Wednesday, October 31, 2012

ਰੂਹ ਦਾ ਰੰਗ

ਮੇਰੇ ਦਿਲ ਦਿਆ ਮਹਿਰਮਾ
ਉਹ ਪਲ ਕਿੰਨੇ ਹੁਸੀਨ ਸਨ
ਤੇਰੀਆਂ ਬਾਹਾਂ ਦੇ ਚੌਗਿਰਦੇ 'ਚ
ਖੁਰ ਗਿਆ ਮੈਂ
ਪਹੁ-ਫੁਟਾਲੇ ਦੇ ਚਾਨਣੇ 'ਚ ਘੁਲ ਗਏ ਆਖਰੀ ਤਾਰੇ ਵਾਂਗ
ਸਿਆਲੀ ਧੁੰਧ ਰੰਗਾ ਮੈਂ
ਤੇਰੇ ਦਿਲ ਦੇ ਝਰੋਖੇ 'ਚੋਂ ਲੰਘਿਆ
ਤਾਂ ਮੇਰਾ ਪਰਛਾਵਾਂ
ਕਾਲਖ ਦੀ ਥਾਂ
ਸਤਰੰਗੀ ਪੀਂਘ ਹੋ ਗਿਆ 
ਮੇਰੀਆਂ ਅੱਖਾਂ ਚਮਕ ਉੱਠੀਆਂ
ਜਿਵੇਂ ਪਹਾੜ ਦੀ ਟੀਸੀ 'ਤੇ ਲੇਟੀ ਬਰਫ਼ 'ਤੇ
ਸੂਰਜ ਦੀ ਪਹਿਲੀ ਕਿਰਨ ਡਿੱਗੀ ਹੋਵੇ

ਵਕਤ ਮੇਰੇ ਕੋਲ ਆਇਆ
ਬੋਝਲ ਕਦਮੀਂ
ਦਿਨ ਟੱਪਿਆਂ ਤੋਂ ਤੁਰਦੀ ਹਾਮਲਾ ਔਰਤ ਵਾਂਗ 
ਆਪਣੇ ਬੇਚੇਹਰੇ ਮੁਖ 'ਤੇ
ਸੋਗੀ ਮੁਸਕਾਨ ਲਿਆ ਕੇ ਮੈਨੂੰ ਕਹਿੰਦਾ
"ਦੱਸ ਤੈਨੂੰ,
ਆਪਣੇ ਪਰਛਾਵੇਂ ਦੀ ਸਤਰੰਗੀ ਪੱਟੀ 'ਚੋਂ ਕਿਹੜਾ ਰੰਗ ਚਾਹੀਦੈ?"
ਤੇ ਮੈਂ ਸੋਚੀਂ ਪੈ ਗਿਆ

ਹਰਾ ਤਾਂ ਜ਼ਹਿਰਵਾ ਨਾਲ ਮਰੇ ਬੱਚੇ ਦਾ ਰੰਗ ਹੁੰਦੈ
ਜਾਂ ਫਿਰ ਕੈਅ ਦਾ
ਮੈਂ  ਸੋਚਦਾਂ
ਪੀਲਾ ਤਾਂ ਲੋਹਾ ਖਾਣ ਤੋਂ ਭੱਜਿਆ ਆਦਮੀ ਪੈ ਜਾਂਦਾ
ਜਾਂ ਟੁੱਟ ਕੇ ਡਿੱਗਣ ਦੀ ਵਾਰੀ ਉਡੀਕਦਾ ਪੱਤਾ
ਨੀਲਾ ਤਾਂ ਭੁਲੇਖੇ ਦਾ ਰੰਗ ਹੁੰਦਾ
ਜਿਵੇਂ ਅੰਬਰ ਤੇ ਸਮੰਦਰ
ਨੇੜੇ ਆਉਂਦਿਆਂ ਹੀ ਰੰਗਹੀਣ ਹੋ ਜਾਂਦੇ ਨੇ
ਮੈਂ ਲਾਲ ਰੰਗ 'ਤੇ ਉਂਗਲ ਧਰ ਦਿੱਤੀ
ਭਾਵੇਂ ਮਾਂ ਕਹਿੰਦੀ ਹੁੰਦੀ ਸੀ
ਲਾਲ ਰੰਗ ਦੇਖ ਜਾਨਵਰ ਛਿੜਦੇ ਆ
ਪਰ ਲਾਲ ਰੰਗ ਤਾਂ
ਖੂਨ ਦਾ ਰੰਗ ਏ
ਤੰਦਰੁਸਤੀ ਦਾ ਰੰਗ ਏ
ਤਾਕਤ ਦਾ ਰੰਗ ਏ
ਦਿਲ ਦਾ ਰੰਗ ਏ ਜਿਗਰ ਦਾ ਰੰਗ ਏ
ਪਿਆਰ ਦਾ ਰੰਗ ਏ
ਤੇ ਤੇਰੇ ਬੁੱਲ੍ਹ ਤੇ ਚੇਹਰਾ ਵੀ ਤਾਂ
ਲਾਲ ਹੋ ਜਾਂਦੇ ਸੀ ਸੰਗ ਨਾਲ
ਹਰ ਵਾਰ 
ਜਦੋਂ ਮੈਂ ਤੈਨੂੰ ਚੁੰਮਦਾ ਸੀ
ਉਹ ਦਿਨ ਤੇ ਅੱਜ ਦਾ ਦਿਨ 
ਹੋਰ ਕੋਈ ਪ੍ਰਿਜ਼ਮ 
ਮੇਰੇ  ਪਰਛਾਵੇਂ ਨੂੰ ਵੰਡ ਨਹੀਂ ਸਕਿਆ
ਤੇ ਲਾਲ ਰੰਗ ਨੂੰ ਮੈਂ
ਦਿਲ ਨਾਲ ਲਾ ਕੇ ਤੁਰਦਾਂ
ਅੱਖਾਂ 'ਚ ਭਰ ਕੇ ਤੁਰਦਾਂ......

