Sunday, August 16, 2009

ਇੱਕ ਵਾਅਦਾ

ਤੂੰ ਨਾਰਾਜ਼ ਨਾ ਹੋ
ਮੇਰੇ ਨਾਲ਼
ਮੇਰੀ ਜਾਨ
ਵਾਅਦਾ ਕਰਦਾ ਹਾਂ

ਮੈਂ ਖਿਲਾਵਾਂਗਾ ਤੈਨੂੰ
ਦੁਨੀਆਂ ਦੀ ਸਭ ਤੋਂ ਸਸਤੀ ਕਾਰ ਵਿੱਚ ਬੈਠ
ਇਤਿਹਾਸ ਦੀ ਸਭ ਤੋਂ ਮਹਿੰਗੀ
ਦਾਲ਼ ਰੋਟੀ

ਮੈਂ ਘੁਮਾਵਾਂਗਾ ਤੈਨੂੰ
ਝੋਂਪੜੀਆਂ ਦੇ ਮਹਾਂਸਾਗਰਾਂ ਵਿੱਚ ਉਸਰੇ
ਲਾਮਿਸਾਲ ਸੁੰਦਰਤਾ ਨਾਲ਼ ਸਜੇ
ਸੋਨੇ ਦੇ ਮੰਦਿਰ

ਮੈਂ ਦਿਖਾਵਾਂਗਾ ਤੈਨੂੰ
ਨਫ਼ਰਤ ਦੇ ਇਸ ਕਾਲ਼ੇ ਦੌਰ ਵਿੱਚ ਵੀ ਕੋਈ
ਕਰ ਸਕਦਾ ਹੈ ਕਿੰਨੀ ਸ਼ਿੱਦਤ ਨਾਲ਼
ਕਿਸੇ ਨੂੰ ਪਿਆਰ

ਤੇ ਸੁਣਾਵਾਂਗਾ ਤੈਨੂੰ
ਜ਼ਿਹਨੀ ਗੁਲਾਮੀ ਦੀ ਤੂਫ਼ਾਨੀ ਹਨੇਰੀ ਵਿੱਚ
ਆਜ਼ਾਦੀ ਦੇ ਮਤਵਾਲੇ ਹੋਏ
ਮੇਰੇ ਗੀਤ |

2 comments: