Friday, July 27, 2012

ਇੱਕ ਸਫ਼ਰ ਦਾ ਗੀਤ

ਦਿਨ ਉੱਗਾ ਹੈ ਕਿੱਦਾਂ ਦਾ
ਮੈਂ ਜਿਧਰ ਵੀ ਤੱਕਦਾ ਹਾਂ
ਸ਼ੈੱਡ ਈ ਨਜਰੀਂ ਪੈਂਦੇ ਨੇ
ਮੈਨੂੰ ਸਮਸ਼ਾਨ ਘਾਟਾਂ ਦੇ
ਸੂਰਜ ਦੀ ਛਾਵੇਂ ਜਦ ਵੀ
ਰੰਗਾਂ ਨੂੰ ਮੈਂ ਰੱਖਦਾ ਹਾਂ
ਨਕਸ਼ ਨੈਣੀਂ ਉੱਭਰ ਆਉਂਦੇ
ਰੱਤ ਰੰਗੀਆਂ ਵਾਟਾਂ ਦੇ
ਇਹ ਕਿਹੜੀਆਂ ਰਾਹਾਂ 'ਤੇ
ਮੈਂ ਪੈਰਾਂ ਨੂੰ ਟਿਕਾ ਰਿਹਾਂ
ਫਿਰ ਯਾਦ ਆਇਆ
ਕਿ ਰਾਜਧਾਨੀ ਨੂੰ ਜਾ ਰਿਹਾਂ

ਬੁੱਲ੍ਹਾਂ ਤੋਂ ਉਡਾਰੀ ਭਰ
ਪੰਛੀ ਮੇਰੇ ਗੀਤਾਂ ਦੇ
ਕੁੰਡਾ ਖੜਕਾਉਣ ਜਾ ਕੇ
ਘਰ ਸਮਸ਼ਾਨ ਘਾਟਾਂ ਦੇ
ਨੀਂਦ 'ਚ ਬੇਹੋਸ਼ ਰੁੱਖ
ਪਹਿਰੇ ਲੱਗੇ ਰੀਤਾਂ ਦੇ
ਬੰਦ ਨੇ ਹਵਾਵਾਂ ਯਾਰੋ
ਮੁੱਖ ਝੁਲਸੇ ਨੇ ਵਾਟਾਂ ਦੇ
ਇਹ ਜਾਲੇ ਬੁਣੇ ਕਿਸਨੇ 
ਜੋ ਰਾਹਾਂ 'ਚੋਂ ਹਟਾ ਰਿਹਾਂ
ਫਿਰ ਯਾਦ ਆਇਆ
ਕਿ ਰਾਜਧਾਨੀ ਨੂੰ ਜਾ ਰਿਹਾਂ

ਹਰਿਆਲੀ ਦੀ ਜੜ੍ਹ ਸੁੱਕੀ
ਜਿਉਂ ਧਰਤੀ ਦੀ ਕੁੱਖ ਮੁੱਕੀ
ਨਲਕੇ ਖੁੱਲੇ ਮਿਲਦੇ
ਐਪਰ ਸਮਸ਼ਾਨ ਘਾਟਾਂ ਦੇ
ਆਸਮਾਨ ਹੈ ਟੁਕੜੇ ਟੁਕੜੇ
ਚੂਹਿਆਂ ਨੇ ਹੈ ਧਰਤ ਟੁੱਕੀ
ਨਾਂ ਰਖਾ 'ਤੇ ਕੌਮੀ ਮਾਰਗ
ਰੱਜ  ਭੁੱਖ ਦੀਆਂ ਵਾਟਾਂ ਦੇ
ਵਾਰ ਵਾਰ ਕਿਉਂ ਲਾਸ਼ਾਂ 'ਤੇ
ਮੈਂ ਤੁਰਦਾ ਠੇਡੇ ਖਾ ਰਿਹਾਂ
ਫਿਰ ਯਾਦ ਆਇਆ
ਕਿ ਰਾਜਧਾਨੀ ਨੂੰ ਜਾ ਰਿਹਾਂ
ਫਿਰ ਯਾਦ ਆਇਆ
ਕਿ ਚੰਡੀਗੜ੍ਹ ਨੂੰ ਜਾ ਰਿਹਾਂ ......

No comments:

Post a Comment