ਅਕਸਰ ਸੁਣਦੇ ਹਾਂ
ਕਿ ਠੰਡਾ ਦੌਰ ਚਲ ਰਿਹਾ ਹੈ
ਸਮਾਂ ਠੰਡਾ ਲੋਕ ਠੰਡੇ ਰਿਸ਼ਤੇ ਠੰਡੇ ਪਿਆਰ ਠੰਡਾ
ਪਰ ਖਿਆਲ ਆਉਂਦਾ ਹੈ
ਠੰਡੇ ਤੇ ਠੰਡੇ 'ਚ ਵੀ ਤਾਂ ਫ਼ਰਕ ਹੁੰਦਾ ਹੈ
ਠੰਡੀ ਰਾਤ ਨੇ ਪਿਘਲਣਾ ਹੁੰਦਾ ਹੈ
ਜੀ ਆਇਆਂ ਕਹਿਣਾ ਹੁੰਦਾ ਹੈ
ਅੱਗ ਦਾ ਗੋਲਾ ਬਣਕੇ ਆਉਣ ਵਾਲੇ ਸੂਰਜ ਨੂੰ
ਠੰਡੇ ਸਮੇਂ 'ਚ ਤਿਆਰੀਆਂ ਹੁੰਦੀਆਂ ਨੇ
ਸ਼ੀਸ਼ੇ  ਬਣਾਏ ਜਾਂਦੇ ਹਨ
ਤੇਜ਼ ਧੁੱਪਾਂ ਨੂੰ ਫੜ ਕੇ ਇੱਕ ਥਾਂ ਇਕੱਠਿਆਂ ਕਰਨ ਲਈ

ਪਰ ਠੰਡੇ ਹੋ ਗਏ ਆਦਮੀ ਨੇ, ਰਿਸ਼ਤੇ ਨੇ, ਪਿਆਰ ਨੇ
ਗਲਣਾ ਹੁੰਦਾ ਹੈ
ਬਦਬੂ ਫੈਲਾਣੀ ਹੁੰਦੀ ਹੈ
ਕਿਸੇ ਸਮੇਂ ਮਿੱਠੇ ਰਹੇ
ਤੇ ਹੁਣ ਫਫੂੰਦ ਲੱਗੇ ਅੰਬ ਵਾਂਗ
ਫਿਰ ਕਿਉਂ ਨਾ ਦੋਸਤੋ
ਅਸੀਂ ਠੰਡੇ ਰਹਿ ਕੇ
ਠੰਡ ਦੇ ਪਿਘਲਣ ਦੀ ਰਫ਼ਤਾਰ ਨੂੰ ਤੇਜ਼ ਕਰੀਏ
ਅਤੇ ਠੰਡੇ ਪੈ ਗਏ
ਰਿਸ਼ਤਿਆਂ ਨੂੰ ਤੇ ਪਿਆਰਾਂ ਨੂੰ
ਹਵਾਲੇ ਕਰੀਏ
ਧਰਤੀ ਦੀ ਨਿੱਘ ਦੇ.....



Friday, September 7, 2012

ਇੱਕ ਕੁੱਤੇ ਦੀ ਹੋਣੀ

ਮਾਲਕ ਦੇ ਇਸ਼ਾਰੇ 'ਤੇ
ਭੌਂਕਣਾ 
ਮਾਲਕ ਦੇ ਪਿੱਛੇ-ਪਿੱਛੇ
ਪੂਛ ਹਿਲਾਉਣਾ 
ਤੇ ਮਾਲਕ ਦੇ ਆਖੇ ਵੱਢਣਾ 
ਫਿਰ ਇੱਕ ਦਿਨ 
ਭੌਂਕਦੇ 
ਪੂਛ ਹਿਲਾਉਂਦੇ 
ਵੱਢਦੇ ਹੋਏ 
ਮਾਲਕ ਦੇ ਫਾਇਦੇ ਲਈ
ਜੇਲ੍ਹ ਚਲੇ ਜਾਣਾ 
ਤੇ ਉਡੀਕਣਾ ਮੌਤ ਨੂੰ...

Thursday, August 23, 2012

ਪਹਿਲਾ ਪਿਆਰ - 1

ਤੇਰੀ ਮੇਰੀ ਸਾਂਝ
ਕੁਝ ਇਸ ਤਰ੍ਹਾਂ ਰਹੀ
ਜਿਵੇਂ
ਟੁੱਟਦੇ ਤਾਰੇ ਤੇ ਧਰਤੀ ਦਾ ਰਿਸ਼ਤਾ
ਖਿੱਚ ਇੰਨੀ ਕਿ
ਤੇਰੇ ਦਿਲ ਨੂੰ ਚੁੰਮਣ ਤੋਂ ਪਹਿਲਾਂ ਹੀ
ਮੈਂ ਰਾਖ਼ ਹੋ ਗਿਆ
ਰੋਸ਼ਨੀ ਦੀ ਲੀਕ
ਇੰਨੀ ਤਿੱਖੀ ਰਹੀ
ਕਿ ਮੇਰੇ ਵਕਤ ਨੂੰ ਅਨੰਤਤਾ ਤੱਕ
ਦੁਧੀਆ ਕਰ ਗਈ
ਤੇ ਸੇਕ ਵੀ ਇੰਨਾ ਕਿ
ਚੁਫੇਰੇ ਖਿਲਰੀ ਰਾਖ਼ 'ਚੋਂ
ਮੈਂ ਜਿਉਂ ਉੱਠਿਆ
ਕੁਕਨੂਸ ਵਾਂਗ...

