Monday, October 16, 2017

ਉਹਨਾਂ ਨੇ ਦੁਨੀਆਂ ਭਰ ਦੇ ਕਲਾਕ
ਰੋੜੀਕੁੱਟ ਅੱਗੇ ਸੁੱਟ ਘੱਤੇ
ਸਰਕਾਰੀ ਦਫ਼ਤਰ ਵਿੱਚ ਵਰਤ ਕੇ ਸੁੱਟੇ
ਛਾਪੇ ਦੇ ਕਾਗਜ਼ ਸਮਝ
ਹਨੇਰੇ ਦੀ ਛਾਂਵੇਂ ਖਿਲਾਰ ਛੱਡੇ
ਜ਼ਮੀਰ ਦੇ ਸੂਰਜ
ਉਹ ਮੇਰੇ ਪਿਤਾ ਵੱਲੋਂ
ਮੈਨੂੰ, ਘਰ ਛੱਡਣ ਵਕਤ ਦਿੱਤੀ
ਗੁੱਟਘੜੀ ਵੀ ਲੈ ਗਏ
ਤੇ ਮੇਰੀ ਮਾਂ ਦੀ ਸਾਂਭ ਕੇ ਰੱਖੀ
ਮੇਰੀ ਪਹਿਲੀ ਗੁੱਟਘੜੀ ਵੀ
ਉਹਨਾਂ ਨੇ ਵਕਤ ਦਾ ਅੰਤ
ਐਲਾਨ ਦਿੱਤਾ
ਉਸ ਔਰਤ ਨੂੰ ਮਜ਼ਬੂਰ ਕੀਤਾ
ਕਿ ਵਕਤ ਦੇ ਅੰਤ ਦਾ ਮੈਨੂੰ ਵਾਸਤਾ ਪਾਵੇ
ਜਿਸਨੇ ਇਸ ਦੁਨੀਆਂ 'ਚ
ਸਭ ਤੋਂ ਪਹਿਲਾਂ ਮੇਰਾ ਮੱਥਾ ਚੁੰਮਿਆ ਸੀ
ਤੇ ਉਸ ਔਰਤ ਨੂੰ ਵੀ
ਜੋ ਪਹਿਲੀ ਸੀ ਇਸ ਦੁਨੀਆਂ ਵਿੱਚ
ਜਿਸਦਾ ਮੈਂ ਮੱਥਾ ਚੁੰਮਿਆ ਸੀ
ਪਰ ਭੁੱਲ ਗਏ ਉਹ
ਵਕਤ ਤਾਂ
ਚੰਨ ਦਾ ਧਰਤੀ ਦੁਆਲੇ
ਧਰਤੀ ਦਾ ਚੰਨ ਸਮੇਤ
ਸੂਰਜ ਦੁਆਲੇ
ਸੂਰਜ ਦਾ ਧਰਤੀ ਤੇ ਚੰਨ ਉਂਗਲੀ ਲਾ ਕੇ 
ਅਕਾਸ਼ ਗੰਗਾ ਦੇ ਗੇੜੇ ਕੱਢਣਾ ਹੈ
ਵਕਤ ਕਿਸੇ ਵੀ ਚੀਜ਼ ਦਾ
ਸ਼ੁਰੂ ਤੋਂ ਅੰਤ ਦਾ ਸਫਰ ਹੈ
ਵਕਤ
ਪਦਾਰਥ ਦੀ ਗਤੀ ਹੈ
ਵਕਤ 'ਅਸੀਂ' ਤੋਂ 'ਮੈਂ' ਦਾ ਸਫ਼ਰ ਹੈ 
'ਮੈਂ' ਤੋਂ 'ਅਸੀਂ' ਦਾ ਵੀ
ਜਦ ਤੱਕ 'ਮੈਂ' ਹਾਂ 
ਮੇਰੇ ਲਈ ਵਕਤ ਦਾ ਅੰਤ ਨਹੀਂ ਹੈ 
ਜਦੋਂ ਤੱਕ 'ਅਸੀਂ' ਹਾਂ 
'ਸਾਡੇ' 'ਚੋਂ ਇੱਕ ਵੀ ਹੈ 
ਸਾਡੇ ਲਈ ਵਕਤ ਦਾ ਅੰਤ ਨਹੀਂ ਹੈ.... 

No comments:

Post a Comment