Tuesday, October 20, 2009

ਪਾਬਲੋ ਨੇਰੂਦਾ ਨੂੰ ਯਾਦ ਕਰਦੇ ਹੋਏ....

ਪਾਬਲੋ
ਇੱਕ ਤੂੰ ਸੈਂ
ਜਿਸ ਨੂੰ ਬੁਲਾਉਂਦੇ ਸਨ
ਕਵਿਤਾਵਾਂ ਬੋਲਣ ਲਈ
ਕੋਲ਼ਾ ਖਾਣਾਂ ਦੇ ਮਜ਼ਦੂਰ
ਮੰਡੀਆਂ ਦੇ ਕਾਮੇ
ਸ਼ਹਿਰ ਦੇ ਮਿੱਲ ਵਰਕਰ
ਬਾਗਾਨਾਂ ਦੇ ਕਿਸਾਨ
ਜ਼ਰਜਰੇ ਹਾਲਾਂ 'ਚ
ਜਾਂ ਖੁੱਲੇ ਆਸਮਾਨਾਂ ਥੱਲੇ
ਸਟੇਜ ਦੇ ਨਾਂ ਤੇ ਹੁੰਦੇ ਸਨ
ਜੋੜ ਕੇ ਰੱਖੇ
ਲੱਕੜ ਦੇ ਦੋ ਟੁੱਟੇ ਬੈਂਚ
ਸਰੋਤੇ ਸਨ ਤੇਰੇ
ਮਸ਼ੀਨਾਂ
ਦਾ ਸੰਗੀਤ
ਖਾਣਾਂ ਦੀ ਪਤਾਲੀ ਖੜ-ਖੜ
ਸੁਣਨ ਦੇ ਆਦੀ
ਅਨਪੜ੍ਹ ਕੰਨ
ਫੈਲੀਆਂ ਹੋਈਆਂ ਪੁਤਲੀਆਂ ਵਾਲ਼ੀਆਂ
ਇੱਕ ਟਕ ਤੱਕਦੀਆਂ ਘਸਮੈਲੀਆਂ

ਜ਼ਿੰਦਗੀ ਨਾਲ ਭਰੀਆਂ
ਵੀਹ ਹਜ਼ਾਰ ਅੱਖਾਂ
ਤੇ ਲੋਹੇ ਦੇ ਟੋਪਾਂ ਨਾਲ ਢੱਕੇ ਸਿਰਾਂ ਵਾਲੇ
ਅਹਿਲ ਬੈਠੇ ਸਰੀਰ
ਫਿਰ
ਜਦੋਂ ਤੂੰ ਸੁਣਾਉਂਦਾ ਸੈਂ
'ਸਟਾਲਿਨਗਰਾਦ ਦੇ ਨਾਂ ਇੱਕ ਪਿਆਰ ਗੀਤ'
ਤਾਂ ਖਰਵ੍ਹੀਆਂ ਤਾੜੀਆਂ ਦੀ ਗੜਗੜਾਹਟ
ਰਾਜਧਾਨੀ ਤੱਕ ਪਹੁੰਚ ਜਾਂਦੀ ਸੀ

ਇੱਕ ਅਸੀਂ ਹਾਂ
ਲੱਭਦੇ ਹਾਂ ਪ੍ਰਕਾਸ਼ਕ
ਕਿਤਾਬਾਂ ਛਪਾਉਣ ਲਈ
ਫਿਰ ਦੋਸਤ ਖਰੀਦਦਾਰ
ਪੜ੍ਹਨ ਪੜ੍ਹਾਉਣ ਲਈ
'ਬਣਾ ਕੇ' ਰੱਖਦੇ ਹਾਂ ਆਲੋਚਕਾਂ ਨਾਲ
ਚਰਚਾ ਕਰਵਾਉਣ ਲਈ
ਭਾਲਦੇ ਹਾਂ ਕੋਈ ਜੈੱਕ
ਯੁਨੀਵਰਸਿਟੀਆਂ ਦੇ ਸਿਲੇਬਸਾਂ 'ਚ
ਐਂਟਰੀ ਪਵਾਉਣ ਲਈ
ਕਾਰਡ ਪਾ-ਪਾ ਸੱਦਦੇ ਹਾਂ
ਸਰੋਤਿਆਂ ਨੂੰ
ਗੋਸ਼ਟੀਆਂ 'ਚ ਭੀੜ ਦਿਖਾਉਣ ਲਈ
ਜਿਹਨਾਂ 'ਚੋਂ ਬਹੁਤੇ
ਊਂਘ ਰਹੇ ਹੁੰਦੇ ਨੇ
ਜਦੋਂ ਆਰੰਭਦੇ ਹਾਂ ਅਸੀਂ
'ਆਪਣੀ ਮਹਿਬੂਬ ਦੇ ਨਾਂ ਇੱਕ ਹੋਰ ਸ਼ੋਕ ਗੀਤ'
ਅਤੇ ਤਾੜੀਆਂ
ਸਾਨੂੰ ਸਟੇਜ ਤੋਂ ਬੋਲ ਕੇ
ਸ਼ੁਰੂ ਕਰਵਾਉਣੀਆਂ ਪੈਂਦੀਆਂ ਹਨ

