Monday, January 18, 2010

















ਖਤਰਾ ਹੈ


ਜ਼ਮੀਨਾਂ ਤੋਂ ਉਜਾੜਾ
ਕਾਰਖਾਨਿਆਂ ਚੋਂ ਛਾਂਟੀ
ਮੁਨਾਫ਼ੇ ਲਈ
ਬੇਰੁਜ਼ਗਾਰੀ, ਭੁੱਖ, ਬੇਘਰੀ
ਵਿਲਕਦੇ ਬੱਚੇ ਮਰਦੇ ਮਾਪੇ
ਕਰੰਗ ਬਣੇ ਮਨੁੱਖੀ ਸਰੀਰ
ਮੁਨਾਫ਼ੇ ਲਈ
ਦਿਹਾੜੀ ਘਟਾਉ
ਕੰਮ ਦੇ ਘੰਟੇ ਵਧਾਉ
ਨਵੀਂ ਤਕਨੀਕ ਲਿਆਉ
ਮਸ਼ੀਨਾਂ ਦੀ ਸਪੀਡ ਵਧਾਉ
ਘੁਲਾੜੀ ਹੋਰ ਟਾਈਟ ਕਰੋ
ਮੁਨਾਫ਼ਾ ਵਧਾਉ
ਜੇ ਕੋਈ ਮੂੰਹ ਕਰੇ ਆਵਾਜ਼
ਅਮਨ ਕਾਨੂੰਨ ਦੀਆਂ ਲੀਰਾਂ ਥੁੱਨੋ

ਵੇਚੋ ਪਸ਼ੂਪੁਣਾ, ਜਗਾਉ ਪਸ਼ੂਬਿਰਤੀ
ਮੁਨਾਫ਼ਾ ਕਮਾਉ
ਫਿਰ ਚਕਲੇ ਖੋਲੋ
ਰੈੱਡ ਲਾਈਟ ਜ਼ੋਨ ਬਣਾਉ
ਬਿਠਾਉ ਲਿਆ ਕੇ ਮਜ਼ਬੂਰ ਆਤਮਾਵਾਂ
ਦਾਗੀ ਹੋਣ ਲਈ
ਮਨਾਫ਼ਾ ਕਮਾਉ
ਵਿਭਚਾਰ ਕਰੋ
ਕੰਡੋਮ ਪਾਉ
ਜੇ ਫਿਰ ਵੀ ਆਤਸ਼ਿਕ ਹੋਵੇ
ਦਵਾਈ ਖਾਉ ਸਿੰਗਲ ਡੋਜ਼
[ਤਰੱਕੀ ਤੇ ਹੈ ਸਿਹਤ ਵਿਗਿਆਨ ਹੁਣ]
ਬੀਮਾਰੀ ਨਹੀਂ
ਮੰਡੀ ਹੈ ਏਡਜ਼ ਵੀ
ਦੀਰਘਕਾਲੀਨ ਮੁਨਾਫ਼ੇ ਦੀ

ਘਰੇ ਕੱਢਣੀ ਗੈਰਕਾਨੂੰਨੀ
ਬਿਜ਼ਨੈੱਸ ਹੈ ਪਰ
ਫੈਕਟਰੀ ਲਾਉਣੀ, ਚੁਰਾਹੇ ਵੇਚਣੀ
ਪੋਸਤ ਬੀਜੋ
ਫਿਰ ਅਫੀਮ ਵੇਚੋ
ਸਮਗਲ ਕਰੋ ਹੈਰੋਇਨ
ਜ਼ਿੰਦਗੀਆਂ ਤਬਾਹ, ਘਰ ਬਰਬਾਦ
ਮੁਨਾਫੇ ਲਈ

ਜੇ ਫਿਰ ਵੀ ਆਰਥਿਕਤਾ ਡੋਲੇ
ਜੰਗ ਲੜੋ
ਤਬਾਹੀ ਮਚਾਉ
ਮੁੜ-ਉਸਾਰੀ ਦੇ ਠੇਕੇ ਲਉ
ਹੜ੍ਹ ਆਉਂਦੇ ਨੇ, ਆਉਣ ਦਿਉ
ਘਰ ਹਿਣਗੇ
ਫਿਰ ਬਣਨਗੇ

