Wednesday, September 9, 2009

ਚੰਨ ਤੇ ਚਕੋਰ

ਕਹਿੰਦੇ ਨੇ
ਚੰਨ ਨੂੰ ਚਕੋਰ
ਦੇਖਦੀ ਰਹਿੰਦੀ ਸੀ ਇੱਕ ਟੱਕ
(ਜਾਂ ਸ਼ਾਇਦ ਹੁਣ ਵੀ ਦੇਖਦੀ ਹੋਵੇ)

ਪਰ ਲੱਗਦੀ ਹੈ ਇਹ
ਕਵੀ ਦੀ ਕੋਰੀ ਕਲਪਨਾ
ਜਾਂ ਇਤਿਹਾਸਕਾਰ ਦੀ ਸਾਜਿਸ਼
ਜਾਂ ਕਿਸੇ ਆਸ਼ਿਕ ਦਾ ਧਰਵਾਸ

ਸੰਭਵ ਕਿਵੇਂ ਹੈ
ਚਕੋਰ ਦਾ ਚੰਨ ਨੂੰ ਦੇਖ ਪਾਉਣਾ
ਜਦੋਂ
ਚਕੋਰ ਦੀਆਂ ਅੱਖਾਂ
ਤੇ ਚੰਨ ਦੀਆਂ ਰਿਸ਼ਮਾਂ ਵਿਚਕਾਰ ਨੇ
ਹਜ਼ਾਰਾਂ ਰੁਕਾਵਟਾਂ
ਜੰਮੀ ਹੈ ਗਹਿਰੀ ਧੁੰਧ
ਜਾਤਾਂ ਦੀ, ਧਰਮਾਂ ਦੀ
ਭਾਸ਼ਾ ਦੀ, ਕੌਮੀਅਤਾਂ ਦੀ

ਜੇ ਕਰ ਬੈਠੇ ਕਦੇ ਕੋਈ ਚਕੋਰ
ਉਪਦੇਸ਼ਾਂ ਦੀ ਅਫ਼ੀਮ ਖਾ
ਹੌਂਸਲਾ ਧੁੰਧ ਪਾਰ ਦੇਖਣ ਦਾ
ਤਾਂ ਆ ਵੱਜਦੀਆਂ ਨੇ
ਤ੍ਰਿਸ਼ੂਲਾਂ ਕਿਰਪਾਨਾਂ ਅੱਖਾਂ 'ਚ
ਕਰ ਦਿੰਦੀ ਹੈ ਉਸਦਾ ਮੂੰਹ ਵਿੰਗਾ
ਸਰਬਲੋਹ ਦੀ ਲਿਸ਼ਕੋਰ
ਤੇ ਚੰਨ ਕੋਲ਼ ਆ ਜਾਂਦੇ ਨੇ
ਰਾਹੂ ਕੇਤੂ ਵਹੀ ਖਾਤੇ ਲੈ ਕੇ
ਚੰਨ ਵਿਚਾਰਾ ਲਕੋ ਲੈਂਦਾ ਹੈ ਮੂੰਹ
ਕਦੇ ਕਿਸੇ ਮਨੂ ਦੀ ਧੋਤੀ 'ਚ
ਕਦੇ ਕਿਸੇ ਮਨੂ ਦੀ ਪੱਗ ਪਿੱਛੇ

ਤੇ ਚੰਨ ਬਣਿਆ ਰਿਹਾ ਸਦਾ
ਚਕੋਰਾਂ ਦੇ ਹਜੂਮ ਲਈ
ਇੱਕ ਸੁਪਨਾ ਸਵਰਗ ਦਾ....

No comments:

Post a Comment