ਭਗਤ ਸਿੰਘ ਨੂੰ.....
ਇਹ ਤੇ ਦਿਲ ਅੱਜ ਐਵੇਂ ਨਾਸਬੂਰ ਹੋ ਗਿਆ |
ਤੇਰੀ ਸੋਚ ਤੋਂ ਤਾਂ ਕਦੋਂ ਦਾ ਮੈਂ ਦੂਰ ਹੋ ਗਿਆ |
ਜਿਹੜੇ ਜ਼ਖਮ ਤੇ ਮਲ੍ਹਮਾਂ ਸੀ ਕਰਦਾ ਰਿਹਾ ਤੂੰ ,
ਤੇਰੇ ਜਾਣ ਪਿੱਛੋਂ ਵਿਗੜ ਉਹ ਨਾਸੂਰ ਹੋ ਗਿਆ |
ਬਚ ਕਿਵੇਂ ਰਹਿੰਦਾ ਗੁਲਾਬ ਕੋਈ ਟੁੱਟਣੇ ਤੋਂ ,
ਕੈਂਚੀਆਂ ਦਾ ਮਾਲੀ ਜਦੋਂ ਜੀ ਹਜ਼ੂਰ ਹੋ ਗਿਆ |
ਹੋਣੀ ਹੀ ਸੀ ਉੱਥੇ ਰੱਤ ਸਸਤੀ ਨੌਜੁਆਨਾਂ ਦੀ ,
'ਮੁਕਾਬਲੇ' ਦਾ ਜਿੱਥੇ ਮੁੱਲ ਕੋਹਿਨੂਰ ਹੋ ਗਿਆ |
ਜ਼ਿੰਦਗੀ ਦੀ ਫੋਟੋ ਕਹਿੰਦੇ ਟੰਗਣੀ ਏ ਕਬਰਾਂ 'ਚ ,
ਮਰਿਆਂ ਦੀ ਮਹਿਫ਼ਲ ਮਤਾ ਮੰਜ਼ੂਰ ਹੋ ਗਿਆ |
ਖੁਸ਼ ਨਾ ਹੋਈਂ ਬਹੁਤਾ ਕਲ਼ਮਾਂ ਦੀ ਫੌਜ਼ ਦੇਖ ,
ਇਹ ਤਾਂ ਕਲਰਕਾਂ ਨੂੰ ਬਹਰ ਦਾ ਫ਼ਤੂਰ ਹੋ ਗਿਆ |
ਮਾਹਿਰ ਹੈ ਸ਼ਹਿਰ ਹੁਣ ਜਿੱਲਤਾਂ ਨੂੰ ਸਹਿਣ ਦਾ ,
ਕਿ ਐਸਾ ਸਾਂਤੀ 'ਚ ਰਹਿਣ ਦਾ ਸਰੂਰ ਹੋ ਗਿਆ |
ਹਰ ਕੋਈ ਭਜਨ ਇੱਥੇ ਗਾਉਂਦਾ ਫਿਰੇ ਮੌਤ ਦੇ ,
ਹੁਣ ਤਾਂ ਮਸੀਹਾ ਤੇਰੇ ਦੇਸ਼ ਦਾ ਤੈਮੂਰ ਹੋ ਗਿਆ |
'ਅੰਮ੍ਰਿਤ ' ਨੂੰ ਤਾਂ ਲੱਭਦੇ ਮੜ੍ਹੀਆਂ ਦੇ ਠੇਕੇਦਾਰ ,
ਉਹਦੇ ਦਿਲ ਕੋਲੋਂ ਧੜਕਨ ਦਾ ਕਸੂਰ ਹੋ ਗਿਆ |
No comments:
Post a Comment