Sunday, July 12, 2009

ਉਦੋਂ ਤੇ ਹੁਣ

ਰੁੱਖਾਂ ਦੇ ਆਕਾਰ
ਹਨੇਰੇ ਦੇ ਪਰਦੇ 'ਚੋਂ ਉੱਘੜ ਰਹੇ ਸਨ
ਚਾਨਣ ਦਾ ਹਨੇਰੇ ਨਾਲ਼
ਸੰਘਰਸ਼ ਚਲ ਰਿਹਾ ਸੀ
ਪੂਰਬ 'ਚ ਲਾਲੀ ਛਾ ਰਹੀ ਸੀ
ਤੇ ਤੇਰਾ ਸਾਥ ਸੀ,
ਰੁੱਖਾਂ ਦੇ ਆਕਾਰ
ਹੁਣ ਵੀ ਹਨੇਰੇ ਦੇ ਪਰਦੇ 'ਚੋਂ ਉੱਘੜ ਰਹੇ ਨੇ
ਚਾਨਣ ਦਾ ਹਨੇਰੇ ਨਾਲ਼
ਸੰਘਰਸ਼ ਹੁਣ ਵੀ ਚੱਲ ਰਿਹਾ ਹੈ
ਪਰ ਲਾਲੀ ਹੁਣ ਪੱਛਮ ਵਿੱਚ ਹੈ
ਤੇ ਤੇਰਾ ਸਾਥ ਵੀ ਨਹੀਂ |
ਸਮੁੰਦਰ ਕਿਨਾਰੇ ਖੜਾ ਸਾਂ ਮੈਂ
ਤੱਕ ਰਿਹਾ ਸਾਂ
ਦੂਰ ਤੱਕ ਫੈਲਿਆ ਸਾਗਰ ਦਾ ਨੀਲਾਪਣ
ਤੇ ਆਸਮਾਨ ਦੀ ਨੀਲੱਤਣ
ਮੇਰੇ ਹਰ ਸਾਹ ਨਾਲ ਫੈਲਦਾ ਲੱਗਦਾ ਸੀ
ਸਮੁੰਦਰ ਤੇ ਆਸਮਾਨ ਦਾ ਸੁਮੇਲ
ਜਦੋਂ ਤੂੰ ਮੇਰੇ ਨਾਲ ਸੀ,
ਖੜਾ ਹਾਂ ਹੁਣ ਵੀ ਸਾਗਰ ਕਿਨਾਰੇ ਮੈਂ
ਹਾਲੇ ਵੀ ਕਾਇਮ ਹੈ ਸਮੁੰਦਰ ਦਾ ਨੀਲਾਪਣ
ਤੇ ਆਸਮਾਨ ਦੀ ਨੀਲੱਤਣ
ਪਰ ਹੁਣ ਹਰ ਪਲ ਸੁੰਗੜ ਰਿਹਾ ਏ
ਸਮੁੰਦਰ ਤੇ ਆਸਮਾਨ ਦਾ ਸੁਮੇਲ
ਜੋ ਪੀ ਜਾਵੇਗਾ ਮੇਰੇ ਸਾਹ ਸਰਾਲ ਵਾਂਗ
ਕਿਉਂਕਿ ਮੇਰਾ 'ਬਸੰਤ' ਮੇਰੇ ਨਾਲ ਨਹੀਂ |
ਹੋਟਲ ਦੀ ਬਾਲਕੋਨੀ 'ਚ ਖੜਾ ਸਾਂ
ਤੇਰੇ ਹੱਥਾਂ 'ਚ ਮੇਰਾ ਹੱਥ ਸੀ
ਸਾਹਮਣੇ ਆਕਾਸ਼ ਵਿੱਚ ਕਾਲਾਪਣ ਛਾਇਆ ਹੋਇਆ ਸੀ
ਮੋਟੀਆਂ ਮੋਟੀਆਂ ਕਣੀਆਂ ਨਾਲ
ਧਰਤੀ ਦਾ ਸੀਨਾ ਠਰ ਰਿਹਾ ਸੀ
ਤੇ ਤੇਰੇ ਪਿਆਰ ਦੀ ਬਾਰਿਸ਼ ਵਿੱਚ ਮੇਰਾ,
ਹੁਣ ਵੀ ਖੜਾ ਹਾਂ ਹੋਟਲ ਦੀ ਬਾਲਕੋਨੀ 'ਚ
ਪਰ ਕਾਲਾਪਣ ਹੁਣ ਮੇਰੀਆਂ ਅੱਖਾਂ ਵਿੱਚ ਹੈ
ਤੇ ਮੋਟੀਆਂ ਮੋਟੀਆਂ ਕਣੀਆਂ ਨਾਲ
ਹੁਣ ਮੇਰੇ ਪੈਰ ਠਰਦੇ ਨੇ
ਮੇਰਾ ਹੱਥ ਲੱਭਦਾ ਏ ਬਾਲਕੋਨੀ ਦੀ ਰੇਲਿੰਗ |

ਸ਼ਹਿਰ ਦੇ ਹਰ ਨੀਆੱਨ ਬੋਰਡ 'ਚ
ਮੈਨੂੰ ਆਪਣਾ ਹੀ ਚਿਹਰਾ ਹੱਸਦਾ ਲੱਗਦਾ ਸੀ
ਫੁੱਲਾਂ ਤੇ ਮੰਡਰਾਉਂਦਾ ਹਰ ਭੌਰਾ
ਖਬਰ ਆਪਣੇ ਪਿਆਰ ਦੀ ਵੰਡਦਾ ਲੱਗਦਾ ਸੀ
ਤੇ ਹਰ ਨੱਚਦਾ ਗਾਉਂਦਾ ਇਨਸਾਨ
ਮੇਰੀ ਖੁਸ਼ੀ ਵਿੱਚ ਸ਼ਰੀਕ ਹੋਇਆ ਲੱਗਦਾ ਸੀ |

ਹੁਣ ਜਦੋਂ ਤੂੰ ਚਲਾ ਗਿਆਂ ਕਦੇ ਨਾ ਆਉਣ ਲਈ,
ਧਰਤੀ ਤੇ ਵਹਿੰਦੇ ਹਰੇਕ ਹੰਝੂ 'ਚੋਂ
ਮੈਨੂੰ ਦਰਦ ਆਪਣਾ ਹੀ ਛਲਕਦਾ ਲੱਗਦਾ ਏ
ਮਨੁੱਖੀ ਤਨਾਂ ਤੇ ਲਟਕਦੀਆਂ ਦੀਆਂ ਲੀਰਾਂ 'ਚੋਂ
ਚਿਹਰਾ ਤੇਰਾ ਹੀ ਝਲਕਦਾ ਲੱਗਦਾ ਏ
ਰੋਟੀ ਲਈ ਅੱਗੇ ਵਧੇ ਹੱਥਾਂ 'ਚ
ਦਿਲ ਆਪਣਾ ਹੀ ਪਿਆ ਲੱਗਦਾ ਏ
ਜ਼ਿੰਦਗੀ ਦੀ ਜੰਗ ਹਾਰਦੇ ਹਰ ਆਦਮੀ ਦੇ ਸਾਹਾਂ 'ਚ
ਸਾਹ ਆਪਣਾ ਹੀ ਗੁੰਮਿਆ ਲੱਗਦਾ ਏ.......

No comments:

Post a Comment