Sunday, February 28, 2010
ਰੰਗ
ਹਰ ਚੀਜ਼ ਦਾ ਰੰਗ
ਹਮੇਸ਼ਾ
ਉਹੋ ਜਿਹਾ ਹੀ ਨਹੀਂ ਹੁੰਦਾ
ਜਿਸ ਤਰਾਂ ਦਾ ਦਿਸ ਰਿਹਾ ਹੁੰਦਾ ਹੈ
ਜਿਵੇਂ ਕਿ ਕਈ ਵਾਰ
ਕਾਲ਼ੀ ਭੂਰੀ ਦਾੜੀ ਚਿੱਟੀ ਹੁੰਦੀ ਹੈ
ਤੇ ਗੋਰਾ ਰੰਗ ਅਸਲ ਵਿੱਚ
ਕਾਲੇ ਚਿਹਰੇ ਲੁਕੋ ਰਿਹਾ ਹੁੰਦਾ ਹੈ
ਰਾਤ ਦਾ ਰੰਗ ਵੀ ਦੁਧੀਆ ਹੁੰਦਾ ਹੈ
ਤੇ ਚਿੱਟੇ ਬਗਲੇ ਜਿਹੇ ਦਿਨ ਵੀ
ਅਕਸਰ ਕਾਲੇ ਹੁੰਦੇ ਹਨ
ਜਿਵੇਂ ਕਿ ਕਈ ਵਾਰ
ਖੂਨ ਦਾ ਰੰਗ ਲਾਲ ਹੁੰਦੇ ਹੋਏ ਵੀ
ਅਸਲ ਵਿੱਚ ਸਫ਼ੈਦ ਹੁੰਦਾ ਹੈ
ਤੇ ਪਿੰਡੇ 'ਚੋਂ ਚੋਂਦਾ ਪਸੀਨਾ
ਰੰਗ-ਰਹਿਤ ਹੁੰਦਾ ਹੋਇਆ ਵੀ
ਲਾਲ ਰੰਗ ਦਾ ਹੁੰਦਾ ਹੈ
ਸਫ਼ੈਦ ਦਿਖਦੀ ਖਾਦੀ
ਦਾਗਾਂ ਨਾਲ਼ ਭਰੀ ਹੁੰਦੀ ਹੈ
ਇਨਸਾਨਾਂ ਦੇ ਲਹੂ 'ਚ ਭਿੱਜਾ ਲੂੰਬੜ ਵੀ
ਨੀਲੇ ਰੰਗ ਦਾ ਦਿਖ ਸਕਦਾ ਹੈ
ਭਗਵਾਂ ਰੰਗ ਸਾਧੂਆਂ ਦਾ ਨਾ ਹੋਕੇ
ਕਸਾਈਆਂ ਨੇ ਓੜਿਆ ਹੁੰਦਾ ਹੈ
ਤੇ ਲਾਲ ਰੰਗ ਸੰਘਰਸ਼ ਦਾ ਨਹੀਂ
ਗਦਾਰੀ ਦਾ ਪਰਤੀਕ ਬਣ ਜਾਂਦਾ ਹੈ
ਹਰ ਚੀਜ਼ ਦਾ ਰੰਗ
ਹਮੇਸ਼ਾ ਉਹੋ ਜਿਹਾ ਹੀ ਨਹੀਂ ਹੁੰਦਾ
ਜਿਸ ਤਰਾਂ ਦਾ ਦਿਸ ਰਿਹਾ ਹੁੰਦਾ ਹੈ
ਸਾਨੂੰ ਸਿੱਖਣਾ ਚਾਹੀਦਾ ਹੈ
ਰੰਗਾਂ ਦੇ ਆਰ-ਪਾਰ ਦੇਖਣਾ
ਚੀਜ਼ਾਂ ਦੇ ਅਸਲੀ ਰੰਗਾਂ ਨੂੰ ਨੰਗਾ ਕਰਨਾ....
Subscribe to:
Post Comments (Atom)
रंगों के आर-पार देखना...
ReplyDeleteचीज़ों के असली रंगों को नंगा करना है...
उम्दा बात...