ਕੌਣ ਹੈ ...??
ਕੋਈ ਹੈ
ਕੋਈ ਹੈ
ਜੋ ਹਨੇਰੇ ਦੇ ਪਿੱਛੇ ਲੁਕਿਆ ਹੈ
ਹਨੇਰੇ ਵਿੱਚ ਘੁਲ਼ਿਆ ਹੈ
ਜੋ ਛਾ ਜਾਣਾ ਚਾਹੁੰਦਾ ਹੈ
ਹੀਰੋਸ਼ੀਮਾ ਦੀ ਪਰਮਾਣੂ ਧੂੜ ਵਾਂਗ
ਸਾਡੀਆਂ ਉਮੰਗਾਂ ਉੱਤੇ
ਕਰ ਦੇਣਾ ਚਾਹੁੰਦਾ ਹੈ ਸਦਾ ਲਈ ਅਪੰਗ
ਬਾਂਹਵਾਂ ਲਹਿਰਾ ਕੇ ਤੁਰਨ ਦੀਆਂ
ਲੰਮੀਆਂ ਲੰਮੀਆਂ ਡਗਾਂ ਭਰਨ ਦੀਆਂ
ਚੰਦ ਵੱਲ ਵੇਖਣ ਦੀਆਂ
ਸੂਰਜ ਨੂੰ ਫੜ੍ਹਨ ਦੀਆਂ
ਸਾਡੀਆਂ ਰੀਝਾਂ ਨੂੰ
ਕੋਈ ਹੈ
ਕੋਈ ਹੈ
ਜੋ ਛੇ ਕੁ ਦਹਾਕੇ ਪਹਿਲਾਂ
ਬਰਲਿਨ ਦੇ ਕਿਸੇ ਤਹਿਖਾਨੇ ਵਿੱਚ ਜਲ ਗਿਆ ਸੀ
ਪਰ ਫਿਜ਼ਾ ਵਿੱਚ ਰਲ਼ ਗਿਆ ਸੀ
ਤੇ ਪੂਰਬ ਵੱਲ ਚੱਲ ਪਿਆ ਸੀ
ਤੇ ਹੁਣ ਉਹ
ਸੋਖ਼ ਲੈਣਾ ਚਾਹੁੰਦਾ ਹੈ
ਫੁੱਲਾਂ ਦੀ ਮਹਿਕ
ਸਤਰੰਗੀ ਪੀਂਘ ਦੇ ਰੰਗ
ਨੋਚ ਲੈਣਾ ਚਾਹੁੰਦਾ ਹੈ
ਰਾਤ ਵਿੱਚ ਜਾਗਦੀਆਂ ਅੱਖਾਂ
ਤੇ ਉੱਡਦੇ ਪਰਿੰਦਿਆਂ ਦੇ ਖੰਭ
ਕੋਈ ਹੈ
ਕੋਈ ਹੈ
ਜੋ ਝੁੰਡਾਂ ਵਿੱਚ ਆਉਂਦਾ ਹੈ
'ਆਦਮ ਬੋ ਆਦਮ ਬੋ' ਕਰਦਾ ਭਾਉਂਦਾ ਹੈ
ਮੌਤ ਦੇ ਭਜਨ ਗਾਉਂਦਾ ਹੋਇਆ
ਕਰਨਾ ਚਾਹੁੰਦਾ ਹੈ ਨਿਰਧਾਰਿਤ
ਕਿ ਕੌਣ ਕਿਸ ਨੂੰ
ਕਿਸ ਦਿਨ
ਕਿਸ ਤਰ੍ਹਾਂ ਪਿਆਰ ਕਰ ਸਕਦਾ ਹੈ
ਕੌਣ ਕਿਸ ਜਗ੍ਹਾ ਰਹਿ ਸਕਦਾ ਹੈ
ਕੰਮ ਕਰ ਸਕਦਾ ਹੈ
ਕਿ ਕੀ ਵਿਗਿਆਨਕ ਹੈ ਕੀ ਗੈਰ-ਵਿਗਿਆਨਕ
ਅਸੀਂ ਕਿਹੜੀਆਂ ਕਿਹੜੀਆਂ ਕਿਤਾਬਾਂ ਪੜ੍ਹ ਸਕਦੇ ਹਾਂ
ਕਿਹੜੇ ਗੀਤ ਸੁਣ ਸਕਦੇ ਹਾਂ
ਕਿਹੜੀ ਫਿਲਮ ਦੇਖ ਸਕਦੇ ਹਾਂ
ਕੋਈ ਹੈ
ਜੋ ਪਹਿਨਾਣਾ ਚਾਹੁੰਦਾ ਹੈ
