ਇੱਕ ਤਮੰਨਾ
ਤੇਰੇ ਸਾਮਣੇ ਮੈਂ
ਐ ਹੁਸਨ ਦੀ ਸਿਖਰ
ਇੰਜ ਹੀ ਹਾਂ
ਜਿਵੇਂ
ਗਗਨ ਚੁੰਮਦੇ ਮਾਣਮੱਤੇ
ਸੀਨਾ ਤਾਣੀ ਖੜੇ
ਪਰਬਤਾਂ ਦੇ ਪੈਰਾਂ ਵਿੱਚ
ਪਗਡੰਡੀਆਂ ਤੇ ਤੁਰਿਆ ਫਿਰਦਾ
ਇੱਕ ਨਿਮਾਣਾ ਇਨਸਾਨ |
ਲਾਲਸਾ ਜਿਸ ਦੀ
ਪਹਾੜ ਦੀ ਉਚਾਈ ਮਾਪਣ ਦੀ
ਤੇ ਮੇਰੀ
ਤੇਰੇ ਪਿਆਰ ਦੀ ਸਿਖਰ |
ਪਰ ਨਾਲ ਹੀ ਇੱਕ ਤਮੰਨਾ ਇਹ ਵੀ
ਕਿ ਕਦੇ ਨਾ ਆਵੇ ਇਹ ਸਿਖਰ
ਕਿਉਂਕਿ
ਸਿਖਰ ਛੋਹਣ ਤੋਂ ਬਾਅਦ
ਮੰਤਵ ਹੀ ਕੀ ਰਹਿ ਜਾਵੇਗਾ ਮੇਰੇ ਜੀਣ ਦਾ
ਤੇ ਮੰਤਵ ਹੀਣ ਜ਼ਿੰਦਗੀ ਨਾਲੋਂ
ਮੈਂ ਮਰਨਾ ਪਸੰਦ ਕਰਾਂਗਾ |
ਕਦੇ ਨਾ ਆਵੇ ਇਹ ਸਿਖਰ
ਕਿਉਂਕਿ
ਮੈਂ ਜੀਣਾ ਚਾਹੁੰਦਾ ਹਾਂ
ਮਾਣਨਾ ਚਾਹੁੰਦਾ ਹਾਂ
ਤੇਰੀ ਜ਼ੁਲਫ ਦੀ ਛਾਂ
ਤੇਰੇ ਹੁਸਨ ਦੀ ਧੁੱਪ
ਤੇਰਾ ਟੁਣਕਦਾ ਹਾਸਾ
ਤੇਰੇ ਰੋਸੇ ਦੀ ਚੁੱਪ.....
No comments:
Post a Comment