਰੀਆਂ,
ਸਿਰ ਨੂੰ ਖੁਮਾਰੀਆਂ, ਨਵੀਂਆਂ ਜਾਣਕਾਰੀਆਂ,
ਭਲਕ ਦੇ ਅਲਾਪ ਦੀਆਂ
ਇੱਕ ਤਸਵੀਰ ਬਣਾਉਣ ਦੀਆਂ ਖਾਹਿਸ਼ਾਂ
ਲਈ ਰੰਗਾਂ ਦੀਆਂ ਤਾਂਘਾਂ,
ਨਿੱਕੀਆਂ ਜਾਂ ਵੱਡੀਆਂ 
ਸਾਰੀਆਂ ਪੁਲਾਂਘਾਂ,
ਉਹਦੇ ਸਵਾਲਾਂ ਦੀਆਂ 
ਸਲੀਬਾਂ ਜੋ ਭਾਰੀਆਂ
ਜਵਾਬ 'ਚ ਸੁਣਾਈਆਂ ਮੈਂ
ਉਮੀਦਾਂ ਜੋ ਸਾਰੀਆਂ 
ਗੀਤਾਂ ਦੀਆਂ ਧੁਨ-ਕਾਰੀਆਂ,
ਓ ਭਵਿੱਖ, ਤੇਰੇ ਲਈ !
ਤੇਰੇ ਲਈ, 
ਸਾਰੀਆਂ.....

Monday, February 24, 2014

ਬੇਘਰ ਲੋਕ

ਇੱਟਾਂ ਪੱਥਦੇ
ਭੱਠੇ ਮਘਾਉਂਦੇ
ਬੇਘਰ ਲੋਕ
ਘਰ ਦਾ ਸੁਫ਼ਨਾ ਅੱਖੀਂ ਸੰਜੋ ਕੇ
ਨੀਹਾਂ ਪੁੱਟਦੇ
ਰੋੜੀ ਕੁੱਟਦੇ|

ਭੱਠੇ ਅੰਦਰ ਅੱਗ ਦਾ
ਦੈਂਤ ਜਾਗਿਆ
ਮੂੰਹੋਂ ਗਰਮ ਇੱਟਾਂ ਉਗਲਦਾ
ਠੰਢੇ ਹੱਥੀਂ ਬੋਚਦੇ
ਬੇਘਰ ਲੋਕ
ਘਰ ਦਾ ਸੁਫ਼ਨਾ ਅੱਖੀਂ ਸੰਜੋ ਕੇ
ਦੀਵਾਰਾਂ ਉਸਾਰਦੇ
ਲੈਂਟਰ ਪਾਉਣ ਲਈ 
ਇੱਟਾਂ ਵਗਾਰਦੇ|

ਭੱਠੇ ਬੰਦ
ਘਰ ਬਣ ਵੀ ਚੁੱਕੇ
ਖਾਲੀ ਦੇ ਖਾਲੀ
ਬੇਘਰ ਲੋਕ
ਘਰ ਦਾ ਸੁਫ਼ਨਾ ਅੱਖੀਂ ਸੰਜੋ ਕੇ
ਰੋਟੀ ਲੱਭਦੇ 
ਠੇਕੇਦਾਰ ਦੀਆਂ 
ਪੈੜਾਂ ਨੱਪਦੇ