ਇਹ ਸਬ ਖਤਮ ਹੋਣਾ ਚਾਹੀਦਾ ਹੈ
ਖਤਮ ਹੋ ਸਕਦਾ ਹੈ
ਖਤਮ ਹੋਇਆ ਹੈ
ਬੰਦ ਕਰੋ ਇਹ ਸਮਾਜ ਸੁਧਾਰ ਦੇ ਪਰਪੰਚ
ਗੈਂਗਰੀਨ ਬਣੀ ਲੱਤ ਤੇ
ਹਲਦੀ ਮਲਿਆਂ ਕੁਝ ਨਹੀਂ ਹੋਣਾ
ਕਰਨਾ ਤਾਂ ਕਰੋ ਖਤਮ
ਮੁਨਾਫ਼ੇ ਤੇ ਟਿਕਿਆ ਢਾਂਚਾ
ਆਰੀ ਲਿਆਉ, ਲੱਤ ਕੱਟੀਏ
ਦਰਦ ਹੋਏਗਾ
ਪਰ ਮਰੀਜ਼ ਬਚ ਜਾਵੇਗਾ

ਹੈਂ !!
ਕੌਣ ਬੋਲਿਆ ..!!??
ਬਲੱਡੀ ਕਮਿਊਨਿਸਟ
ਸਟਾਲਿਨਿਸਟ
ਮਾਉਇਸਟ
ਫੜੋ ਇਹਨੂੰ
ਖਾਕੀ ਗੈਂਗ !
ਸਪੈਸ਼ਲ ਫੋਰਸ !!
ਮਰਸ਼ਨਰੀਜ਼ !!!
hurry up.. take positions..
'ਪਰਵੈਂਨਸ਼ਨ ਆਫ਼ ਟਰੱਥਫੁੱਲ ਐਕਟੀਵਿਟੀਜ਼'
ਐਕਟ ਲਗਾਉ
'ਦੇਸ਼ ਦੀ ਸੁਰੱਖਿਆ ਨੂੰ ਖਤਰਾ ਹੈ'
ਅੰਦਰੋਂ ਖਤਰਾ ਹੈ, ਬਾਹਰੋਂ ਖਤਰਾ ਹੈ
ਪਾਕਿਸਤਾਨ ਤੋਂ ਖਤਰਾ ਹੈ
ਚੀਨ ਤੋਂ ਖਤਰਾ ਹੈ
ਨੇਪਾਲ, ਬੰਗਲਾਦੇਸ਼, ਸ੍ਰੀਲੰਕਾ
ਸਭ ਤੋਂ ਖਤਰਾ ਹੈ
ਭੁੱਖੇ ਮਰਦੇ ਲੋਕਾਂ ਤੋਂ ਖਤਰਾ ਹੈ
ਹੱਕ ਮੰਗਦੇ ਲੋਕਾਂ ਤੋਂ ਖਤਰਾ ਹੈ
ਫੈਕਟਰੀ ਮਜ਼ਦੂਰਾਂ ਤੋਂ ਖਤਰਾ ਹੈ
ਕਿਸਾਨਾਂ ਤੋਂ ਖਤਰਾ ਹੈ
ਬੇਰੁਜ਼ਗਾਰਾਂ ਤੋਂ ਖਤਰਾ ਹੈ
ਜਲਦੀ !! ਜਲਦੀ !!
ਫਾਸ਼ੀਵਾਦੀ ਕੁੱਤੇ ਦੀ ਸੰਗਲੀ ਢਿੱਲੀ ਕਰੋ
ਦੇਸ਼ ਭਗਤੀ, ਰਾਸ਼ਟਰਵਾਦ ਜਗਾਉ
ਜਾਤੀਵਾਦ, ਭਾਸ਼ਾ ਪ੍ਰੇਮ ਦਾ ਜਿੰਨ ਕੱਢੋ
ਧਰਮ ਸਥਾਨਾਂ ਦੇ ਸਪੀਕਰਾਂ ਦੀ ਆਵਾਜ਼ ਉੱਚੀ ਕਰੋ
ਹਰ ਹਰ ਮਹਾਂਦੇਵ
ਭਾਰਤ ਮਾਂ ਕੀ ਜੈ
ਅੱਲਾ ਹੂ ਅਕਬਰ
ਬੋਲੇ ਸੋ ਨਿਹਾਲ
ਮੀ ਮੁੰਬਈਕਰ
ਮੰਦਿਰ ਬਨਕੇ ਰਹੇਗਾ
ਭਾਰਤ ਉਦੈ
ਗਿਲੀ ਗਿਲੀ
ਪੂੰਜੀ ਪੂੰਜੀ
ਗਿਲੀ ਗਿਲੀ
ਪੂੰਜੀ ਪੂੰਜੀ.....

2 comments:

  1. strong feelings....strong write !
    moved!!...inspiring
    sehan vich khatra hai...na bolan te khatra hai

    ReplyDelete
  2. thanks Rupinder for a kind reading & appreciation..
    ..bilkul ji.. sehan vich khatra hai...na bolan te khatra hai

    ReplyDelete