Friday, August 3, 2012

ਗਜ਼ਲ

ਮੇਰੇ ਸਿਰ 'ਤੇ ਕਰਜ਼ ਬੜੇ ਨੇ |
ਮਿਲਣ 'ਚ ਤੈਨੂੰ ਹਰਜ਼ ਬੜੇ ਨੇ|

ਨਾਮ ਤੇਰਾ ਹੀ ਗਾਉਂਦਾ ਰਹਿਨਾ,
ਦਿਲ ਵਿੱਚ ਉਂਝ ਤਾਂ ਲਫ਼ਜ਼ ਬੜੇ ਨੇ|

ਮੇਰੇ ਹੀ ਕਿਉਂ ਤੇਰੇ ਵੀ ਤਾਂ,
ਰਾਹ ਵਿੱਚ ਸੁਣਿਆ ਫਰਜ਼ ਬੜੇ ਨੇ|

ਤੇਰੇ ਨੇੜੇ ਰਹਿ ਕੇ ਲੱਗਾ,
ਦੁਨੀਆਂ ਦੇ ਵਿੱਚ ਮਰਜ਼ ਬੜੇ ਨੇ|

'ਵਾਵਾਂ ਖੁਸ਼ਬੂ ਕਿਉਂ ਨਾ ਵੰਡਣ,
ਗੀਤ ਕਰੇ ਮੈਂ ਦਰਜ ਬੜੇ ਨੇ| 

ਕੰਢੇ  ਆਪਣੇ ਤੋੜਨਗੇ ਹੁਣ,
ਨੀਰ ਗਏ ਜੋ ਲਰਜ਼ ਬੜੇ ਨੇ| 

Wednesday, August 1, 2012

ਸਮਝਦਾਰ ਸ਼ਹਿਰੀ

ਸਮਝਦਾਰ ਸ਼ਹਿਰੀ
ਚੰਗੀ ਤਰ੍ਹਾਂ ਸਮਝਦੇ ਹਨ
ਕਿ ਸਭ ਤੋਂ ਵੱਡੀ ਸਮਝਦਾਰੀ
ਕਦੇ ਵੀ
ਕੋਈ ਵੀ
ਅਜਿਹੀ ਗੱਲ ਨਾ ਕਰਨ 'ਚ ਹੈ
ਜਿਸ 'ਚ ਸਮਝਦਾਰੀ ਹੋਵੇ.... 

Friday, July 27, 2012

ਇੱਕ ਸਫ਼ਰ ਦਾ ਗੀਤ

ਦਿਨ ਉੱਗਾ ਹੈ ਕਿੱਦਾਂ ਦਾ
ਮੈਂ ਜਿਧਰ ਵੀ ਤੱਕਦਾ ਹਾਂ
ਸ਼ੈੱਡ ਈ ਨਜਰੀਂ ਪੈਂਦੇ ਨੇ
ਮੈਨੂੰ ਸਮਸ਼ਾਨ ਘਾਟਾਂ ਦੇ
ਸੂਰਜ ਦੀ ਛਾਵੇਂ ਜਦ ਵੀ
ਰੰਗਾਂ ਨੂੰ ਮੈਂ ਰੱਖਦਾ ਹਾਂ
ਨਕਸ਼ ਨੈਣੀਂ ਉੱਭਰ ਆਉਂਦੇ
ਰੱਤ ਰੰਗੀਆਂ ਵਾਟਾਂ ਦੇ
ਇਹ ਕਿਹੜੀਆਂ ਰਾਹਾਂ 'ਤੇ
ਮੈਂ ਪੈਰਾਂ ਨੂੰ ਟਿਕਾ ਰਿਹਾਂ
ਫਿਰ ਯਾਦ ਆਇਆ
ਕਿ ਰਾਜਧਾਨੀ ਨੂੰ ਜਾ ਰਿਹਾਂ

ਬੁੱਲ੍ਹਾਂ ਤੋਂ ਉਡਾਰੀ ਭਰ
ਪੰਛੀ ਮੇਰੇ ਗੀਤਾਂ ਦੇ
ਕੁੰਡਾ ਖੜਕਾਉਣ ਜਾ ਕੇ
ਘਰ ਸਮਸ਼ਾਨ ਘਾਟਾਂ ਦੇ
ਨੀਂਦ 'ਚ ਬੇਹੋਸ਼ ਰੁੱਖ
ਪਹਿਰੇ ਲੱਗੇ ਰੀਤਾਂ ਦੇ
ਬੰਦ ਨੇ ਹਵਾਵਾਂ ਯਾਰੋ
ਮੁੱਖ ਝੁਲਸੇ ਨੇ ਵਾਟਾਂ ਦੇ
ਇਹ ਜਾਲੇ ਬੁਣੇ ਕਿਸਨੇ 
ਜੋ ਰਾਹਾਂ 'ਚੋਂ ਹਟਾ ਰਿਹਾਂ
ਫਿਰ ਯਾਦ ਆਇਆ
ਕਿ ਰਾਜਧਾਨੀ ਨੂੰ ਜਾ ਰਿਹਾਂ

