Friday, July 27, 2012

ਇੱਕ ਸਫ਼ਰ ਦਾ ਗੀਤ

ਦਿਨ ਉੱਗਾ ਹੈ ਕਿੱਦਾਂ ਦਾ
ਮੈਂ ਜਿਧਰ ਵੀ ਤੱਕਦਾ ਹਾਂ
ਸ਼ੈੱਡ ਈ ਨਜਰੀਂ ਪੈਂਦੇ ਨੇ
ਮੈਨੂੰ ਸਮਸ਼ਾਨ ਘਾਟਾਂ ਦੇ
ਸੂਰਜ ਦੀ ਛਾਵੇਂ ਜਦ ਵੀ
ਰੰਗਾਂ ਨੂੰ ਮੈਂ ਰੱਖਦਾ ਹਾਂ
ਨਕਸ਼ ਨੈਣੀਂ ਉੱਭਰ ਆਉਂਦੇ
ਰੱਤ ਰੰਗੀਆਂ ਵਾਟਾਂ ਦੇ
ਇਹ ਕਿਹੜੀਆਂ ਰਾਹਾਂ 'ਤੇ
ਮੈਂ ਪੈਰਾਂ ਨੂੰ ਟਿਕਾ ਰਿਹਾਂ
ਫਿਰ ਯਾਦ ਆਇਆ
ਕਿ ਰਾਜਧਾਨੀ ਨੂੰ ਜਾ ਰਿਹਾਂ

ਬੁੱਲ੍ਹਾਂ ਤੋਂ ਉਡਾਰੀ ਭਰ
ਪੰਛੀ ਮੇਰੇ ਗੀਤਾਂ ਦੇ
ਕੁੰਡਾ ਖੜਕਾਉਣ ਜਾ ਕੇ
ਘਰ ਸਮਸ਼ਾਨ ਘਾਟਾਂ ਦੇ
ਨੀਂਦ 'ਚ ਬੇਹੋਸ਼ ਰੁੱਖ
ਪਹਿਰੇ ਲੱਗੇ ਰੀਤਾਂ ਦੇ
ਬੰਦ ਨੇ ਹਵਾਵਾਂ ਯਾਰੋ
ਮੁੱਖ ਝੁਲਸੇ ਨੇ ਵਾਟਾਂ ਦੇ
ਇਹ ਜਾਲੇ ਬੁਣੇ ਕਿਸਨੇ 
ਜੋ ਰਾਹਾਂ 'ਚੋਂ ਹਟਾ ਰਿਹਾਂ
ਫਿਰ ਯਾਦ ਆਇਆ
ਕਿ ਰਾਜਧਾਨੀ ਨੂੰ ਜਾ ਰਿਹਾਂ

ਹਰਿਆਲੀ ਦੀ ਜੜ੍ਹ ਸੁੱਕੀ
ਜਿਉਂ ਧਰਤੀ ਦੀ ਕੁੱਖ ਮੁੱਕੀ
ਨਲਕੇ ਖੁੱਲੇ ਮਿਲਦੇ
ਐਪਰ ਸਮਸ਼ਾਨ ਘਾਟਾਂ ਦੇ
ਆਸਮਾਨ ਹੈ ਟੁਕੜੇ ਟੁਕੜੇ
ਚੂਹਿਆਂ ਨੇ ਹੈ ਧਰਤ ਟੁੱਕੀ
ਨਾਂ ਰਖਾ 'ਤੇ ਕੌਮੀ ਮਾਰਗ
ਰੱਜ  ਭੁੱਖ ਦੀਆਂ ਵਾਟਾਂ ਦੇ
ਵਾਰ ਵਾਰ ਕਿਉਂ ਲਾਸ਼ਾਂ 'ਤੇ
ਮੈਂ ਤੁਰਦਾ ਠੇਡੇ ਖਾ ਰਿਹਾਂ
ਫਿਰ ਯਾਦ ਆਇਆ
ਕਿ ਰਾਜਧਾਨੀ ਨੂੰ ਜਾ ਰਿਹਾਂ
ਫਿਰ ਯਾਦ ਆਇਆ
ਕਿ ਚੰਡੀਗੜ੍ਹ ਨੂੰ ਜਾ ਰਿਹਾਂ ......

