Sunday, July 12, 2009

ਨੀਰੋ

ਕਿਸੇ ਪੁਛਿਆ ਮੈਨੂੰ
ਨੀਰੋ ਨੂੰ ਮਰੇ ਕਿੰਨੇ ਕੁ ਸਾਲ ਹੋ ਗਏ ਨੇ?
ਤੇ ਮੈਂ ਹੈਰਾਨ ਸਾਂ
ਕਿ ਨੀਰੋ ਮਰਿਆ ਕਦੋਂ ਸੀ
ਜਦੋਂ ਨਿਠਾਰੀ
ਮਿਹਨਤਕਸ਼ਾਂ ਦੇ ਬੱਚਿਆਂ ਦੀ ਅੱਗ ਵਿੱਚ
ਠਰ ਰਿਹਾ ਸੀ
ਜਦੋਂ ਕੰਧਮਾਲ
ਦੇਸ਼ ਭਗਤੀ ਦੀ ਬਰਫ਼ ਥੱਲੇ
ਜਲ਼ ਰਿਹਾ ਸੀ
ਤੇ ਜਦੋਂ ਧਰਨੇ ਤੇ ਬੈਠੀਆਂ ਵਿਦਿਆਰਥਣਾਂ ਦਾ
ਮੰਚ ਤੇ ਬੈਠਾ ਦੁਰਯੋਧਨ
ਚੀਰਹਰਨ ਕਰ ਰਿਹਾ ਸੀ
ਉਦੋਂ ਮੈਂ
ਇੱਕ ਖੱਬੇ ਪੱਖੀ ਕਵੀ ਦੀ ਖਿੱਪ ਕਰ ਰਿਹਾ ਸੀ
ਰਹੱਸਵਾਦੀ ਤੇ ਦੈਵੀ ਕਵਿਤਾ ਦੀ ਬਿੱਠ ਕਰ ਰਿਹਾ ਸੀ
ਕਵਿਤਾ ਦੀ ਆਤਮਾ ਵੇਚ, ਬੁਰਜ਼ੂਆਜੀ ਦਾ ਹਿੱਤ ਕਰ ਰਿਹਾ ਸੀ
ਜਦੋਂ ਲੋੜ ਸੀ
ਮੱਧਵਰਗ ਦੇ ਮੋਟੇ ਹੁੰਦੇ ਜਾਂਦੇ
'ਖੋਲ' ਨੂੰ ਤੋੜਨ ਦੀ
ਸ਼ਹਿਰ ਦੇ ਬੁਧੀਜੀਵੀਆਂ ਦਾ
'ਮਖੌਟਾ' ਨੋਚਣ ਦੀ
ਘਰ ਘਰ ਹੋ ਰਹੀ 'ਕਰੂਜ਼ਰ ਸੋਨਾਟਾ'
ਦੀ ਪੇਸ਼ਕਾਰੀ ਰੋਕਣ ਦੀ
ਐਨ ਉਸੇ ਸਮੇਂ
ਮਹਾਨ ਆਤਮਾਵਾਂ ਤੇ ਲਿਖਿਆ ਮੇਰਾ ਭੱਦਾ ਸ਼ਬਦ ਚਿਤਰ ਛਪ ਰਿਹਾ ਸੀ
ਮੇਰੇ ਅੰਦਰ ਦੂਰ ਕਿਤੇ ਹਨੇਰੇ ਕੋਨੇ ਵਿੱਚ 'ਕਾਫ਼ਰ ਮਸੀਹਾ' ਮਰ ਖੱਪ ਰਿਹਾ ਸੀ
ਤੇ ਪੁਰਸਕਾਰ ਪ੍ਰਾਪਤੀ ਲਈ ਕਿਸੇ ਮੰਤਰੀ ਨਾਲ਼ ਮੇਰਾ ਯਾਰਾਨਾ ਪੱਕ ਰਿਹਾ ਸੀ

ਮੈਂ ਹੋਰ ਵੀ ਹੈਰਾਨ ਸੀ
ਜਦੋਂ ਕਿਸੇ ਮੈਨੂੰ ਦੱਸਿਆ
ਕਿ ਨੀਰੋ ਰੋਮ ਦਾ ਰਹਿਣ ਵਾਲ਼ਾ ਸੀ?
ਜਦੋਂ
'80% ਲੋਕ ਮੇਰੇ ਭੁੱਖੇ ਸੌਂਦੇ ਹਨ'
ਦੀ ਰਿਪੋਰਟ ਛਪ ਰਹੀ ਸੀ
ਕਰੋੜਾਂ ਮਿਹਨਤਕਸ਼ਾਂ ਦੀ ਛਾਂਟੀ ਹੋ ਰਹੀ ਸੀ
ਸਵਾਸਤਿਕ ਦੇ ਨਿਸ਼ਾਨ ਨੂੰ
ਇੱਕ ਵਾਰ ਫਿਰ ਲੋਕਾਂ ਦੇ ਮੱਥੇ ਤੇ
ਦਾਗ਼ਣ ਦੀ ਕੋਸ਼ਿਸ਼ ਚੱਲ ਰਹੀ ਸੀ
'ਖੱਪ ਪੰਚਾਇਤਾਂ' ਖੱਪ ਪਾ ਰਹੀਆਂ ਸਨ
'honor killing' ਰਿਵਾਜ ਬਣ ਰਿਹਾ ਸੀ
ਉਸ ਵਕਤ ਜਦੋਂ
ਮੈਂ ਹੋਣਾ ਚਾਹੀਦਾ ਸੀ ਸੜਕ ਤੇ
ਗਰਜਵੇਂ ਨਾਹਰੇ ਲਾਉਂਦਾ ਹੋਇਆ
ਮੈਂ ਮਸੂਰੀ ਦੇ ਕਿਸੇ ਹੋਟਲ ਵਿੱਚ
ਬਖਸ਼ੀਸ ਵਿੱਚ ਮਿਲੀ
ਬਕਾਰਡੀ ਦੇ ਸਰੂਰ ਵਿੱਚ ਝੂੰਮਦਾ ਹੋਇਆ
'ਉੱਤਰ-ਆਧੁਨਿਕਤਾਵਾਦ' ਦੀ
ਜੁਗਾਲੀ ਕਰਦਾ ਹੋਇਆ
ਕਵਿਤਾ ਪਾਠ ਕਰ ਰਿਹਾ ਸੀ
ਭਾਰਤੀ ਸੱਭਿਆਚਾਰ ਦੀ ਮਹਾਨਤਾ ਦੀ
ਸ਼ਾਦੀ ਭਰਦਾ ਹੋਇਆ
ਸੁਰੱਖਿਅਤ ਮਹਿਸੂਸ ਕਰ ਰਿਹਾ ਸੀ
ਕਿਉਂਕਿ
ਕੋਈ ਨਹੀਂ ਸੀ ਉੱਥੇ ਜੋ ਕਹਿ ਸਕਦਾ ਮੈਨੂੰ
'ਬਰੈਖਤ' ਵਾਂਗ
ਕੰਨ ਪਾੜਵੀਂ ਆਵਾਜ਼ ਵਿੱਚ
"ਤੂੰ ਨਾਜ਼ੀਆਂ ਦੀ ਨਾਜ਼ਾਇਜ ਔਲਾਦ ਹੈਂ,
ਤੂੰ ਨੀਰੋ ਹੈਂ !"

No comments:

Post a Comment