Friday, November 6, 2009

ਗਿਰਝਾਂ

ਅਖਬਾਰਾਂ 'ਚ ਪੜਿਆ
ਟੀਵੀ ਚੈਨਲਾਂ ਤੇ ਦੇਖਿਆ
ਵਾਤਾਵਰਨ ਪ੍ਰੇਮੀਆਂ ਦੀਆਂ
ਫਿਕਰਮੰਦ
ਆਹਾਂ 'ਚੋਂ ਸੁਣਿਆ
ਕਿ ਗਿਰਝਾਂ ਲੁਪਤ ਹੋ ਗਈਆਂ ਨੇ

ਗਿਰਝਾਂ
ਲੁਪਤ ਨਹੀਂ ਹੋਈਆਂ
ਸਿਰਫ਼ ਪਹਿਰਾਵੇ ਬਦਲੇ ਨੇ
ਸੁਹਜ-ਸੁਆਦ ਬਦਲੇ ਨੇ
ਆਦਤਾਂ ਬਦਲ ਲਈਆਂ ਨੇ
ਗਿਰਝਾਂ ਨੇ

ਹੁਣ ਗਿਰਝਾਂ
ਮਰਿਆਂ ਦੀ ਥਾਂ
ਜਿਉਂਦੇ ਇਨਸਾਨਾਂ ਦਾ
ਮਾਸ ਖਾਂਦੀਆਂ ਨੇ
ਹੱਡਾਰੋੜੀ ਦੀ ਥਾਂ
ਮਿਹਨਤਕਸ਼ਾਂ ਦੀਆਂ ਬਸਤੀਆਂ ਤੇ
ਮੰਡਰਾਉਂਦੀਆਂ ਨੇ
ਝਪਟਣ ਲਈ ਤਿਆਰ ਬਰ ਤਿਆਰ
ਇੰਤਜ਼ਾਰ ਕਰਦੀਆਂ ਨੇ
ਰੇਲ ਦੇ ਕਿਸੇ ਡੱਬੇ ਦੇ ਸੜਨ ਦਾ
ਹਿਟਲਰ ਦੇ ਕਿਸੇ ਸਕੇ ਦੇ ਮਰਨ ਦਾ
ਕਿਸੇ ਵੱਡੇ ਦਰੱਖਤ ਦੇ ਡਿੱਗਣ ਦਾ
ਜਾਂ ਫਿਰ ਆਮ ਲੋਕਾਂ ਦਾ
ਆਪਣੇ ਹੱਕਾਂ ਲਈ ਉੱਠ ਖੜ੍ਹਨ ਦਾ....

No comments:

Post a Comment