ਸਾਡੀ ਸੋਚ ਦੀਆਂ ਉਡਾਰੀਆਂ ਨੂੰ
ਮੱਧਯੁਗੀ ਵੈਦਿਕ ਕਾਲੀਨ ਗਹਿਣੇ
ਜੋ ਕਰ ਰਿਹਾ ਹੈ ਕੋਸ਼ਿਸ਼
'ਗਲੋਬਲ ਵਾਰਮਿੰਗ' ਦੇ ਦੌਰ 'ਚ
ਸਾਡੇ ਲਹੂ ਨੂੰ ਜਮਾ ਦੇਣ ਦੀ
ਕੋਈ ਹੈ
ਜੋ ਤਹਿ ਕਰ ਰਿਹਾ ਹੈ
ਕਿ ਕਿੰਨੀ ਹੋ ਸਕਦੀ ਹੈ ਸਾਡੇ ਕਦਮਾਂ ਦੀ
ਕਾਨੂੰਨੀ ਲੰਬਾਈ
ਕਿੰਨੀ ਗਿਣਤੀ 'ਚ ਕਾਨੂੰਨੀ ਤੌਰ ਤੇ ਆਗਿਆ ਹੈ
ਸਾਡੇ ਸਾਹਾਂ ਨੂੰ ਆਉਣ ਲਈ
ਦਿਲ ਨੂੰ ਧੜਕਨ ਲਈ
ਤਹਿ ਕਰ ਰਿਹਾ ਹੈ
ਕਿ ਕਿੰਨੀ ਉਚਾਈ ਤੱਕ
ਦੇਖ ਸਕਦੀਆਂ ਹਨ ਸਾਡੀਆਂ ਅੱਖਾਂ
ਕਿੰਨੇ ਉੱਚੇ ਉੱਠ ਸਕਦੇ ਹਨ ਸਾਡੇ ਹੱਥ, ਸਾਡੇ ਸਿਰ
ਤੇ ਤਹਿ ਕਰ ਰਿਹਾ ਹੈ
ਸਾਡੇ 'ਚੋਂ ਕਿਸ ਕਿਸ ਨੇ ਬਣਨਾ ਹੈ 'ਗਿਨੀਆ ਪਿੱਗ'
ਤੇ ਕਿਸ ਕਿਸ ਨੇ ਬਣਨਾ ਹੈ ਝਟਕਈ
ਇੱਕੀਵੀਂ ਸਦੀ ਵਿੱਚ
'ਮਨੁੱਖੀ ਨਸਲ ਸੁਧਾਰ' ਦੀਆਂ
'ਯੂਜੈਨਿਕਸ' ਲੈਬਾਂ ਵਿੱਚ
ਕੋਈ ਹੈ
ਕੋਈ ਹੈ
ਜੋ ਸੜਕਾਂ ਤੇ ਘੁੰਮ ਰਿਹਾ ਹੈ
ਜੋ ਕਦੇ ਅਦਿੱਖ ਹੈ
ਕਦੇ ਜ਼ਾਹਿਰ ਹੈ
ਭੇਸ ਵਟਾਉਣ 'ਚ ਮਾਹਿਰ ਹੈ
ਸਿਵਿਆਂ ਦਾ ਭੂਤਰਿਆ ਕੋਈ ਪ੍ਰੇਤ ਹੈ
ਮਾਲਵੇ ਦੇ ਪਿੰਡਾਂ ਦਾ ਛਲੇਡਾ ਹੈ
ਪਰ ਫਿਰ ਵੀ ਕੁੱਝ ਪਛਾਣਾਂ ਹਨ ਇਸ ਦੀਆਂ
ਮਸਲਨ
ਇਸਦਾ ਚਿਹਰਾ ਵੱਢਖਾਣੇ ਪਾਲਤੂ ਕੁੱਤੇ ਜਿਹਾ ਹੁੰਦਾ ਹੈ
ਬੋਲਣ ਨਾਲੋਂ ਭੌਂਕਣ ਨੂੰ ਤਰਜੀਹ ਦਿੰਦਾ ਹੈ
ਬੋਲੀ ਤੋਤੇ ਵਾਂਗ ਰਟੀ ਹੋਈ
ਦਲੀਲ ਪੱਖੋਂ ਜਨਮ ਤੋਂ ਚੁਪਾਇਆ
ਤੇ ਇਹ ਵੀ ਹਮੇਸ਼ਾ
ਲਾਲ ਕੱਪੜੇ ਨੂੰ ਦੇਖ
ਭੂਸਰਦਾ ਹੈ
ਡਰਦਾ ਹੈ.....