Wednesday, October 31, 2012

ਰੂਹ ਦਾ ਰੰਗ

ਮੇਰੇ ਦਿਲ ਦਿਆ ਮਹਿਰਮਾ
ਉਹ ਪਲ ਕਿੰਨੇ ਹੁਸੀਨ ਸਨ
ਤੇਰੀਆਂ ਬਾਹਾਂ ਦੇ ਚੌਗਿਰਦੇ 'ਚ
ਖੁਰ ਗਿਆ ਮੈਂ
ਪਹੁ-ਫੁਟਾਲੇ ਦੇ ਚਾਨਣੇ 'ਚ ਘੁਲ ਗਏ ਆਖਰੀ ਤਾਰੇ ਵਾਂਗ
ਸਿਆਲੀ ਧੁੰਧ ਰੰਗਾ ਮੈਂ
ਤੇਰੇ ਦਿਲ ਦੇ ਝਰੋਖੇ 'ਚੋਂ ਲੰਘਿਆ
ਤਾਂ ਮੇਰਾ ਪਰਛਾਵਾਂ
ਕਾਲਖ ਦੀ ਥਾਂ
ਸਤਰੰਗੀ ਪੀਂਘ ਹੋ ਗਿਆ 
ਮੇਰੀਆਂ ਅੱਖਾਂ ਚਮਕ ਉੱਠੀਆਂ
ਜਿਵੇਂ ਪਹਾੜ ਦੀ ਟੀਸੀ 'ਤੇ ਲੇਟੀ ਬਰਫ਼ 'ਤੇ
ਸੂਰਜ ਦੀ ਪਹਿਲੀ ਕਿਰਨ ਡਿੱਗੀ ਹੋਵੇ

ਵਕਤ ਮੇਰੇ ਕੋਲ ਆਇਆ
ਬੋਝਲ ਕਦਮੀਂ
ਦਿਨ ਟੱਪਿਆਂ ਤੋਂ ਤੁਰਦੀ ਹਾਮਲਾ ਔਰਤ ਵਾਂਗ 
ਆਪਣੇ ਬੇਚੇਹਰੇ ਮੁਖ 'ਤੇ
ਸੋਗੀ ਮੁਸਕਾਨ ਲਿਆ ਕੇ ਮੈਨੂੰ ਕਹਿੰਦਾ
"ਦੱਸ ਤੈਨੂੰ,
ਆਪਣੇ ਪਰਛਾਵੇਂ ਦੀ ਸਤਰੰਗੀ ਪੱਟੀ 'ਚੋਂ ਕਿਹੜਾ ਰੰਗ ਚਾਹੀਦੈ?"
ਤੇ ਮੈਂ ਸੋਚੀਂ ਪੈ ਗਿਆ

ਹਰਾ ਤਾਂ ਜ਼ਹਿਰਵਾ ਨਾਲ ਮਰੇ ਬੱਚੇ ਦਾ ਰੰਗ ਹੁੰਦੈ
ਜਾਂ ਫਿਰ ਕੈਅ ਦਾ
ਮੈਂ  ਸੋਚਦਾਂ
ਪੀਲਾ ਤਾਂ ਲੋਹਾ ਖਾਣ ਤੋਂ ਭੱਜਿਆ ਆਦਮੀ ਪੈ ਜਾਂਦਾ
ਜਾਂ ਟੁੱਟ ਕੇ ਡਿੱਗਣ ਦੀ ਵਾਰੀ ਉਡੀਕਦਾ ਪੱਤਾ
ਨੀਲਾ ਤਾਂ ਭੁਲੇਖੇ ਦਾ ਰੰਗ ਹੁੰਦਾ
ਜਿਵੇਂ ਅੰਬਰ ਤੇ ਸਮੰਦਰ
ਨੇੜੇ ਆਉਂਦਿਆਂ ਹੀ ਰੰਗਹੀਣ ਹੋ ਜਾਂਦੇ ਨੇ
ਮੈਂ ਲਾਲ ਰੰਗ 'ਤੇ ਉਂਗਲ ਧਰ ਦਿੱਤੀ
ਭਾਵੇਂ ਮਾਂ ਕਹਿੰਦੀ ਹੁੰਦੀ ਸੀ
ਲਾਲ ਰੰਗ ਦੇਖ ਜਾਨਵਰ ਛਿੜਦੇ ਆ
ਪਰ ਲਾਲ ਰੰਗ ਤਾਂ
ਖੂਨ ਦਾ ਰੰਗ ਏ
ਤੰਦਰੁਸਤੀ ਦਾ ਰੰਗ ਏ
ਤਾਕਤ ਦਾ ਰੰਗ ਏ
ਦਿਲ ਦਾ ਰੰਗ ਏ ਜਿਗਰ ਦਾ ਰੰਗ ਏ
ਪਿਆਰ ਦਾ ਰੰਗ ਏ
ਤੇ ਤੇਰੇ ਬੁੱਲ੍ਹ ਤੇ ਚੇਹਰਾ ਵੀ ਤਾਂ
ਲਾਲ ਹੋ ਜਾਂਦੇ ਸੀ ਸੰਗ ਨਾਲ
ਹਰ ਵਾਰ 
ਜਦੋਂ ਮੈਂ ਤੈਨੂੰ ਚੁੰਮਦਾ ਸੀ
ਉਹ ਦਿਨ ਤੇ ਅੱਜ ਦਾ ਦਿਨ 
ਹੋਰ ਕੋਈ ਪ੍ਰਿਜ਼ਮ 
ਮੇਰੇ  ਪਰਛਾਵੇਂ ਨੂੰ ਵੰਡ ਨਹੀਂ ਸਕਿਆ
ਤੇ ਲਾਲ ਰੰਗ ਨੂੰ ਮੈਂ
ਦਿਲ ਨਾਲ ਲਾ ਕੇ ਤੁਰਦਾਂ
ਅੱਖਾਂ 'ਚ ਭਰ ਕੇ ਤੁਰਦਾਂ......

No comments:

Post a Comment