ਹਰਿਆਲੀ ਦੀ ਜੜ੍ਹ ਸੁੱਕੀ
ਜਿਉਂ ਧਰਤੀ ਦੀ ਕੁੱਖ ਮੁੱਕੀ
ਨਲਕੇ ਖੁੱਲੇ ਮਿਲਦੇ
ਐਪਰ ਸਮਸ਼ਾਨ ਘਾਟਾਂ ਦੇ
ਆਸਮਾਨ ਹੈ ਟੁਕੜੇ ਟੁਕੜੇ
ਚੂਹਿਆਂ ਨੇ ਹੈ ਧਰਤ ਟੁੱਕੀ
ਨਾਂ ਰਖਾ 'ਤੇ ਕੌਮੀ ਮਾਰਗ
ਰੱਜ  ਭੁੱਖ ਦੀਆਂ ਵਾਟਾਂ ਦੇ
ਵਾਰ ਵਾਰ ਕਿਉਂ ਲਾਸ਼ਾਂ 'ਤੇ
ਮੈਂ ਤੁਰਦਾ ਠੇਡੇ ਖਾ ਰਿਹਾਂ
ਫਿਰ ਯਾਦ ਆਇਆ
ਕਿ ਰਾਜਧਾਨੀ ਨੂੰ ਜਾ ਰਿਹਾਂ
ਫਿਰ ਯਾਦ ਆਇਆ
ਕਿ ਚੰਡੀਗੜ੍ਹ ਨੂੰ ਜਾ ਰਿਹਾਂ ......

'ਨਹੀਂ' ਦੀ ਪ੍ਰਸਵ ਪੀੜਾ

ਕੁਝ ਰਾਹੀ ਨੇ 
ਜਿਨ੍ਹਾਂ ਦੇ ਘਰ ਨਹੀਂ ਰਹੇ 
ਕੁਝ ਘਰ ਨੇ 
ਜਿਨ੍ਹਾਂ ਦੇ ਦਰ ਨਹੀਂ ਰਹੇ 
ਕੁਝ ਯਾਦਾਂ ਦੇ ਜੰਗਲ ਨੇ 
ਜੋ ਸੜ ਨਹੀਂ ਰਹੇ 
ਕੁਝ ਦਿਲਚੱਟੇ ਨੇ 
ਜੋ ਮਰ ਨਹੀਂ ਰਹੇ 
ਕੁਝ ਪੰਛੀ ਨੇ 
ਜਿਨ੍ਹਾਂ ਦੇ ਪਰ ਨਹੀਂ ਰਹੇ 
ਕੁਝ ਸੁਪਨੇ ਨੇ 
ਪੈਰਾਂ ਸਿਰ ਖੜ੍ਹ ਨਹੀਂ ਰਹੇ 
ਕੁਝ ਸਿਵੇ ਨੇ 
ਜੋ ਠਰ੍ਹ ਨਹੀਂ ਰਹੇ 
ਕੁਝ ਸਿਲ੍ਹੇ ਮੁੱਢ ਨੇ 
ਜੋ ਅੱਗ ਫੜ ਨਹੀਂ ਰਹੇ 
ਕੁਝ ਜਾਲੇ ਨੇ 
ਜਿਨ੍ਹਾਂ ਦੇ ਮਿਲ ਲੜ ਨਹੀਂ ਰਹੇ 
ਕੁਝ ਹੱਲ ਬੁਝਾਰਤਾਂ ਨੇ 
ਜੋ ਵਕਤ ਪੜ੍ਹ ਨਹੀਂ ਰਹੇ 
ਕੁਝ ਬੇਚੈਨ ਪਲ ਨੇ 
ਜੋ ਖਿਆਲਾਂ 'ਚ ਢਲ ਨਹੀਂ ਰਹੇ 
ਕੁਝ ਤਿਲਕਣੇ ਖਿਆਲ ਨੇ 
ਜੋ ਸ਼ਬਦਾਂ ਨੂੰ ਵਰ ਨਹੀਂ ਰਹੇ 

ਤੇ ਕਵਿਤਾ 
ਇਹਨਾਂ ਤੇ ਹੋਰ ਬਹੁਤ ਸਾਰੇ ਅਦਰਜ "ਨਹੀਂ" ਨਾਲ 
ਬਹਿਸਦੀ 
ਲੜਦੀ 
ਜਨਮਦੀ ਹੈ 
ਕੁਝ "ਨਹੀਂ" ਨੂੰ ਸਤਰਾਂ 'ਚੋਂ ਹਟਾਉਣ ਦੀਆਂ 
ਕੋਸ਼ਿਸ਼ਾਂ ਦੀ ਕੋਸ਼ਿਸ਼ ਬਣ ਜਾਂਦੀ ਹੈ
ਕੁਝ "ਨਹੀਂ" ਨੂੰ 
ਹੋਰ ਗੂੜ੍ਹਾ ਕਰ ਜਾਂਦੀ ਹੈ 
ਜਦੋਂ ਤੱਕ 
ਕੁਝ "ਨਹੀਂ" ਹਨ ਮੇਰੇ ਕੋਲ 
ਉਹ ਮੇਰੇ ਕੋਲ ਆਉਂਦੀ ਰਹੇਗੀ
ਤੇ ਉਹਦੇ ਕੋਲ 
ਮੈਂ ਜਾਂਦਾ ਰਹਾਂਗਾ 
ਕਵਿਤਾ 
ਜਨਮਦੀ ਰਹੇਗੀ.....    

