Tuesday, July 21, 2009

ਯਾਦਾਂ

ਯਾਦ ਆਉਂਦੇ ਹਨ
ਬਚਪਨ ਦੇ ਉਹ ਦਿਨ
ਜਦੋਂ ਸਵਾਲ ਘੇਰੀ ਰਖਦੇ ਸਨ ਮੈਨੂੰ
ਜਿਵੇਂ ਕਿਸੇ ਰਾਹੀ ਨੂੰ
ਛੇੜੀਆਂ ਹੋਈਆਂ ਡੂੰਮਣੇ ਦੀਆਂ ਮੱਖੀਆਂ

ਯਾਦ ਆਉਂਦੇ ਹਨ ਉਹ ਦਿਨ
ਜਦੋਂ ਚਾਹ ਪੀਣ ਬੈਠੇ
ਦਿਹਾੜੀਆਂ ਦੀਆਂ ਕਹੀਆਂ
ਚੋਰੀ ਚੋਰੀ ਚੁੱਕ ਕੇ ਵੇਖਦਾ ਰਹਿੰਦਾ ਸੀ
ਹੈਰਾਨ ਹੁੰਦਾ ਸੀ
ਕਿਵੇਂ ਆਸਾਨੀ ਨਾਲ਼ ਉਹ ਘੰਟਿਆਂ ਬੱਧੀ
ਇਹਨਾਂ ਨੂੰ ਉੱਪਰ-ਹੇਠਾਂ ਕਰਦੇ ਰਹਿੰਦੇ ਹਨ
ਸਮਝ ਨਹੀਂ ਆਉਂਦਾ ਸੀ
ਕਿ ਕਿਉਂ ਪੀਂਦਾ
ਹੈ ਵੀਰ ਸਿਉਂ
ਘੋਲ
ਕੇ ਭੁੱਕੀ ਚਾਹ ਵਿੱਚ
ਫਿਰ ਦੇਖਦਾ ਸੀ
ਉਹਨਾਂ ਦੇ ਰੇਤ ਨਾਲ਼ ਮਾਂਜ ਕੇ ਰੱਖੇ
ਵੱਡੇ-ਵੱਡੇ ਕੌਲੇ
ਤੇ ਲੱਭਦਾ ਸੀ ਫ਼ਰਕ
ਆਪਣੇ ਘਰ ਦੇ ਭਾਂਡਿਆਂ ਤੇ ਉਹਨਾਂ ਕੌਲਿਆਂ ਵਿੱਚ

ਯਾਦ ਆਉਂਦੇ ਹਨ
ਨਵਜਾਤ ਬੱਚਿਆਂ ਨੂੰ ਗੋਦੀ ਲੈ ਕੇ
ਸਿਟੀਆਂ ਦੇ ਪਚਾਸਿਆਂ ਤੇ ਤੁਰੇ ਫਿਰਦੇ
ਧੁੱਪ ਨਾਲ਼ ਕਾਲ਼ੇ ਹੋਏ ਚੇਹਰਿਆਂ ਵਾਲ਼ੇ ਬੱਚੇ
ਬੱਸ ਕਪਾਹ ਦੀ ਕੁਛ ਬਚੀ-ਖੁਚੀ ਰਹਿੰਦ-
ਖੂੰਹਦ ਲਈ

ਯਾਦ ਆਉਂਦੇ ਹਨ
ਲੋਕਾਂ ਦੀਆਂ ਜੁੱਤੀਆਂ ਦੇ ਢੇਰ ਵਿੱਚ
ਅੱਡੇ ਹੋਏ ਹੱਥ
ਦੋ ਕਿਣਕੇ ਕੜਾਹ ਲਈ
ਜਿਹਨਾਂ ਦੇ ਪਿੱਛੇ ਵਾਲੀ ਕੰਧ ਤੇ ਲਿਖਿਆ ਹੁੰਦਾ ਸੀ
'ਮਾਨਸ ਕੀ ਜਾਤ ਸਭੈ ਇਕੋ ਪਹਿਚਾਨਬੋ!'

