Monday, February 24, 2014

ਬੇਘਰ ਲੋਕ

ਇੱਟਾਂ ਪੱਥਦੇ
ਭੱਠੇ ਮਘਾਉਂਦੇ
ਬੇਘਰ ਲੋਕ
ਘਰ ਦਾ ਸੁਫ਼ਨਾ ਅੱਖੀਂ ਸੰਜੋ ਕੇ
ਨੀਹਾਂ ਪੁੱਟਦੇ
ਰੋੜੀ ਕੁੱਟਦੇ|

ਭੱਠੇ ਅੰਦਰ ਅੱਗ ਦਾ
ਦੈਂਤ ਜਾਗਿਆ
ਮੂੰਹੋਂ ਗਰਮ ਇੱਟਾਂ ਉਗਲਦਾ
ਠੰਢੇ ਹੱਥੀਂ ਬੋਚਦੇ
ਬੇਘਰ ਲੋਕ
ਘਰ ਦਾ ਸੁਫ਼ਨਾ ਅੱਖੀਂ ਸੰਜੋ ਕੇ
ਦੀਵਾਰਾਂ ਉਸਾਰਦੇ
ਲੈਂਟਰ ਪਾਉਣ ਲਈ 
ਇੱਟਾਂ ਵਗਾਰਦੇ|

ਭੱਠੇ ਬੰਦ
ਘਰ ਬਣ ਵੀ ਚੁੱਕੇ
ਖਾਲੀ ਦੇ ਖਾਲੀ
ਬੇਘਰ ਲੋਕ
ਘਰ ਦਾ ਸੁਫ਼ਨਾ ਅੱਖੀਂ ਸੰਜੋ ਕੇ
ਰੋਟੀ ਲੱਭਦੇ 
ਠੇਕੇਦਾਰ ਦੀਆਂ 
ਪੈੜਾਂ ਨੱਪਦੇ

ਘਰ ਦਾ ਸੁਫ਼ਨਾ ਅੱਖੀਂ ਸੰਜੋ ਕੇ
ਘਰਾਂ ਵਾਲਿਆਂ ਲਈ
ਘਰ ਬਣਾਉਂਦੇ
ਰਹੇ
ਬੇਘਰ ਲੋਕ
ਖੁਦ ਬੇਘਰ ਹੀ
ਘਰ ਦਾ ਸੁਫ਼ਨਾ ਅੱਖੀਂ ਸੰਜੋ ਕੇ.... 
ਉਹ 
ਪਤਝੜ ਦੀ ਰੁੱਤੇ
ਵਿਸ਼ਾਲ ਰੁੱਖ ਦੀ 
ਦੂਰ ਦੀ ਟਾਹਣੀ ਉੱਤੇ ਬਚਿਆ 
ਆਖਰੀ ਪੱਤਾ ਸੀ ਉਦੋਂ
ਜਦੋਂ ਕਕਰੀਲੇ ਸਿਆਲਾਂ ਦੀਆਂ 
ਸਰਦ ਹਵਾਵਾਂ ਵਿੱਚ 
ਲੈਨਿਨਗਰਾਦ 
ਘੇਰਾਬੰਦੀ ਵਿੱਚ ਸੀ
ਉਸਨੇ ਖੁਦ ਨੂੰ ਖੁਦ ਵਿੱਚ ਹੀ 
ਵਲੇਟ ਕੇ ਰੱਖਿਆ 
ਯਾਦਾਂ, ਸੁਪਨੇ, ਵਿਚਾਰ 
ਯੋਜਨਾਵਾਂ
ਤੇ ਕਵਿਤਾਵਾਂ ਨੂੰ
ਸਭ ਤੋਂ ਅੰਦਰਲੀਆਂ ਪਰਤਾਂ ਵਿੱਚ 
ਸਦਾ ਨਿੱਘਿਆਂ ਰੱਖਿਆ
ਜਦ ਵੀ ਸੂਰਜ 
ਧਰਤੀ ਦੇ ਬੂਹੇ ਜੋਗੀ ਵਾਂਗ ਆਉਂਦਾ 
ਉਹ 
ਵਕਤ ਦੀ ਜੇਲ੍ਹ ਦਾ ਕੈਦੀ 
ਉੱਚੀ-ਉੱਚੀ ਅਵਾਜ਼ 'ਚ ਗਾਉਂਦਾ 
ਇਹਨਾਂ ਨੂੰ 
ਧੁੱਪ ਦੇਣ ਲਈ ਲੈ ਕੇ ਜਾਂਦਾ 
ਹੁਣ ਜਦੋਂ ਰੁੱਖ ਉੱਤੇ
ਨਵੇਂ ਪੱਤਿਆਂ ਦੇ ਨਿਸ਼ਾਨ ਦਿਖਣ ਲੱਗੇ ਹਨ 
ਸੂਰਜ ਵੀ
ਵੱਡੇ ਦਿਨਾਂ ਦੀਆਂ ਛੁੱਟੀਆਂ ਤੋਂ ਪਰਤ ਆਇਆ ਹੈ 
ਉਹ ਅਕਸਰ ਮਿਲਦਾ ਹੈ 
ਯਾਦਾਂ, ਸੁਪਨੇ, ਵਿਚਾਰ 
ਯੋਜਨਾਵਾਂ
ਤੇ ਕਵਿਤਾਵਾਂ 
ਦਾ ਭਰਿਆ ਹੋਇਆ ਆਪਣਾ ਝੋਲਾ 
ਸਮੁੰਦਰ ਨੂੰ ਪਹਿਲੀ ਵਾਰ ਦੇਖ ਕੇ ਆਏ
ਜਵਾਨੀ 'ਚ ਪੈਰ ਧਰ ਰਹੇ ਵਿਅਕਤੀ ਵੱਲੋਂ 
ਆਪਣੇ ਸਭ ਤੋਂ ਕਰੀਬੀ ਮਿੱਤਰਾਂ ਲਈ ਇਕੱਠੇ ਕੀਤੇ 
ਰੰਗ-ਬਰੰਗੇ, ਤੇ ਕਦੇ-ਕਦੇ ਅਦਭੁੱਤ ਰੰਗਾਂ-ਅਕਾਰਾਂ ਵਾਲੇ 
ਸਿੱਪੀਆਂ, ਘੋਗਿਆਂ ਦੇ ਭਰੇ 
ਲਿਫਾਫੇ ਵਾਂਗ 
ਖੋਲ ਦਿੰਦਾ ਹੈ...