Sunday, June 24, 2012

ਗਜ਼ਲ

ਜਦ ਜਦ ਵੀ ਹੁਣ ਮੌਸਮ ਬਹਾਰ ਆਏਗਾ|
ਇਸ਼ਕ ਤੇਰੇ ਦਾ ਦਿਲ 'ਤੇ ਖੁਮਾਰ ਛਾਏਗਾ|

ਕੀ ਹੋਇਆ ਅਧੂਰਾ ਪਿਆਰ ਰਹਿ ਜਾਣਾ,
ਬੀਜ ਫੁੱਲਾਂ ਦੇ ਬੰਜਰੀਂ ਖਿਲਾਰ ਜਾਏਗਾ|

ਫੁੱਲ ਕੈਂਚੀ ਨੂੰ ਮਿਲੇ ਜਾਂ ਫੜੇ ਹੱਥ ਹੁਸਨ ਦਾ,
ਪਰ ਖੁਸ਼ਬੂ ਨਾ ਕਦੇ ਉਹ ਵਿਸਾਰ ਆਏਗਾ|

ਵਸਣਾ ਰਗ ਰਗ ਤੇਰੀ ਅਸਾਂ ਲਹੂ ਬਣਕੇ,
ਫਿਰ ਤੈਨੂੰ ਸਾਡਾ ਐਤਬਾਰ ਆਏਗਾ|


ਹਿੱਕ ਪਿਘਲ ਪਹਾੜ ਦੀ ਨਦੀ 'ਚ ਵਹਿ ਤੁਰਨੀ,
ਧਰਤ ਸੁੰਨੀ 'ਤੇ ਫਿਰ ਜਾ ਨਿਖਾਰ ਆਏਗਾ|

Tuesday, May 8, 2012

ਜ਼ਖਮ ਨੂੰ - 2


ਉਡੀਕ ਮੇਰੀ 'ਚ ਜ਼ਖਮ ਪਿਆਰੇ 
ਐਵੇਂ ਨਾ ਬੇਜ਼ਾਰ ਰਹੀਂ
ਅੱਗ ਲੈਣ ਲਈ ਆਵਾਂ ਜਦ 
ਬਸ ਧੁਖਦਾ ਅੰਗਾਰ ਰਹੀਂ

ਪਤਝੜਾਂ ਬਹਾਰਾਂ ਦੇ ਸੰਗ
ਮਹਿਫਲਾਂ ਸਜਾਉਣੇ ਲਈ
ਮੈਂ ਨਗਮੇ ਉਧਾਰ ਲੈਣੇ
ਤੂੰ ਬਣਕੇ ਦਿਲਦਾਰ ਰਹੀਂ

ਦੁਨੀਆਂ ਦੇ ਹਰ ਕੋਨੇ ਤੇਰੀ
ਮਹਿਕ ਹੈ ਖਿਲਾਰਨੀ
ਬਣ ਭੌਰਾ ਮੈਂ ਆਵਾਂ ਜਦ
ਤੂੰ ਖਿੜਿਆ ਗੁਲਜ਼ਾਰ ਰਹੀਂ

ਉਡੀਕ ਹੁਣ ਤਾਂ ਹੁੰਦੀ ਨਾ
ਮੱਸਿਆ ਦੀ ਕਦੇ ਪੁੰਨਿਆ ਦੀ
ਆਉਂਦਾ ਹਰ ਪਲ ਹਰ ਘੜੀ
ਤੂੰ ਬਣਕੇ ਜਵਾਰ ਰਹੀਂ

ਮੈਂ ਜਾਣਦਾਂ ਹਾਂ ਹਸ਼ਰ ਮੇਰਾ
ਹੋ ਸਕਦੈ ਪੌਮਪੇ ਜਿਹਾ
ਪਰ ਡਰੀਂ ਨਾ ਤੂੰ ਬਣਿਆ
ਲਾਵੇ ਦਾ ਪਹਾੜ ਰਹੀਂ

ਲੜੀ ਸਾਹਾਂ ਵਾਲੀ ਚਲਦੀ
ਹੁਣ ਦਿਲ ਦੇ ਭਰੋਸੇ ਨਾ
ਛਲਕਦਾ ਹਮੇਸ਼ਾ ਓ ਮੇਰੇ 
ਬਾਰ੍ਹਾਂਮਾਸੀ ਆਬਸ਼ਾਰ ਰਹੀਂ

ਕੁਰਬਾਨ ਹੋਣੀ ਤੇਰੇ ਉੱਤੋਂ
ਮੇਰੀ ਹਰ ਕਵਿਤਾ
ਤੂੰ ਗੀਤ ਹੈਂ ਸਜਾ ਕੇ ਬੈਠਾ 
ਗੀਤਾਂ ਦਾ ਬਜ਼ਾਰ ਰਹੀਂ