ਯਾਦ ਆਉਂਦੇ ਹਨ
ਵਿਆਂਦੜ ਜੋੜੇ ਦੀ ਕਾਰ ਤੋਂ ਵਾਰੇ ਹੋਏ
ਚੰਦ ਸਿੱਕੇ ਇਕੱਠੇ ਕਰਨ ਲਈ
ਸ਼ਰਾਬ ਨਾਲ ਪਲ਼ੇ ਹੋਏ ਢਿੱਡਾਂ ਦੇ ਪੈਰਾਂ ਚ
ਮਿੱਧੇ ਜਾਂਦੇ ਬਾਲ ਮਨ

ਯਾਦ ਆਉਂਦੇ ਹਨ
ਘਰੜ-ਬਰੜ ਦਾੜੀਆਂ ਵਾਲ਼ੇ
ਉਤਰੇ ਹੋਏ ਚੇਹਰੇ
ਘਰ-ਘਰ ਜਾਕੇ ਮੰਗਦੇ ਲੱਕੜ ਦੇ ਟੁਕੜੇ
ਆਪਣੇ ਕਿਸੇ ਸੰਬੰਧੀ ਦੀਆਂ
ਆਖਰੀ ਰਸਮਾਂ ਲਈ

ਯਾਦ ਆਉਂਦੇ ਹਨ
ਦੁਨੀਆਂ ਭਰ ਦੇ ਕੱਪੜਿਆਂ ਲਈ
ਕਪਾਹ ਚੁਗਣ ਵਾਲ਼ੇ ਹੱਥ
ਮੰਗਦੇ ਆਪਣੇ ਤਨਾਂ ਲਈ
ਉਤਾਰ ਦੇ ਛਿੱਲੜ

ਯਾਦ ਆਉਂਦਾ ਹੈ
ਜ਼ਿਦ ਕਰਨੀ ਡੈਡੀ ਨਾਲ਼
ਵਿਹੜੇ ਵਿੱਚ ਜਾਣ ਦੀ
ਤੇ ਜਾਂਦੇ ਹੋਏ ਪੁੱਛਣਾ ਡੈਡੀ ਤੋਂ ਢੇਰਾਂ ਸਵਾਲ
ਮਸਲਨ
ਕਿਉਂ ਇਹਨਾਂ ਦੇ ਘਰ ਅਲੱਗ ਹਨ?
ਕਿਉਂ ਇਹ ਦਿਹਾੜੀ ਕਰਦੇ ਹਨ?
ਕਿਉਂ ਨਹੀਂ ਉਹਨਾਂ ਕੋਲ਼ ਅਪਣੀ ਜ਼ਮੀਨ?
ਕਿਉਂ ਗੱਲ ਗੱਲ ਤੇ ਇਹ ਜੋੜਦੇ ਨੇ ਹੱਥ?

ਬੱਸ ਇਹੋ ਜਿਹੀਆਂ ਹੀ ਹੋਰ
ਨੇ
ਯਾਦਾਂ ਮੇਰੇ ਬਚਪਨ ਦੀਆਂ
ਪਤਾ ਨਹੀਂ ਕਿਉਂ
ਆਉਂਦਾ
ਨਹੀਂ ਜ਼ਿਕਰ
ਇਸ ਕਿਤਾਬ ਵਿੱਚ
ਰੂੜੀਆਂ ਦਾ,
ਨਾ ਹਵੇਲੀਆਂ ਦਾ
ਛੱਪੜਾਂ ਦਾ, ਨਾ ਬੋਹੜਾਂ ਦਾ
ਗਲ਼ੀਆਂ ਦੀ ਧੂੜ ਦਾ
ਨਾ ਕਲੈਹਰੀ ਮੋਰਾਂ ਦਾ
ਨਾ ਕਿਸੇ ਗਲਵਕੜੀ ਦਾ
ਨਾ
ਕਿਸੇ ਬਾਣੀਏ ਦੀ ਤੱਕੜੀ ਦਾ
ਨਾ ਮੰਦਰ ਦੇ ਕਿਸੇ ਟੱਲ ਦਾ
ਨਾ ਘੁਲ਼ਦੇ ਕਿਸੇ ਮੱਲ ਦਾ
ਮੇਰੀਆਂ ਯਾਦਾਂ ਵਿੱਚ ਤਾਂ ਵਸੇਰਾ ਕਰਦੇ ਨੇ
ਜ਼ਿੰਦਗੀ ਲਈ
ਜ਼ਿੰਦਗੀ ਨਾਲ਼ ਲੜਦੇ ਹੋਏ
ਜ਼ਿੰਦਗੀ ਜਿਉਂਦੇ ਇਨਸਾਨ..........

1 comment: