Friday, August 3, 2012

ਗਜ਼ਲ

ਮੇਰੇ ਸਿਰ 'ਤੇ ਕਰਜ਼ ਬੜੇ ਨੇ |
ਮਿਲਣ 'ਚ ਤੈਨੂੰ ਹਰਜ਼ ਬੜੇ ਨੇ|

ਨਾਮ ਤੇਰਾ ਹੀ ਗਾਉਂਦਾ ਰਹਿਨਾ,
ਦਿਲ ਵਿੱਚ ਉਂਝ ਤਾਂ ਲਫ਼ਜ਼ ਬੜੇ ਨੇ|

ਮੇਰੇ ਹੀ ਕਿਉਂ ਤੇਰੇ ਵੀ ਤਾਂ,
ਰਾਹ ਵਿੱਚ ਸੁਣਿਆ ਫਰਜ਼ ਬੜੇ ਨੇ|

ਤੇਰੇ ਨੇੜੇ ਰਹਿ ਕੇ ਲੱਗਾ,
ਦੁਨੀਆਂ ਦੇ ਵਿੱਚ ਮਰਜ਼ ਬੜੇ ਨੇ|

'ਵਾਵਾਂ ਖੁਸ਼ਬੂ ਕਿਉਂ ਨਾ ਵੰਡਣ,
ਗੀਤ ਕਰੇ ਮੈਂ ਦਰਜ ਬੜੇ ਨੇ| 

ਕੰਢੇ  ਆਪਣੇ ਤੋੜਨਗੇ ਹੁਣ,
ਨੀਰ ਗਏ ਜੋ ਲਰਜ਼ ਬੜੇ ਨੇ| 

2 comments:

  1. ਕੋਸ਼ਿਸ਼ ਵਧੀਆ ਹੈ। ਤੁਹਾਡੀਆਂ ਕਵਿਤਾਵਾਂ ਜਿਆਦਾ ਸੋਹਣੀਆਂ ਹੁੰਦੀਆਂ ਨੇ ਮਿੱਤਰ... ਗ਼ਜ਼ਲ ਆਲੇ ਪਾਸੇ ਅਜੇ "ਉਹ" ਗੱਲ ਨੀ ਬਣ ਰਹੀ।

    ਆਖਰੀ ਸ਼ੇਅਰ ਖੂਬ ਹੈ। ਬਾਕੀ ਵੀ ਚੰਗੇ ਹਨ। ਕੁਝ ਸੁਝਾਅ ਹਨ...

    ਪਹਿਲੇ ਸ਼ੇਅਰ ਦੀ ਦੂਜੀ ਸਤਰ ਤੋਂ ਇਵੇਂ ਲਗਦਾ ਹੈ ਕਿ ਤੁਸੀਂ ਮਹਿਬੂਬ ਨੂੰ ਦੋਸ਼ ਦੇ ਰਹੇ ਹੋ। ਭਾਵ "ਮਿਲਣ ਚ ਤੈਨੂੰ ਹਰਜ ਨੇ, ਇਸਲਈ ਤੂੰ ਮਿਲਦਾ ਨਹੀਂ।" ਪਰ ਅਸਲ ਚ ਤੁਸੀਂ ਅਪਣੀ ਮਜਬੂਰੀ ਦੱਸ ਰਹੇ ਹੋ। ਸ਼ਾਇਦ ਇਹ ਇਵੇਂ ਕੁਝ ਠੀਕ ਰਹੇਗਾ...
    "ਤੈਨੂੰ ਮਿਲਣ ਚ ਹਰਜ ਬੜੇ ਨੇ"