ਘਰ ਦਾ ਸੁਫ਼ਨਾ ਅੱਖੀਂ ਸੰਜੋ ਕੇ
ਘਰਾਂ ਵਾਲਿਆਂ ਲਈ
ਘਰ ਬਣਾਉਂਦੇ
ਰਹੇ
ਬੇਘਰ ਲੋਕ
ਖੁਦ ਬੇਘਰ ਹੀ
ਘਰ ਦਾ ਸੁਫ਼ਨਾ ਅੱਖੀਂ ਸੰਜੋ ਕੇ.... 
ਉਹ 
ਪਤਝੜ ਦੀ ਰੁੱਤੇ
ਵਿਸ਼ਾਲ ਰੁੱਖ ਦੀ 
ਦੂਰ ਦੀ ਟਾਹਣੀ ਉੱਤੇ ਬਚਿਆ 
ਆਖਰੀ ਪੱਤਾ ਸੀ ਉਦੋਂ
ਜਦੋਂ ਕਕਰੀਲੇ ਸਿਆਲਾਂ ਦੀਆਂ 
ਸਰਦ ਹਵਾਵਾਂ ਵਿੱਚ 
ਲੈਨਿਨਗਰਾਦ 
ਘੇਰਾਬੰਦੀ ਵਿੱਚ ਸੀ
ਉਸਨੇ ਖੁਦ ਨੂੰ ਖੁਦ ਵਿੱਚ ਹੀ 
ਵਲੇਟ ਕੇ ਰੱਖਿਆ 
ਯਾਦਾਂ, ਸੁਪਨੇ, ਵਿਚਾਰ 
ਯੋਜਨਾਵਾਂ
ਤੇ ਕਵਿਤਾਵਾਂ ਨੂੰ
ਸਭ ਤੋਂ ਅੰਦਰਲੀਆਂ ਪਰਤਾਂ ਵਿੱਚ 
ਸਦਾ ਨਿੱਘਿਆਂ ਰੱਖਿਆ
ਜਦ ਵੀ ਸੂਰਜ 
ਧਰਤੀ ਦੇ ਬੂਹੇ ਜੋਗੀ ਵਾਂਗ ਆਉਂਦਾ 
ਉਹ 
ਵਕਤ ਦੀ ਜੇਲ੍ਹ ਦਾ ਕੈਦੀ 
ਉੱਚੀ-ਉੱਚੀ ਅਵਾਜ਼ 'ਚ ਗਾਉਂਦਾ 
ਇਹਨਾਂ ਨੂੰ 
ਧੁੱਪ ਦੇਣ ਲਈ ਲੈ ਕੇ ਜਾਂਦਾ 
ਹੁਣ ਜਦੋਂ ਰੁੱਖ ਉੱਤੇ
ਨਵੇਂ ਪੱਤਿਆਂ ਦੇ ਨਿਸ਼ਾਨ ਦਿਖਣ ਲੱਗੇ ਹਨ 
ਸੂਰਜ ਵੀ
ਵੱਡੇ ਦਿਨਾਂ ਦੀਆਂ ਛੁੱਟੀਆਂ ਤੋਂ ਪਰਤ ਆਇਆ ਹੈ 
ਉਹ ਅਕਸਰ ਮਿਲਦਾ ਹੈ 
ਯਾਦਾਂ, ਸੁਪਨੇ, ਵਿਚਾਰ 
ਯੋਜਨਾਵਾਂ
ਤੇ ਕਵਿਤਾਵਾਂ 
ਦਾ ਭਰਿਆ ਹੋਇਆ ਆਪਣਾ ਝੋਲਾ 
ਸਮੁੰਦਰ ਨੂੰ ਪਹਿਲੀ ਵਾਰ ਦੇਖ ਕੇ ਆਏ
ਜਵਾਨੀ 'ਚ ਪੈਰ ਧਰ ਰਹੇ ਵਿਅਕਤੀ ਵੱਲੋਂ 
ਆਪਣੇ ਸਭ ਤੋਂ ਕਰੀਬੀ ਮਿੱਤਰਾਂ ਲਈ ਇਕੱਠੇ ਕੀਤੇ 
ਰੰਗ-ਬਰੰਗੇ, ਤੇ ਕਦੇ-ਕਦੇ ਅਦਭੁੱਤ ਰੰਗਾਂ-ਅਕਾਰਾਂ ਵਾਲੇ 
ਸਿੱਪੀਆਂ, ਘੋਗਿਆਂ ਦੇ ਭਰੇ 
ਲਿਫਾਫੇ ਵਾਂਗ 
ਖੋਲ ਦਿੰਦਾ ਹੈ...

Friday, February 21, 2014

ਉਹ ਹਨੇਰੇ ਖਿਲਾਫ਼ ਲੜਨ ਲਈ
ਘਰੋਂ ਨਿਕਲੇ
ਤੇ ਜਾਂਦੇ-ਜਾਂਦੇ ਆਪਣੀਆਂ ਅੱਖਾਂ

ਘਰੇ ਭੁੱਲ ਗਏ
ਕੁਝ ਰਾਤਾਂ ਤੁਰਨ ਤੋਂ ਬਾਅਦ
ਹਨੇਰੇ ਦੀ ਚੁੱਪ ਤੋਂ
ਡਰ ਗਏ
ਇੰਨਾ ਡਰੇ ਕਿ
ਖਟਮਲਾਂ, ਕਾਕਰੋਚਾਂ ਨਾਲ ਗੱਲ੍ਹਾਂ ਕਰਕੇ
ਇਕੱਲਪੁਣਾ ਭਜਾਉਣ ਲਈ

ਤਰਲੋਮੱਛੀ ਹੋਣ ਲੱਗੇ
ਅਤੇ
ਰਾਤ ਨੂੰ ਰੋਂਦੇ ਕੁੱਤਿਆਂ ਦੀਆਂ
ਆਵਾਜ਼ਾਂ ਨੂੰ
ਭਵਿੱਖ ਦਾ ਗੀਤ ਸਮਝ ਬੈਠੇ....