ਤੂੰ ਪੁੱਛ ਨਾ ਪਾਬਲੋ
ਪਾਸ਼ ਤੋਂ
ਉਦਾਸੀ ਤੋਂ
ਲਾਲ ਸਿੰਘ ਦਿਲ ਤੋਂ
ਜਾਂ ਫਿਰ
ਫੈਜ ਤੋਂ
ਲੋਰਕਾ ਤੋਂ
ਮਾਇਕੋਵਸਕੀ ਤੋਂ
ਹਬੀਬ ਜਾਲਿਬ ਤੋਂ
ਨਾਜ਼ਿਮ ਹਿਕਮਤ ਤੋਂ
ਸਾਡੇ ਨਾਲ ਇਹ ਵਿਤਕਰਾ ਕਿਉਂ.. ?




ਪਾਬਲੋ ਨੇਰੂਦਾ- ਚਿਲੀ ਦਾ ਮਹਾਨ ਨੋਬਲ ਇਨਾਮ ਜੇਤੂ ਕਵੀ ..
ਫੈਡਰੀਕੋ ਗਾਰਸ਼ੀਆ ਲੋਰਕਾ - ਸਪੇਨ ਦਾ ਲੋਕ ਕਵੀ, ਜਿਸ ਨੂੰ 1936 ਵਿੱਚ 38 ਸਾਲ ਦੀ ਉਮਰ ਵਿੱਚ ਫਾਸ਼ੀਵਾਦੀਆਂ ਦੀ ਫਾਇੰਰਗ ਸੁਕੈਅਡ ਅੱਗੇ ਖੜਾ ਕੇ ਮਾਰ ਦਿੱਤਾ ਗਿਆ ਸੀ
ਵਲਾਦੀਮੀਰ ਮਾਇਕੋਵਸਕੀ - ਸੋਵੀਅਤ ਰੂਸ ਦਾ ਮਹਾਨ ਪਰੋਲੋਤਾਰੀ ਕਵੀ
ਹਬੀਬ ਜਾਲਿਬ - ਪਾਕਿਸਤਾਨ ਦਾ ਗਜ਼ਲਗੋ ਜੋ ਆਪਣੀਆਂ ਲੋਕ ਪੱਖੀ ਕਵਿਤਾਵਾਂ ਲਈ ਹਕੂਮਤ ਦੀ ਹਿਟ ਲਿਸਟ ਤੇ ਰਿਹਾ
ਨਾਜ਼ਿਮ ਹਿਕਮਤ - ਤੁਰਕੀ ਦਾ ਰਾਸ਼ਟਰੀ ਕਵੀ ਜਿਸ ਨੂੰ ਸਮੇਂ ਦੀ ਹਕੂਮਤ ਨੇ ਅਕਹਿ ਤਸੀਹੇ ਦਿੱਤੇ ਸਾਲਾਂਬੱਧੀ ਜੇਲਾਂ ਵਿੱਚ ਬੰਦ ਰੱਖਿਆ

ਬਾਕੀ ਨਾਂਵਾਂ ਬਾਰੇ ਸਾਰੇ ਜਾਣਦੇ ਹੀ ਹੋਣਗੇ...

ਸਟਾਲਿਨਗਰਾਦ - ਸੋਵੀਅਤ ਰੂਸ ਦਾ ਉਹ ਸ਼ਹਿਰ ਜਿੱਥੇ ਲਾਲ ਫੌਜ਼ ਨੇ ਅੱਠ ਮਹੀਨਿਆਂ ਦੀ ਲੜਾਈ ਵਿੱਚ ਜਰਮਨ ਨਾਜ਼ੀਆਂ ਨੂੰ ਲੱਕ ਤੋੜਵੀਂ ਹਾਰ ਦਿੱਤੀ, ਇਸ ਤੋਂ ਬਾਅਦ ਅਜਿਤ ਸਮਝੇ ਜਾਂਦੇ ਨਾਜ਼ੀਆਂ ਨੂੰ ਲਾਲ ਫੌਜ਼ ਨੇ ਬਰਲਿਨ ਤੱਕ ਖਦੇੜਿਆ

No comments:

Post a Comment