ਮੌਸਮ

ਮੌਸਮ ਦਾ ਅਰਥ ਸਿਰਫ਼ 
ਭੂਤਰੇ ਜਿੰਨ ਵਾਂਗ ਸੂਰਜ ਦਾ ਅੱਗ ਵਰਾਉਣਾ
ਜਾਂ ਬੇਵੱਸ ਮਜ਼ਦੂਰ ਵਾਂਗ ਧੂੜ 'ਤੇ ਜੰਮੇ ਪਾਣੀ ਅੱਗੇ
ਗੋਡੇ ਪਰਨੀਂ ਹੋ ਜਾਣਾ 
ਜਾਂ ਫਿਰ ਆਸਮਾਨ ਦਾ ਹੁਣੇ ਹੁਣੇ ਵਿਧਵਾ ਹੋਈ ਔਰਤ ਵਾਂਗ
ਲਗਾਤਾਰ ਰੋਈ ਜਾਣਾ ਹੀ ਨਹੀਂ ਹੁੰਦਾ
ਮੌਸਮ ਸੀਜ਼ਨ ਜਾਂ ਆਫ਼-ਸੀਜ਼ਨ ਵੀ ਹੁੰਦਾ ਹੈ
ਮੌਸਮ ਤਨਖਾਹ ਦਾ ਘਟਣਾ-ਵਧਣਾ ਵੀ ਹੁੰਦਾ ਹੈ
ਮੌਸਮ ਧੂਏਂ ਤੇ ਧੂੜ ਦੀਆਂ ਕਾਲੀਆਂ ਝੀਲਾਂ 'ਚੋਂ ਚਿੱਟੀ ਰੋਟੀ ਲੱਭਣ ਲਈ
ਕੂੰਜਾਂ ਵਾਂਗ ਘਰਾਂ ਨੂੰ ਛੱਡ ਤੁਰਨਾ 
ਤੇ ਫਿਰ ਉਹਨਾਂ ਸਾਹਾਂ ਨੂੰ ਛੋਹਣ ਲਈ ਮੁੜਨਾ ਵੀ ਹੁੰਦਾ ਹੈ 
ਜਿਹਨਾਂ ਨੂੰ ਉਹ ਸਾਲ ਭਰ ਸਿਰਫ਼ ਸੁਣਦਾ ਹੀ ਰਹਿੰਦਾ ਹੈ
ਮੌਸਮ ਵਕਤਾਂ ਨੂੰ ਵਾਹੁੰਦੇ, ਬੀਜਦੇ, ਸਿੰਜਦੇ ਤੁਰਦੇ ਰਹਿਣਾ ਵੀ ਹੁੰਦਾ ਹੈ 
ਤੇ ਫਿਰ ਕਦੇ ਕਦੇ ਮਿੱਟੀ ਨੂੰ ਉਲਟਾ ਦੇਣਾ ਵੀ ਹੁੰਦਾ ਹੈ
ਮੌਸਮ ਹਮੇਸ਼ਾਂ ਸਾਲ ਦੇ ਮਹੀਨਿਆਂ 'ਚ ਨਹੀਂ ਮਿਣਿਆ ਜਾਂਦਾ
ਮੌਸਮ ਦਹਾਕਿਆਂ ਦਾ ਵੀ ਹੁੰਦਾ ਹੈ ਤੇ ਪਲਾਂ ਦਾ ਵੀ
ਮੌਸਮ ਲਹੂ ਦਾ ਇੱਕ-ਇੱਕ ਕਤਰਾ ਬਚਾ ਕੇ ਰੱਖਣਾ
ਤੇ ਫਿਰ ਹੜ੍ਹਾਂ ਵਾਂਗ ਡੋਲਣਾ ਵੀ ਹੁੰਦਾ ਹੈ

ਬੇਮੌਸਮੇ ਸਿਰਫ਼ ਫਲ ਨਹੀਂ ਹੁੰਦੇ 
ਜਿਹਨਾਂ 'ਚ ਸੁਆਦ ਨਹੀਂ ਰਹਿੰਦਾ
ਬੇਮੌਸਮੇ ਵਿਚਾਰ ਵੀ ਹੁੰਦੇ ਹਨ
ਜਿਹਨਾਂ 'ਚ ਜੀਵਨ ਨਹੀਂ ਰਹਿੰਦਾ
ਬੇਮੌਸਮਾ ਜੀਵਨ ਵੀ ਹੁੰਦਾ ਹੈ
ਜਿਹੜਾ ਜੀਣ ਯੋਗ ਨਹੀਂ ਰਹਿੰਦਾ
ਬੇਮੌਸਮਾ ਜੀਣਾ ਵੀ ਹੁੰਦਾ ਹੈ
ਜਿਹੜਾ ਸਹਿਣਯੋਗ ਨਹੀਂ ਰਹਿੰਦਾ....

Friday, May 4, 2012

ਜ਼ਖਮ ਨੂੰ - 1

ਤੂੰ ਵੀ ਅਜੀਬ ਸ਼ੈਅ ਹੈਂ 
ਮੇਰੇ ਪਿਆਰੇ ਜ਼ਖਮ
ਕਦੇ ਮੈਂ ਤੈਨੂੰ ਠੀਕ ਕਰਨਾ ਚਾਹਿਆ ਸੀ
ਪਰ ਤੂੰ ਨਹੀਂ ਮੰਨਿਆ
ਹੁਣ ਤੂੰ ਠੀਕ ਹੋਣਾ ਲੋਚਦਾ ਹੈਂ
ਮੈਂ ਨਹੀਂ ਮੰਨਣ ਵਾਲਾ

ਜਦੋਂ ਵਕਤਾਂ ਦੀ ਕੰਬਾਈਨ ਨੇ
ਮੇਰੀ ਸੁਨਹਿਰੀ ਚਮਕ
ਚੁਰਾ ਲਈ ਸੀ
ਤੂੰ ਹੜ੍ਹ ਉੱਠਿਆ ਸੀ ਸਾਰੇ ਬੰਨ੍ਹ ਤੋੜ ਕੇ
ਸੋਨਾ ਵਿਖੇਰ ਦਿੱਤਾ ਸੀ
ਮੇਰੇ  ਦਿਲ ਦੇ ਵਿਹੜੇ
ਸਦਾ ਲਈ ਜਰਖੇਜ਼ ਕਰ ਦਿੱਤਾ ਸੀ