Sunday, February 2, 2014

ਦਸੰਬਰ

ਦਸੰਬਰ
ਕੁਝ ਕਾਹਲੀਆਂ
ਨਵੇਂ ਸਾਲ ਦੀ ਦਸਤਕ ਤੋਂ ਪਹਿਲਾਂ 
ਕੁਝ ਕੰਮਾਂ ਨੂੰ ਨੇਪਰੇ ਚਾੜਨ ਦੀਆਂ
ਕੁਝ ਸੁਸਤੀਆਂ, ਘੌਲਾਂ 
ਕਿ ਚੱਲ
"ਨਵੇਂ ਸਾਲ 'ਚ ਦੇਖਾਂਗੇ!"

ਦਸੰਬਰ
ਗੱਚਕਾਂ, ਚਾਹ ਦੀਆਂ ਚੁਸਕੀਆਂ 
ਪ੍ਰੋਗਰਾਮ ਆਇਰਿਸ਼ ਕੋਫੀ ਦੇ
ਕੋਟ ਦੀਆਂ ਜੇਬਾਂ 'ਚ ਹੱਥ ਪਾਕੇ 
ਦੋਸਤਾਂ ਨਾਲ ਗੱਪਾਂ
ਦੇਖਣਾ ਹਵਾ 'ਚ ਖਿੰਡਦੇ 
ਆਪਣੇ ਹੀ ਸਾਹਾਂ ਨੂੰ
ਤੇ ਸੋਚਣਾ 
ਸਾਹ ਲੈਣ ਜਿੰਨੀ ਸ਼ਾਨਦਾਰ ਕਿਰਿਆ ਨਹੀਂ ਹੋਣੀ ਕੋਈ
ਕਿ ਦਿਲ ਧੜਕਦਾ 
"ਮੈਨੂੰ ਭੁੱਲ ਗਿਐਂ!"

ਦਸੰਬਰ
ਡੇਂਗੂ, ਚਿਕਨਗੁਨੀਆ, ਮਲੇਰੀਏ ਤੋਂ ਮੁਕਤੀ
ਸ਼ੁਰੂਆਤ ਕੁਝ ਦਿਨਾਂ ਦੇ ਸਿਹਤਮੰਦ ਸੀਜ਼ਨ ਦੀ
ਕਿਰਤੀਆਂ ਲਈ 
ਤੇ ਵਿਹਲੜਾਂ, ਮੋਟਿਆਂ ਲਈ ਧੁੜਕੂ
ਨਿਮੋਨੀਏ, ਹਰਟਅਟੈਕ ਦਾ

ਦਸੰਬਰ
ਕਸਮਾਂ, ਪ੍ਰਣ
ਸਭ ਕਮਜ਼ੋਰੀਆਂ ਨੂੰ 
ਇੱਕ ਜਨਵਰੀ ਵਾਲੇ ਦਿਨ 
"ਵਿਅਕਤੀਗਤ ਇਤਿਹਾਸ ਦੇ ਕੂੜੇਦਾਨ" 'ਚ 
ਸੁੱਟ ਦੇਣ ਦੇ
ਜਾਣਦੇ ਹੋਏ ਕਿ 
ਇਹਨਾਂ 'ਚੋਂ ਕੁਝ ਨੂੰ ਸੁੱਟ ਪਾਵਾਂਗਾ
ਤੇ ਕੁਝ ਪੁਰਾਣੀਆਂ ਦੇ ਨਾਲ 
ਕੁਝ ਨਵੀਆਂ ਹੋਰ ਸ਼ਾਇਦ
ਫਿਰ ਬਣਨਗੀਆਂ ਸਬੱਬ ਅਗਲੇ ਦਸੰਬਰ
ਕਸਮਾਂ, ਪ੍ਰਣ ਲੈਣ ਦੀਆਂ

ਦਸੰਬਰ
ਸਹੁੰਆਂ
ਧਮਕੀਆਂ ਖੁਦ ਨੂੰ 
ਮੇਜ਼ 'ਤੇ ਚਾਕੂ ਰੱਖ ਕੇ 
ਕੁਝ ਜ਼ਖਮਾਂ ਨੂੰ ਪੱਕੇ ਤੌਰ 'ਤੇ ਸਿਉਂ ਦੇਣਦੀਆਂ 
ਤੇ ਦਿਲ ਦੇ ਕਿਸੇ ਕੋਨੇ 
ਕੁਝ ਜ਼ਖਮਾਂ ਨੂੰ ਲੁਕੋ ਲੈਣਾ 
ਖੁਦ ਹੀ

