Wednesday, January 27, 2010













ਭਰਤੀ ਦੇਖਣ ਜਾਣ ਵਾਲ਼ੇ ਦੇ ਨਾਂ....


ਪਤਾ ਹੈ ਮੈਨੂੰ
ਲੈ ਕੇ ਜਾ ਰਹੀ ਤੈਨੂੰ
ਪੇਟ ਦੀ ਅੱਗ
ਉਹਨਾਂ ਦੀ ਸ਼ਰਨ ਵਿੱਚ
ਕਰ ਰਹੀ ਹੈ ਮਜ਼ਬੂਰ
ਸੂਰਜ ਦੇਖਣ ਦੇ ਆਦੀ ਸਿਰਾਂ ਨੂੰ
ਹਨੇਰੇ ਖੂਹ ਵਿੱਚ ਉਤਰ ਜਾਣ ਲਈ
ਮਨਾ ਲਿਆ ਹੈ ਤੂੰ ਵੀ ਆਖਰ
ਤੇਰੀ ਕੀਤੀ ਹੋਈ ਕਿਸੇ ਗਲਤੀ ਤੇ
ਟੋਕਣ ਵਾਲ਼ੇ ਬਾਪ ਨੂੰ ਵੀ
ਉੱਚੀ ਬੋਲਣ ਵਾਲ਼ੀ

ਆਪਣੀ ਜ਼ੁਬਾਨ ਨੂੰ
'ਯੈੱਸ ਸਰ' ਦੇ ਗੂੰਗੇ ਸ਼ਬਦਾਂ ਲਈ
ਫਿਰ ਵੀ ਜੇ
ਤੂੰ ਬਚ ਰਿਹਾ
ਰੂਹਾਂ ਦੀ ਕਤਲਗਾਹ 'ਚ
ਮੱਚੀ ਭਗਦੜ ਵਿੱਚੋਂ
ਜੇ ਮੇਚ ਆ ਗਿਆ ਤੇਰੀ ਛਾਤੀ ਦਾ ਫੈਲਾਅ
ਉਹਨਾਂ ਦੇ ਜੁਬਾੜੇ ਦੇ
ਜੇ ਤੇਰੀ ਲੰਮੀ ਛਲਾਂਗ
ਉਹਨਾਂ ਦੀ ਰੱਸੀ ਦੇ ਘੇਰੇ 'ਚ ਰਹੀ
ਤੇ ਜੇ ਤੂੰ ਕਾਮਯਾਬ ਹੋ ਗਿਆ
ਉਹਨਾਂ ਦੀ ਸੁੱਟੀ ਰੋਟੀ ਦੀ ਬੁਰਕੀ ਨੂੰ
ਆਪਣੀ ਪੂਰੀ ਰਫ਼ਤਾਰ ਨਾਲ
ਭੱਜ ਕੇ ਫੜਨ ਵਿੱਚ
ਤਾਂ ਬੰਦੂਕ ਚੁੱਕ ਵੇਲ਼ੇ
ਮਾਰਚ ਕਰਨ ਵੇਲ਼ੇ
ਯਾਦ ਰੱਖੀਂ
ਕਿ ਤੂੰ
ਕਿਸੇ ਦਲਿਤ ਕੁੜੀ ਦਾ ਭਾਈ ਏਂ
ਕਿਸੇ ਗਰੀਬ ਕਿਸਾਨ ਦਾ ਪੁੱਤ ਏਂ
ਗੋਹੇ 'ਚ ਲਿਬੜੇ ਪੋਚੇ ਲਾਉਂਦੇ
ਹੱਥਾਂ ਦਾ ਲਾਡ ਏਂ ਤੂੰ
ਕਿਸੇ ਮਿੱਲ ਮਜ਼ਦੂਰ ਦਾ ਯਾਰ ਏਂ
ਤੇ ਤੀਜੀ ਮੰਜ਼ਿਲ ਤੇ ਇੱਟਾਂ ਢੋਂਹਦੀ
ਕਿਸੇ ਸੋਹਣੀ ਦਾ ਪਿਆਰ ਏਂ ਤੂੰ
ਨਿਸ਼ਾਨਾ ਸੇਧਣ ਵੇਲ਼ੇ
ਅੱਖ ਇਕੋ ਹੀ ਬੰਦ ਕਰੀਂ, ਦੋਵੇਂ ਨਹੀਂ
'ਫਾਇਰ !'
ਸੁਣਨ ਤੋਂ ਬਾਅਦ ਵੀ

ਕੰਨ ਖੁੱਲੇ ਰੱਖੀਂ
ਦਿਲ 'ਚੋਂ ਭੁਲਾ ਨਾ ਦੇਵੀਂ
ਕਿ ਤੂੰ ਮਨੁੱਖ ਏਂ
ਮਹਿਸੂਸ ਕਰਦਾ ਏਂ
ਤੂੰ ਸੋਚਦਾ ਏਂ
ਤੇ ਪਛਾਣ ਸਕਦਾ ਏਂ
ਕਿ ਰੰਮ ਦੀ ਬੋਤਲ ਦੇ ਇਸ ਪਾਰ
ਨਿਸ਼ਾਨਾ ਬਣਨ ਵਾਲਿਆਂ ਵਿੱਚ
ਕੋਈ ਤੇਰਾ ਆਪਣਾ ਤਾਂ ਨਹੀਂ........

No comments:

Post a Comment