    ਦੂਜੇ ਸੇਅਰ ਦਾ "ਤਰਜ਼" ਮੇਰੀ ਜਾਣਕਾਰੀ ਮੁਤਾਬਕ ਇਸਤਰੀ ਲਿੰਗ ਹੈ, ਪਰ ਤੁਸੀਂ ਉਸ ਨੂੰ ਪੁਲਿੰਗ ਕਰ ਲਿਆ ਹੈ। ਵਿਆਕਰਨ ਅਨੁਸਾਰ ਹੋਣਾ ਚਾਹੀਦਾ ਸੀ..."ਤਰਜਾਂ ਬੜੀਆਂ ਨੇ"। k ਉਂਝ ਵੀ "ਨਾਮ" ਦਾ ਸਬੰਧ ਗਾਉਣ ਦੇ ਵਿਸ਼ੇ ਨਾਲ ਹੈ ਤੇ "ਤਰਜ਼" ਦਾ ਰੂਪ ਨਾਲ। ਇਸ ਲਈ ਦੋਵਾਂ ਨੂੰ ਵਿਰੋਧ ਚ ਲਿਆਉਣਾ ਠੀਕ ਨਹੀਂ। ਹੋਣਾ ਇਹ ਚਾਹੀਦਾ ਸੀ ਕਿ "ਮੈਂ ਤੇਰਾ ਨਾਮ ਹੀ ਗਾਉਂਦਾ ਹਾਂ, ਭਾਵੇਂ ਕਿ ਗੌਣ ਲਈ ਹੋਰ ਵੀ ਬੜੇ ਵਿਸ਼ੇ ਨੇ।" ਪਰ ਤੁਸੀਂ ਕੀਤਾ ਹੈ "ਮੈਂ ਤੇਰਾ ਨਾਮ ਹੀ ਗਾਉਂਦਾ ਹਾਂ, ਭਾਵੇਂ ਕਿ ਗੌਣ ਲਈ ਹੋਰ ਵੀ ਬੜੀਆਂ ਤਰਜਾਂ ਨੇ।"

    ReplyDelete
  2. .. ਪਹਿਲੇ ਸ਼ੇਅਰ 'ਚ ਦੂਜੀ ਸਤਰ ਮੈਂ ਜਾਣਬੁਝ ਕੇ ਹੀ ਇਦਾਂ ਲਿਖੀ ਹੈ, ਮੈਨੂੰ ਲੱਗਿਆ ਕਿ ਪਾਠਕ ਨੂੰ ਅੰਦਾਜ਼ੇ ਲਾਉਣ ਦਿੱਤਾ ਜਾਵੇ ਤੇ ਆਪਣੇ ਮਤਲਬ ਕੱਢਣ ਦਿੱਤਾ ਜਾਵੇ.. ਦੂਜੇ ਸ਼ੇਅਰ ਬਾਰੇ ਤੁਹਾਡੀ ਪੜਚੋਲ ਠੀਕ ਹੈ, ਪਰ ਗੁਣਗੁਣਾਉਣ ਲੱਗਿਆਂ ਇਹਦਾ ਬਹੁਤਾ ਪਤਾ ਨਹੀਂ ਚਲਦਾ ਇਸ ਲਈ ਮੈਂ ਇਸਨੂੰ ਰੱਖ ਲਿਆ, ਦੇਖਦਾ ਹਾਂ ਜੇ ਠੀਕ ਹੋਇਆ ਨਹੀਂ ਤਾਂ ਕੱਢ ਦਿਆਂਗਾ.. ਵਿਸਥਾਰ 'ਚ ਟਿੱਪਣੀ ਕਰਨ ਲਈ ਸ਼ੁਕਰੀਆ ਬਾਈ ਜੀ.. ਖੁੱਲੀ ਕਵਿਤਾ ਲਿਖਣਾ ਹੀ ਮੈਨੂੰ ਪਸੰਦ ਹੈ, ਸ਼ੇਅਰ ਤਾਂ ਕਈ ਇਸ ਲਈ ਲਿਖੇ ਜਾਂਦੇ ਹਨ ਕਿ ਖਿਆਲ ਹੀ ਸ਼ੇਅਰ ਦੇ ਰੂਪ 'ਚ ਆ ਜਾਂਦਾ ਹੈ..

    ReplyDelete