"ਪ੍ਰੋਲੇਤਾਰੀ ਲੇਖਕ ਇੱਕ ਉਦੇਸ਼ ਨਾਲ਼ ਲੈੱਸ ਹੁੰਦਾ ਹੈ | 'ਕਲਾ ਕਲਾ ਲਈ ' ਬਾਰੇ ਉਹ ਉਨਾ ਹੀ ਸੋਚਦਾ ਹੈ ਜਿੰਨਾ ਕਿ ਇੱਕ
ਡੁੱਬਦੇ ਜਹਾਜ਼ ਦੀ ਕੈਬਿਨ ਵਿੱਚ ਬੈਠਾ ਕੋਈ ਆਦਮੀ ਇੱਕ ਖੂਬਸੂਰਤ ਪੇਟਿੰਗ ਬਣਾਉਣ ਬਾਰੇ ਸੋਚੇਗਾ, ਉਹ ਪਹਿਲਾਂ ਕਿਨਾਰੇ ਪਹੁੰਚਣ ਬਾਰੇ ਸੋਚਦਾ ਹੈ - ਫਿਰ ਕਲਾ ਲਈ ਕਾਫ਼ੀ ਸਮਾਂ ਹੋਵੇਗਾ |"
....ਅਪਟਨ ਸਿੰਕਲੇਅਰ

Friday, February 25, 2011

ਪਿਆਰ ਤੇ ਸੰਸਾਰ

ਜਦ ਕਦੀ ਵੀ
ਇਕੱਲਤਾ ਦੀਆਂ ਖਾਮੋਸ਼ ਇੱਲਾਂ
ਮੇਰੇ ਸਿਰ ਤੇ ਮੰਡਰਾਉਣ ਲਗਦੀਆਂ ਹਨ
ਤੇ ਮੈਂ
ਪਿਘਲ ਕੇ ਖੁਦ 'ਚ ਡੁੱਬਣ ਲਗਦਾ ਹਾਂ
'ਮਿਥਿਆ' ਦਾ ਮੱਕੜਾ
ਮੇਰੀ ਸੋਚ ਦੀਆਂ ਵਲਗਣਾਂ ਨੂੰ
ਬੰਨਣ ਲੱਗਦਾ ਹੈ
ਰਾਖਸ਼ਸ਼ੀ ਲਾਰ੍ਹ ਦੀਆਂ ਤੰਦਾਂ 'ਚ
ਗ੍ਰੰਥਾਂ 'ਚੋਂ ਗਰਮ ਲੁੱਕ ਦੇ ਤੁਪਕੇ
ਮੇਰੀ ਰੂਹ 'ਤੇ ਟਪਕਣ ਦੀ
ਉਸਨੂੰ ਜਲਾ ਕੇ ਦਾਗੀ ਕਰਨ ਦੀ
ਤਿਆਰੀ ਕਰਨ ਲਗਦੇ ਹਨ
ਤਾਂ ਮੇਰੇ ਬੁੱਲਾਂ ਤੇ ਛਪ ਗਿਆ
ਤੇਰੇ ਬੁੱਲਾਂ ਦੀ ਛੋਹ ਦਾ
ਕੋਮਲ ਅਹਿਸਾਸ
ਮਹਿਸੁਸ ਕਰਵਾਉਂਦਾ ਹੈ ਹੋਂਦ
ਮੇਰੇ ਤੋਂ ਬਾਹਰ ਵਿਚਰਦੇ ਮਾਦੇ ਦੀ
ਮੈਂ ਦੇਖਦਾ ਹਾਂ
ਤੇਰੇ ਨਾਲ ਜੁੜਿਆ ਪੂਰਾ ਸੰਸਾਰ
ਤੇ ਉਸ ਸੰਸਾਰ 'ਚ ਤੁਰੇ ਫਿਰਦੇ ਮਨੁੱਖ
ਆਪਣੇ ਆਪਣੇ ਹਾਲਾਤਾਂ ਨਾਲ
ਉਹਨਾਂ ਵਿੱਚ ਹੀ ਕਿਤੇ
ਤੂੰ ਹੁੰਨਾ ਏਂ
ਭਰ ਕੇ ਆਪਣੇ ਦਿਲ 'ਚ
ਮੇਰੇ ਲਈ ਪਿਆਰ
ਤੇ ਮੈਂ ਪ੍ਰੇਸ਼ਾਨ ਹੋ ਉੱਠਦਾ ਹਾਂ ਸੋਚ ਕੇ
ਕਿ ਕਿੰਝ ਲੋਕੀਂ
ਪਿਆਰ ਤੇ ਸੰਸਾਰ ਨੂੰ
ਅਲੱਗ ਕਰਕੇ ਦੇਖਦੇ ਹਨ...

0 comments:

Post a Comment