ਪਿਆਰ
ਉਹ ਆਇਆ
ਮੇਰੀ ਜ਼ਿੰਦਗੀ ਵਿੱਚ
ਕੁਝ ਇਸ ਤਰਾਂ
ਜਿਵੇਂ
ਕਾਲ਼ੇ ਬੱਦਲਾਂ ਦੇ ਢੱਕੇ
ਆਸਮਾਨ 'ਚ ਉਡਾਰੀ ਲਾਵੇ
ਕੋਈ ਦੁੱਧ ਚਿੱਟਾ ਬਗਲਾ
ਜਿਵੇਂ
ਲਾਸ਼ ਬਣ ਗਏ
ਮਰ ਚੁੱਕੇ ਆਦਮੀ ਦੇ
ਵਾਪਿਸ ਆ ਜਾਣ ਸਾਹ
ਜਿਵੇਂ
ਸੁੰਨਸਾਨ ਅਣਜਾਣ ਸੜਕ ਤੇ
ਕੋਈ ਬਚਪਨ ਦਾ ਦੋਸਤ
ਲਏ ਪਿੱਛੋਂ ਆਣ ਕੇ ਬੁਲਾ
ਜਿਵੇਂ
ਅਚਾਨਕ ਪਹਿਲੀ ਵਾਰ
ਮਹਿਬੂਬ ਦੇ ਬੁੱਲ੍ਹਾਂ ਨਾਲ਼
ਜਾਣ ਬੁੱਲ੍ਹ ਟਕਰਾਅ
ਜਿਵੇਂ
ਪੈਂਦੀ ਏ ਸਾਉਣ ਵਿੱਚ
ਚਮਾਸਿਆਂ ਦੀ ਭੁੰਨੀ
ਧਰਤ ਤੇ ਪਹਿਲੀ ਫ਼ੁਹਾਰ
ਮਹਿਕਾ ਦਿੱਤਾ
ਮੇਰੀ ਰੂਹ ਨੂੰ
ਮੇਰੇ ਤਨ-ਮਨ ਨੂੰ
ਕਿਸੇ ਅਣਜਾਣ ਖੁਸ਼ਬੋ ਨੇ
ਫਿਰ ਪਤਾ ਨਹੀਂ ਕਦੋਂ
ਫਟ ਗਿਆ ਅੰਬਰ
ਹੜ ਗਈ ਮੇਰੀ ਆਤਮਾ
ਕਿਸੇ ਪਹਾੜੀ ਪਿੰਡ ਦੀ ਤਰਾਂ
ਤੇ ਜਦੋਂ ਹੋਸ਼ ਆਈ
ਪਾਣੀ ਕੁਝ ਨੀਵਾਂ ਹੋਇਆ
ਅੱਖਾਂ ਨੇ ਫਿਰ ਤੋਂ ਦੇਖਣਾ ਸ਼ੁਰੂ ਕੀਤਾ
ਸਾਹਮਣੇ ਦਿਖਿਆ
ਇੱਕ ਵੱਡਾ ਪਾੜ ਜ਼ਮੀਨ ਚ ਪਿਆ
ਹੁਣ ਲਗਦਾ
ਉਮਰ ਗੁਜ਼ਰ ਜਾਣੀ ਏ
ਇਸ ਸੁਰਾਖ ਨੂੰ ਭਰਦਿਆਂ
ਉਪਰੇ ਜਿਸਮ ਇਸ ਦੇ ਮੂੰਹ ਵਿੱਚ ਧਰਦਿਆਂ....
No comments:
Post a Comment