ਤੈਨੂੰ ਯਾਦ ਹੋਣੈ
ਜਦੋਂ ਉਹ ਮੈਥੋਂ
ਮੇਰੇ ਸੁਪਨੇ, ਮੇਰਾ  ਪਿਆਰ ਝਪਟਣ ਆਏ ਸੀ
ਮੈਂ ਬਾਗੀ ਫੌਜੀ ਵਾਂਗ ਟੁੱਟ ਪਿਆ ਸੀ
ਖੰਜਰਾਂ ਦੀ ਬਟਾਲੀਅਨ 'ਤੇ
ਹੁਣ ਉਹ ਆਉਣਗੇ ਆਪਣੀਆਂ ਮਲ੍ਹਮਾਂ ਲੈ ਕੇ
ਮੈਥੋਂ ਮੇਰੀ ਨਫ਼ਰਤ ਖੋਹਣ
ਪਰ ਤੇਰੇ ਗਰਮ ਕੰਢਿਆਂ ਅੱਗੇ
ਉਹਨਾਂ ਦੀਆਂ ਉਂਗਲਾਂ ਬੱਗੀਆਂ ਹੋ ਜਾਣਗੀਆਂ

ਓ ਮੇਰੇ ਦਿਲ 'ਚੋਂ ਫੁੱਟਦੇ
ਗਰਮ ਲਹੂ ਦੇ ਝਰਨੇ
ਮੈਂ ਬੈਠਦਾ ਹਾਂ
ਤੇਰੇ ਕੋਲ
ਖਿਆਲਾਂ ਦੀ ਕੁਰਸੀ ਡਾਹ ਕੇ
ਠੰਢੇ ਮੌਸਮਾਂ 'ਚ
ਉਦਾਸ ਵਕਤਾਂ 'ਚ
ਸਿਲ੍ਹੀਆਂ ਹਨੇਰੀਆਂ 'ਚ
ਬੋਝਲ ਅਲਸਾਈ ਹਵਾ ਦੇ ਲੰਮੇ ਕਸ਼ ਭਰਦਾ ਹੋਇਆ
ਅਵਾਰਾ ਘੁੰਮਦੇ ਬੱਦਲਾਂ ਨਾਲ ਖੇਡਣ ਨਿਕਲ ਗਏ
ਚੰਨ ਨੂੰ ਭਾਲਦਾ ਹਾਂ
ਤਾਰਿਆਂ  'ਚੋਂ ਅਣਜਾਣੇ ਸਫ਼ਰ ਦੀ 
ਦਿਸ਼ਾ ਲਭਦਾ ਹਾਂ 
ਤੇ ਮੈਂ ਚਲ ਪਵਾਂਗਾ ਅੱਧੀ ਰਾਤ ਨੂੰ ਹੀ
ਨੰਗੇ ਪਹਾੜਾਂ ਦੀਆਂ ਚੜਾਈਆਂ ਚੜ੍ਹਨ
ਸੁੰਨੇ ਸਾਗਰਾਂ 'ਚ ਠਿੱਲਣ 
ਰੇਤਲੇ ਪੈਂਡਿਆਂ ਨੂੰ ਛੋਹਣ

ਤੂੰ ਰਿਸਦਾ  ਰਹੀਂ
ਮੇਰੇ ਪਿਆਰੇ ਜ਼ਖਮ
ਮੈਂ  ਜਗਾਵਾਂਗਾ ਇੱਕ ਰਾਤ ਆ ਕੇ ਤੈਨੂੰ
ਤੇ ਅਸੀਂ ਫਿਰ ਬੈਠਾਂਗੇ ਲਾਗੇ-ਲਾਗੇ
ਇੱਕ ਦੂਜੇ ਦੀਆਂ ਗੱਲ੍ਹਾਂ ਨਾਲ ਗੱਲ੍ਹਾਂ ਜੋੜ ਕੇ
ਜਾਮ ਟਕਰਾਵਾਂਗੇ ਵੋਦਕਾ ਦਾ
ਦੁਧੀਆ ਬੱਦਲਾਂ ਤੇ ਪੀਲੇ ਚੰਨ ਦੇ ਪਿੱਛੇ ਲੁਕਿਆ
ਗੀਤ ਲੱਭਣ ਖੇਡਾਂਗੇ... 

Friday, April 20, 2012

ਗਜ਼ਲ

ਇਹ ਨੀਲ ਦੀ ਲਿਸ਼ਕੋਰ 'ਚੋਂ ਅਜਬ ਨਜ਼ਾਰਾ ਹੋ ਰਿਹੈ,
ਤਹਿਰੀਰ 'ਚੋਂ ਕਲ ਦੀ ਤਹਿਰੀਕ ਦਾ ਇਸ਼ਾਰਾ ਹੋ ਰਿਹੈ|

ਧੁੱਪ ਕੈਦ ਹੈ ਜੇਲ੍ਹਾਂ ਅੰਦਰ ਦਿਲ ਸੂਰਜ ਦੇ ਖੰਜਰ ਹੈ,
ਆਸ ਜਿਉਂਦੀ ਰੱਖਣੇ ਲਈ ਕੋਈ ਪੂਛਲ ਤਾਰਾ ਹੋ ਰਿਹੈ|

ਝਾੜੀਂ ਫਸੇ ਬਾਰਾਂਸਿੰਗ੍ਹੇ ਦੀ ਜੋ ਸੁਰੀਲੀ ਚੀਕ ਸੀ,
ਹੁਣ ਮੇਲ ਰੁਕਨਾਂ ਦਾ ਉਹੀ ਕੋਈ ਨਗਾਰਾ ਹੋ ਰਿਹੈ|