ਦਸੰਬਰ
ਗਮੀਆਂ
ਝੜ ਗਏ, ਝੜ ਰਹੇ ਪੱਤਿਆਂ ਲਈ
ਉਮੀਦਾਂ
ਇੱਕ ਬਸੰਤ ਦੇਖਣ ਦੀਆਂ 
ਉਦਾਸੀਆਂ
ਠੰਢਾਂ ਪਸਰਨ ਦੀਆਂ 
ਖੁਸ਼ੀਆਂ
ਠੰਢ 'ਚੋਂ ਗੁਜ਼ਰਨ ਦੀਆਂ 
ਤੌਖਲੇ 
ਧੁੰਦ ਦੇ ਪਿੱਛੇ ਲੁਕੇ ਅਦਿੱਖ ਦੇ 
ਪਕਿਆਈਆਂ
ਧੁੰਦ ਦੇ ਪਾਰ ਦੇਖਣ ਦੀਆਂ 
ਮਾਣ ਕੁਝ ਜਿੱਤਾਂ ਦਾ
ਤ੍ਰਿਸਕਾਰ ਕੁਝ ਹਾਰਾਂ 'ਤੇ
ਤੇ ਮਾਣ ਕੁਝ ਹਾਰਾਂ 'ਤੇ 
ਤ੍ਰਿਸਕਾਰ ਕੁਝ ਜਿੱਤਾਂ ਨੂੰ 

ਦਸੰਬਰ 
ਅਲਵਿਦਾ ਵੀ
ਸੁਆਗਤ ਵੀ...

Saturday, January 18, 2014

ਲੰਬੀ ਰਾਤ ਦੀਆਂ ਸੋਚਾਂ


ਕਦੇ-ਕਦੇ

ਰਾਤ ਬਹੁਤ ਲੰਬੀ ਹੋ ਜਾਂਦੀ ਹੈ
ਹਨੇਰਾ ਘਟਦਾ ਹੈ
ਪਰ ਧੁੰਦ ਪਸਰ ਜਾਂਦੀ ਹੈ

ਰਾਤ ਦਾ ਹਨੇਰਾ
ਕਾਲਾ ਹੁੰਦਾ ਹੈ 

ਖਤਰੇ ਦੇ ਬੋਰਡ ਜਿਹਾ
ਤੇ ਧੁੰਦ 

ਘਸ ਗਏ ਸਫੇਦ ਕੱਪੜੇ ਜਿਹੀ
ਹਨੇਰੇ ਵਿੱਚੋਂ ਜੁਅਰੱਤ ਨਾਲ ਲੰਘਣ ਵਾਲੇ
ਅਕਸਰ
ਧੁੰਦ ਵਿੱਚ ਹਾਦਸਾਗ੍ਰਸਤ ਹੋ ਨਿਬੜਦੇ ਹਨ

ਰਾਤ ਦੇ ਹਨੇਰੇ ਅੰਦਰ
ਸੂਰਜ ਦਮ ਲੈਂਦਾ ਹੈ
ਧੁੰਦ ਵਾਲੇ ਦਿਨ
ਸੂਰਜ 'ਤੇ ਹਮਲਾ ਹੁੰਦਾ ਹੈ 

ਹਨੇਰੇ 'ਚ ਜ਼ਰੂਰੀ ਹੈ
ਤੁਸੀਂ ਅੱਖਾਂ ਜਾਗਦੀਆਂ ਰੱਖੋ
ਧੁੰਦ ਵਿੱਚ
ਆਪਣੇ ਦਿਮਾਗ ਵੀ


ਹਨੇਰੇ ਵਿੱਚ 

ਜੁਗਨੂੰ ਦੇ ਸਾਈਜ਼ ਦੀ ਟਾਰਚ ਵੀ 
ਰੋਸ਼ਨੀ ਦੀ ਲੰਮੀ ਲੀਕ ਪੈਦਾ ਕਰ ਸਕਦੀ ਹੈ 
ਧੁੰਦ ਵਿੱਚ 
ਛੋਟੇ-ਮੋਟੇ ਬਲਬ
ਧੁੰਦ ਦਾ ਹਿੱਸਾ ਬਣ ਜਾਂਦੇ ਹਨ 

ਰਾਤ ਦਾ ਹਨੇਰਾ
ਗਰਮ ਧਰਤੀ ਨੂੰ

ਕੁਝ ਠੰਢਾ ਹੋਣ ਦਾ ਮੌਕਾ ਹੁੰਦਾ ਹੈ 
ਧੁੰਦ 
ਠੰਢੀ ਧਰਤੀ ਨੂੰ
ਗਰਮ ਹੋਣੋਂ ਰੋਕਦੀ ਹੈ 

ਕਦੇ-ਕਦੇ
ਰਾਤ ਬਹੁਤ ਲੰਬੀ ਹੋ ਜਾਂਦੀ ਹੈ 
ਪਹਿਲਾਂ ਹਨੇਰੇ ਵਿੱਚ
ਧੁੰਦ ਘੁਲਦੀ ਹੈ 
ਫਿਰ ਹਨੇਰਾ
ਧੁੰਦ ਵਿੱਚ ਵਟ ਜਾਂਦਾ ਹੈ.....