'ਨਹੀਂ' ਦੀ ਪ੍ਰਸਵ ਪੀੜਾ

ਕੁਝ ਰਾਹੀ ਨੇ 
ਜਿਨ੍ਹਾਂ ਦੇ ਘਰ ਨਹੀਂ ਰਹੇ 
ਕੁਝ ਘਰ ਨੇ 
ਜਿਨ੍ਹਾਂ ਦੇ ਦਰ ਨਹੀਂ ਰਹੇ 
ਕੁਝ ਯਾਦਾਂ ਦੇ ਜੰਗਲ ਨੇ 
ਜੋ ਸੜ ਨਹੀਂ ਰਹੇ 
ਕੁਝ ਦਿਲਚੱਟੇ ਨੇ 
ਜੋ ਮਰ ਨਹੀਂ ਰਹੇ 
ਕੁਝ ਪੰਛੀ ਨੇ 
ਜਿਨ੍ਹਾਂ ਦੇ ਪਰ ਨਹੀਂ ਰਹੇ 
ਕੁਝ ਸੁਪਨੇ ਨੇ 
ਪੈਰਾਂ ਸਿਰ ਖੜ੍ਹ ਨਹੀਂ ਰਹੇ 
ਕੁਝ ਸਿਵੇ ਨੇ 
ਜੋ ਠਰ੍ਹ ਨਹੀਂ ਰਹੇ 
ਕੁਝ ਸਿਲ੍ਹੇ ਮੁੱਢ ਨੇ 
ਜੋ ਅੱਗ ਫੜ ਨਹੀਂ ਰਹੇ 
ਕੁਝ ਜਾਲੇ ਨੇ 
ਜਿਨ੍ਹਾਂ ਦੇ ਮਿਲ ਲੜ ਨਹੀਂ ਰਹੇ 
ਕੁਝ ਹੱਲ ਬੁਝਾਰਤਾਂ ਨੇ 
ਜੋ ਵਕਤ ਪੜ੍ਹ ਨਹੀਂ ਰਹੇ 
ਕੁਝ ਬੇਚੈਨ ਪਲ ਨੇ 
ਜੋ ਖਿਆਲਾਂ 'ਚ ਢਲ ਨਹੀਂ ਰਹੇ 
ਕੁਝ ਤਿਲਕਣੇ ਖਿਆਲ ਨੇ 
ਜੋ ਸ਼ਬਦਾਂ ਨੂੰ ਵਰ ਨਹੀਂ ਰਹੇ 

ਤੇ ਕਵਿਤਾ 
ਇਹਨਾਂ ਤੇ ਹੋਰ ਬਹੁਤ ਸਾਰੇ ਅਦਰਜ "ਨਹੀਂ" ਨਾਲ 
ਬਹਿਸਦੀ 
ਲੜਦੀ 
ਜਨਮਦੀ ਹੈ 
ਕੁਝ "ਨਹੀਂ" ਨੂੰ ਸਤਰਾਂ 'ਚੋਂ ਹਟਾਉਣ ਦੀਆਂ 
ਕੋਸ਼ਿਸ਼ਾਂ ਦੀ ਕੋਸ਼ਿਸ਼ ਬਣ ਜਾਂਦੀ ਹੈ
ਕੁਝ "ਨਹੀਂ" ਨੂੰ 
ਹੋਰ ਗੂੜ੍ਹਾ ਕਰ ਜਾਂਦੀ ਹੈ 
ਜਦੋਂ ਤੱਕ 
ਕੁਝ "ਨਹੀਂ" ਹਨ ਮੇਰੇ ਕੋਲ 
ਉਹ ਮੇਰੇ ਕੋਲ ਆਉਂਦੀ ਰਹੇਗੀ
ਤੇ ਉਹਦੇ ਕੋਲ 
ਮੈਂ ਜਾਂਦਾ ਰਹਾਂਗਾ 
ਕਵਿਤਾ 
ਜਨਮਦੀ ਰਹੇਗੀ.....