Saturday, November 7, 2009

ਜ਼ਿੰਦਗੀ

ਮੈਂ ਤਾਂ ਹਾਂ ਇੱਕ
ਮੈਦਾਨਾਂ 'ਚ ਦੌੜਦੀ ਜਾ ਰਹੀ
ਵਨਵੇਅ ਸੜਕ ਜਿਹੀ
ਜੁੜੀ ਹੋਈ ਹਾਂ ਜਾਂ ਉਲਝੀ ਹਾਂ
ਅਨੇਕਾਂ ਲਿੰਕ ਸੜਕਾਂ
ਕੱਚੇ ਪਹਿਆਂ
ਪਗਡੰਡੀਆਂ ਦੇ ਤਾਣੇ ਬਾਣੇ 'ਚ
ਮੈਦਾਨਾਂ ਦੀ ਹਰਿਆਲੀ ਨਾਲ਼
ਰਾਖ ਦੇ ਲੱਗੇ ਢੇਰਾਂ ਨਾਲ਼
ਸਮਸ਼ਾਨਾਂ ਜਿਹੀ ਚੁੱਪ 'ਚ ਵੱਸਦੇ
ਮਨੁੱਖੀ ਕੈਂਪਾਂ ਨਾਲ਼

ਗੁਜ਼ਰੀ ਹਾਂ
ਕਈ ਸੜਾਂਦ ਮਾਰਦੇ ਨਾਲਿਆਂ ਉੱਪਰ ਦੀ
ਕਲਕਲ ਵਹਿੰਦੀਆਂ ਨਦੀਆਂ ਕੋਲੋਂ ਵੀ
ਟੁੱਟੀ ਹਾਂ ਕਈ ਵਾਰੀ
ਹੜ੍ਹਾਂ ਦੇ ਖਾਰੇ ਪਾਣੀਆਂ 'ਚ
ਜੋੜਿਆ ਖੁਦ ਨੂੰ ਹਰ ਵਾਰ
ਪਿਆਰ ਦੀ ਲੁੱਕ ਨਾਲ਼
ਕੀਤਾ ਪੱਧਰਾ ਫਿਰ ਤੋਂ
ਸਿਧਾਂਤ ਦਾ ਰੋੜੀਕੁੱਟ ਫੇਰ ਕੇ

ਥੱਕੀ ਨਹੀਂ
ਪਰ ਅੱਕ ਗਈ ਹਾਂ ਹੁਣ
ਮੈਦਾਨਾਂ 'ਚ ਦੌੜਦੇ ਹੋਏ
ਝੱਲਦੇ ਹੋਏ ਭਾਰ
ਰੇਂਗਦੇ ਹੋਏ ਕੀੜਿਆਂ ਦਾ
ਰਗੜ ਖਾਂਦੇ ਗੋਡਿਆਂ ਦਾ
ਬਣਦੇ ਹੋਏ ਗਵਾਹ
ਖਾਲੀ ਭਾਂਡਿਆਂ ਦੀ ਖਟ-ਖਟ
ਤੇ ਤਲਵਾਰਾਂ ਤ੍ਰਿਸ਼ੂਲਾਂ ਦੇ
ਇਲਾਹੀ ਸੰਗੀਤ ਦੇ ਸ਼ੋਰ ਵਿੱਚ
ਖੂਨ ਦੀ ਨਿੱਤ ਖੇਡੀ ਜਾਂਦੀ ਹੋਲ਼ੀ ਦਾ
ਮਿਹਨਤ ਦੇ ਬੂਟਿਆਂ ਤੇ ਫੈਲਦੀ ਜਾ ਰਹੀ
ਇਖਲਾਕ, ਸੱਭਿਆਚਾਰ, ਧਰਮ
ਸਾਂਝੀਵਾਲਤਾ, ਮਰਦਾਨਗੀ ਦੀ ਅਮਰ ਵੇਲ ਦਾ
ਹੁਣ ਤਾਂ ਤਮੰਨਾ ਹੈ ਕਿ
ਆ ਜਾਵੇ ਸਾਹਮਣੇ ਕੋਈ ਪਹਾੜ
ਜੋ ਨਾ ਦੇਵੇ ਰਾਸਤਾ
ਪਾਸੇ ਤੋਂ ਹੋ ਕੇ ਲੰਘਣ ਦਾ
ਨਾ ਹੀ ਕੋਈ ਮੇਰਾ ਇਰਾਦਾ ਹੋਵੇ
ਇੱਦਾਂ ਕਰਨ ਦਾ
ਤੇ ਫਿਰ ਦਾਗ਼ ਦੇਵਾਂ ਮੈਂ
ਦੋ ਗੋਲ਼ੇ ਪਹਾੜ ਤੇ
ਲਪੇਟਾ ਮਾਰ ਕੇ
ਪੁੱਟ ਲਿਆਂਦੀਆਂ
'ਅਵਰੋਰਾ' ਦੀਆਂ ਤੋਪਾਂ ਨੂੰ
ਆਪਣੀ ਹਿੱਕ ਤੇ ਰੱਖ......



ਅਵਰੋਰਾ -
ਲੈਨਿਨ ਦੀ ਬਾਲਸ਼ਵਿਕ ਪਾਰਟੀ ਦੇ ਹਮਾਇਤੀ ਫੌਜੀਆਂ ਦੇ ਕਬਜ਼ੇ ਵਾਲ਼ਾ ਪਹਿਲੇ ਸੰਸਾਰ ਯੁੱਧ ਦਾ ਰੂਸੀ ਜੰਗੀ ਬੇੜਾ, ਜਿਸ ਤੋਂ ਦਾਗੇ ਗੋਲ਼ਿਆਂ ਨੇ ਅਕਤੂਬਰ ਇਨਕਲਾਬ ਦੀ ਸ਼ੁਰੂਆਤ ਦੀ ਘੋਸ਼ਣਾ ਕੀਤੀ ਸੀ |

No comments:

Post a Comment