ਬਣਿਆ ਰਿਹਾ ਲਾਗੀ ਕਦੇ ਦਰਬਾਰ ਦਾ ਸੀ ਗਜ਼ਲਗੋ,
ਹੁਣ ਕਾਮਿਆਂ ਦੀ ਫੌਜ ਦਾ ਭਰਤੀ ਬੁਲਾਰਾ ਹੋ ਰਿਹੈ|

ਸਤਿਕਾਰ ਕਾਰੋਬਾਰ ਦੀ ਲੀਲਾ ਬੜੀ ਖੇਡੀ ਗਈ,
'ਅਮਗੀਤ' ਹੁਣ ਤਾਂ ਖਬਰ ਦੇ ਸ਼ਾਇਰ ਅਵਾਰਾ ਹੋ ਰਿਹੈ|

 

Thursday, April 12, 2012

  

ਉਹਨਾਂ ਸਾਨੂੰ ਦੱਸਿਆ ਕਿ 
ਤੂੰ ਛੋਟਾ ਹੁੰਦਾ 
ਬੰਦੂਕਾਂ ਬੀਜਦਾ ਸੈਂ
ਅਸਾਂ ਨੇ ਕਿਤੋਂ ਪੜ੍ਹ ਲਿਆ
ਕਿ ਤੂੰ ਵੱਡਾ ਹੋ ਕੇ
ਸੁਪਨੇ ਬੀਜਣ ਲੱਗ ਪਿਆ ਸੀ
ਬਸ ਉਸੇ ਦਿਨ ਤੋਂ ਉਹਨਾਂ ਨੇ
ਮੇਰੇ ਸੁਪਨਿਆਂ 'ਤੇ 
ਬੰਦੂਕਾਂ ਦਾ ਪਹਿਰਾ ਬੈਠਾ ਦਿੱਤਾ ਹੈ
..................
..................
ਓ ਬੰਦੂਕਾਂ ਵਾਲਿਓ!
ਓ  ਟੈਂਕਾਂ ਵਾਲਿਓ!!
ਮੈਂ ਕੂਚ ਕਰ ਚੁੱਕਾ ਹਾਂ
ਸੁਪਨਿਆਂ ਦੀ ਧਰਤੀ ਵੱਲ...

Monday, March 26, 2012


 ਘਰ ਤੇ ਦੁਨੀਆਂ

ਉਹਨਾਂ ਨੇ ਕਿਹਾ
ਪਹਿਲਾਂ ਘਰ ਬਣਾ ਲੈ
ਮੈਂ ਕਿਹਾ
ਪਹਿਲਾਂ ਘਰ ਬਣਾਉਣ ਲਾਇਕ
ਦੁਨੀਆਂ ਬਣਾ ਲਈਏ
ਉਹ ਦੁਨੀਆਂ ਨੂੰ ਭੁੱਲ
ਘਰ ਬਣਾਉਣ ਲੱਗੇ
ਤੇ ਮੈਂ
ਦੁਨੀਆਂ ਬਣਾਉਣ ਲਈ
ਘਰ ਨੂੰ ਛੱਡ ਆਇਆ
ਹੁਣ ਉਹਨਾਂ ਦੀ ਦੁਨੀਆਂ
ਘਰ ਹੈ
ਮੇਰਾ ਘਰ 
ਪੂਰੀ ਦੁਨੀਆਂ....

Monday, March 19, 2012


ਗਜ਼ਲ

ਬਿਨ ਤੇਰੇ ਹੋਗੀ ਜ਼ਿੰਦਗੀ ਇੱਦਾਂ |
ਇੱਕ ਰਾਤ ਏ ਤਾਰਿਉਂ ਸੱਖਣੀ ਜਿੱਦਾਂ |

ਪਲ ਵਿਛੜਨ ਦੇ ਇਉਂ ਤੈਰਨ ਯਾਦੀਂ,
ਵਿੱਚ ਪਰੀ ਕਹਾਣੀ ਜਿਉਂ ਹੋਵਣ ਗਿਰਝਾਂ |

ਤਾਹੀਉਂ ਸਾਥੋਂ ਹੋਏ ਨਾ ਵਾਅਦੇ,
ਪਤਾ ਸੀ ਦੋਵਾਂ ਪੁਗਾਉਣੀਆਂ ਜ਼ਿੱਦਾਂ |

ਉਹ ਲੋਚੇ ਚੰਨ, ਚੰਨ ਸੂਰਜ ਲੱਭੇ,
ਫਿਰ ਮਿਲਦੀ ਗੀਤ ਨੂੰ ਕਵਿਤਾ ਕਿੱਦਾਂ |

ਰਾਖ 'ਚ ਢਾਲੀ ਹਰਫਾਂ ਦੀ ਵੱਲੀ,
ਦਿਲ 'ਤੇ ਡਿੱਗਦੇ ਯਾਦਾਂ ਦਿਆਂ ਮਿੱਗਾਂ |



ਦਿਲਾਂ ਦਾ ਬੋਲਾ ਕੀਤਾ ਹਰ ਕੋਨਾ,
ਸ਼ੰਖਾਂ, ਭਾਈਆਂ, ਇਲਮਾਂ, ਸਿੱਧਾਂ|

ਅੰਦਰ ਮੇਰੇ ਤਾਂ ਘਾਹ ਦਾ ਜੰਗਲ,
ਦੂਰੋਂ ਲੱਗਦੈ! ਕਿ ਤਿੜਾਂ ਨੂੰ ਮਿੱਧਾਂ|