Friday, February 21, 2014

ਉਹ ਹਨੇਰੇ ਖਿਲਾਫ਼ ਲੜਨ ਲਈ
ਘਰੋਂ ਨਿਕਲੇ
ਤੇ ਜਾਂਦੇ-ਜਾਂਦੇ ਆਪਣੀਆਂ ਅੱਖਾਂ

ਘਰੇ ਭੁੱਲ ਗਏ
ਕੁਝ ਰਾਤਾਂ ਤੁਰਨ ਤੋਂ ਬਾਅਦ
ਹਨੇਰੇ ਦੀ ਚੁੱਪ ਤੋਂ
ਡਰ ਗਏ
ਇੰਨਾ ਡਰੇ ਕਿ
ਖਟਮਲਾਂ, ਕਾਕਰੋਚਾਂ ਨਾਲ ਗੱਲ੍ਹਾਂ ਕਰਕੇ
ਇਕੱਲਪੁਣਾ ਭਜਾਉਣ ਲਈ

ਤਰਲੋਮੱਛੀ ਹੋਣ ਲੱਗੇ
ਅਤੇ
ਰਾਤ ਨੂੰ ਰੋਂਦੇ ਕੁੱਤਿਆਂ ਦੀਆਂ
ਆਵਾਜ਼ਾਂ ਨੂੰ
ਭਵਿੱਖ ਦਾ ਗੀਤ ਸਮਝ ਬੈਠੇ....

Sunday, February 2, 2014

ਦਸੰਬਰ

ਦਸੰਬਰ
ਕੁਝ ਕਾਹਲੀਆਂ
ਨਵੇਂ ਸਾਲ ਦੀ ਦਸਤਕ ਤੋਂ ਪਹਿਲਾਂ 
ਕੁਝ ਕੰਮਾਂ ਨੂੰ ਨੇਪਰੇ ਚਾੜਨ ਦੀਆਂ
ਕੁਝ ਸੁਸਤੀਆਂ, ਘੌਲਾਂ 
ਕਿ ਚੱਲ
"ਨਵੇਂ ਸਾਲ 'ਚ ਦੇਖਾਂਗੇ!"

ਦਸੰਬਰ
ਗੱਚਕਾਂ, ਚਾਹ ਦੀਆਂ ਚੁਸਕੀਆਂ 
ਪ੍ਰੋਗਰਾਮ ਆਇਰਿਸ਼ ਕੋਫੀ ਦੇ
ਕੋਟ ਦੀਆਂ ਜੇਬਾਂ 'ਚ ਹੱਥ ਪਾਕੇ 
ਦੋਸਤਾਂ ਨਾਲ ਗੱਪਾਂ
ਦੇਖਣਾ ਹਵਾ 'ਚ ਖਿੰਡਦੇ 
ਆਪਣੇ ਹੀ ਸਾਹਾਂ ਨੂੰ
ਤੇ ਸੋਚਣਾ 
ਸਾਹ ਲੈਣ ਜਿੰਨੀ ਸ਼ਾਨਦਾਰ ਕਿਰਿਆ ਨਹੀਂ ਹੋਣੀ ਕੋਈ
ਕਿ ਦਿਲ ਧੜਕਦਾ 
"ਮੈਨੂੰ ਭੁੱਲ ਗਿਐਂ!"

