ਬਹੁਤ ਧੂੜ ਭਰੀ ਹਨੇਰੀ ਸੀ ਉਹ
ਕੁਝ ਦਿਖਾਈ ਨਹੀਂ ਦੇ ਰਿਹਾ ਸੀ
ਜਿਹਨਾਂ ਨੂੰ ਦਿਖਾਈ ਦੇ ਰਿਹਾ ਸੀ ਕੁਝ-ਕੁਝ
ਉਹਨਾਂ ਨੂੰ ਦੇਖਣ ਵਾਲਾ ਕੋਈ ਨਹੀਂ ਸੀ
ਬਹੁਤ ਧੂੜ ਭਰੀ ਹਨੇਰੀ ਸੀ ਉਹ
ਹਨੇਰਾ ਨਹੀਂ ਸੀ ਭਾਵੇਂ
ਪਰ ਸੀ ਹਨੇਰਾ ਹੀ
ਘੰਟਾ ਘਰ ਦਾ ਮੀਨਾਰ ਦਿਖ ਨਹੀਂ ਰਿਹਾ ਸੀ
ਦਰਿਆ ਅਦਿੱਖ ਹੋ ਗਏ
ਸੜਕਾਂ ਦੀਵਾਰਾਂ ਬਣ ਗਈਆਂ
ਦੀਵਾਰਾਂ ਘਰ ਬਣ ਗਈਆਂ
ਘਰ ਚਿੜੀਆਘਰ
ਚਿੜੀਆਘਰ ਦੇ ਜਾਨਵਰ ਛੁੱਟ ਗਏ
ਚੌਕੀਦਾਰਾਂ ਦੀਆਂ ਅੱਖਾਂ ਵਿੱਚ ਧੂੜ ਪਾਕੇ
ਪੰਛੀ ਪਰ ਤੁੜਾ ਬੈਠੇ
ਬੁੱਤਾਂ ਵਿੱਚ ਵੱਜ-ਵੱਜ
(ਸ਼ਹਿਰ ਵਿੱਚ ਬੁੱਤ ਬਹੁਤ ਸਨ)
ਬਾਜ਼ ਬੱਦਲ ਲੱਭਣ ਨਿਕਲ ਗਏ
ਤੇ ਬਹੁਤੇ ਆਪਣੇ ਪਰਾਂ ਉੱਤੇ ਪਈ
ਧੂੜ ਝਾੜਨ ਬੈਠ ਗਏ ਸ਼ਾਇਦ
ਲੋਕ ਉਡੀਕ ਰਹੇ ਹਨ
ਉਡੀਕ
ਲੋਕਾਂ ਜਿੰਨੀ ਕੋਈ ਨਹੀਂ ਕਰ ਸਕਦਾ
ਪਹਿਲੀ ਉਡੀਕ ਨਹੀਂ ਹੈ ਇਹ ਉਹਨਾਂ ਦੀ
ਉਹਨਾਂ ਕੀਤੀਆਂ ਹਨ ਉਡੀਕਾਂ ਪਹਿਲਾਂ ਵੀ
ਸਦੀਆਂ ਤੱਕ
ਉਹਨਾਂ ਕੋਲ ਤਜ਼ਰਬਾ ਹੈ
ਪੀੜ੍ਹੀ ਦਰ ਪੀੜ੍ਹੀ ਜੋ ਤੁਰਿਆ ਆ ਰਿਹਾ ਹੈ
ਇਸ ਤਜ਼ਰਬੇ ਵਿੱਚੋਂ ਉਪਜਿਆ ਭਰੋਸਾ ਹੈ ਉਹਨਾਂ ਨੂੰ
ਧੂੜ ਦੇ ਬੈਠਣ ਦਾ
ਧੂੜ
ਜੋ ਅਜੇ ਵੀ ਲਟਕ ਰਹੀ ਚੌਗਿਰਦੇ
ਧੂੜ ਨੇ ਬੈਠਣਾ ਹੀ ਹੈ ਹੌਲੀ-ਹੌਲੀ
ਬੈਠੀ ਹੋਈ ਧੂੜ ਉੱਤੇ
ਬਣੇ ਭੇੜੀਏ ਤੇ ਲੂੰਬੜ ਦੇ ਪੈਰਾਂ ਦੇ ਨਿਸ਼ਾਨ
ਪਛਾਣ ਲੈਣਗੇ ਲੋਕੀਂ
ਤੇ ਉਸ ਦਿਨ
ਹਨੇਰੀ
ਫਿਰ ਚੱਲੇਗੀ.....