Monday, August 10, 2009

ਸੂਰਜ ਦੀਆਂ ਅੱਖਾਂ

ਤੂੰ ਅਕਸਰ ਪੁੱਛਦੀ ਏਂ
ਕਿਉਂ ਨਹੀਂ ਸਾਂ ਦੇਖਦਾ
ਮੈਂ ਤੇਰੇ ਵੱਲ
ਕਿਉਂ ਤੱਕਦਾ ਰਹਿੰਦਾ ਸਾਂ ਜ਼ਮੀਨ ਵੱਲ
ਜਦ ਵੀ ਲੰਘਦਾ ਸੀ ਤੇਰੇ ਕੋਲੋਂ ਮੈਂ

ਸੋਚਦਾ ਸੀ
ਕਿਵੇਂ ਕੋਈ ਦੇਖ ਸਕਦੈ
ਸੂਰਜ ਦੀਆਂ ਅੱਖਾਂ ਵਿੱਚ ਅੱਖਾਂ ਪਾਕੇ
ਡਰਦਾ ਸਾਂ
ਚੁੰਧਿਆ ਜਾਣਗੀਆਂ
ਹਨੇਰਾ ਦੇਖਣ ਦੀਆਂ ਆਦੀ
ਹਨੇਰੇ ਚ ਰਹਿੰਦੀਆਂ
ਹਨੇਰੇ ਨਾਲ਼ ਭਰੀਆਂ
ਮੇਰੀਆਂ ਅੱਖਾਂ
ਤੇ ਕਦੇ ਵੀ ਨਹੀਂ ਦੇਖ ਸਕਾਂਗਾ
ਤੇਰੇ ਨੈਣਾਂ ਵਿੱਚ
ਮੇਰੇ ਲਈ ਪਿਆਰ
ਮੈਨੂੰ ਵੇਖ ਆਉਂਦੀ
ਤੇਰੇ ਚੇਹਰੇ ਤੇ ਮੁਸਕਾਨ

ਹੁਣ ਜਦੋਂ
ਲੈ ਲਿਆ ਹੈ ਮੈਨੂੰ
ਤੂੰ ਆਪਣੀਆਂ ਬਾਹਵਾਂ ਚ
ਦੇਖਾਂਗਾ ਮੈਂ ਤੇਰੇ ਵੱਲ
ਇੱਕ ਦਿਨ
ਜੀ ਭਰਕੇ ਤੱਕਾਂਗਾ
ਸੂਰਜ ਦੀਆਂ ਅੱਖਾਂ ਵਿੱਚ
ਨਹੀਂ ਹੈ ਡਰ ਮੈਨੂੰ
ਅੱਖਾਂ ਖੋ ਜਾਣ ਦਾ
ਕਿਉਂਕਿ
ਸੂਰਜ ਦੀਆਂ ਅੱਖਾਂ ਹੀ
ਹੁਣ ਮੇਰੀਆਂ ਅੱਖਾਂ ਹਨ
ਤੇਰੀਆਂ ਅੱਖਾਂ ਹੀ
ਹੁਣ ਮੇਰੀਆਂ ਅੱਖਾਂ ਹਨ......

No comments:

Post a Comment