ਦਸੰਬਰ
ਡੇਂਗੂ, ਚਿਕਨਗੁਨੀਆ, ਮਲੇਰੀਏ ਤੋਂ ਮੁਕਤੀ
ਸ਼ੁਰੂਆਤ ਕੁਝ ਦਿਨਾਂ ਦੇ ਸਿਹਤਮੰਦ ਸੀਜ਼ਨ ਦੀ
ਕਿਰਤੀਆਂ ਲਈ 
ਤੇ ਵਿਹਲੜਾਂ, ਮੋਟਿਆਂ ਲਈ ਧੁੜਕੂ
ਨਿਮੋਨੀਏ, ਹਰਟਅਟੈਕ ਦਾ

ਦਸੰਬਰ
ਕਸਮਾਂ, ਪ੍ਰਣ
ਸਭ ਕਮਜ਼ੋਰੀਆਂ ਨੂੰ 
ਇੱਕ ਜਨਵਰੀ ਵਾਲੇ ਦਿਨ 
"ਵਿਅਕਤੀਗਤ ਇਤਿਹਾਸ ਦੇ ਕੂੜੇਦਾਨ" 'ਚ 
ਸੁੱਟ ਦੇਣ ਦੇ
ਜਾਣਦੇ ਹੋਏ ਕਿ 
ਇਹਨਾਂ 'ਚੋਂ ਕੁਝ ਨੂੰ ਸੁੱਟ ਪਾਵਾਂਗਾ
ਤੇ ਕੁਝ ਪੁਰਾਣੀਆਂ ਦੇ ਨਾਲ 
ਕੁਝ ਨਵੀਆਂ ਹੋਰ ਸ਼ਾਇਦ
ਫਿਰ ਬਣਨਗੀਆਂ ਸਬੱਬ ਅਗਲੇ ਦਸੰਬਰ
ਕਸਮਾਂ, ਪ੍ਰਣ ਲੈਣ ਦੀਆਂ

ਦਸੰਬਰ
ਸਹੁੰਆਂ
ਧਮਕੀਆਂ ਖੁਦ ਨੂੰ 
ਮੇਜ਼ 'ਤੇ ਚਾਕੂ ਰੱਖ ਕੇ 
ਕੁਝ ਜ਼ਖਮਾਂ ਨੂੰ ਪੱਕੇ ਤੌਰ 'ਤੇ ਸਿਉਂ ਦੇਣਦੀਆਂ 
ਤੇ ਦਿਲ ਦੇ ਕਿਸੇ ਕੋਨੇ 
ਕੁਝ ਜ਼ਖਮਾਂ ਨੂੰ ਲੁਕੋ ਲੈਣਾ 
ਖੁਦ ਹੀ

ਦਸੰਬਰ
ਗਮੀਆਂ
ਝੜ ਗਏ, ਝੜ ਰਹੇ ਪੱਤਿਆਂ ਲਈ
ਉਮੀਦਾਂ
ਇੱਕ ਬਸੰਤ ਦੇਖਣ ਦੀਆਂ 
ਉਦਾਸੀਆਂ
ਠੰਢਾਂ ਪਸਰਨ ਦੀਆਂ 
ਖੁਸ਼ੀਆਂ
ਠੰਢ 'ਚੋਂ ਗੁਜ਼ਰਨ ਦੀਆਂ 
ਤੌਖਲੇ 
ਧੁੰਦ ਦੇ ਪਿੱਛੇ ਲੁਕੇ ਅਦਿੱਖ ਦੇ 
ਪਕਿਆਈਆਂ
ਧੁੰਦ ਦੇ ਪਾਰ ਦੇਖਣ ਦੀਆਂ 
ਮਾਣ ਕੁਝ ਜਿੱਤਾਂ ਦਾ
ਤ੍ਰਿਸਕਾਰ ਕੁਝ ਹਾਰਾਂ 'ਤੇ
ਤੇ ਮਾਣ ਕੁਝ ਹਾਰਾਂ 'ਤੇ 
ਤ੍ਰਿਸਕਾਰ ਕੁਝ ਜਿੱਤਾਂ ਨੂੰ 

ਦਸੰਬਰ 
ਅਲਵਿਦਾ ਵੀ
ਸੁਆਗਤ ਵੀ...