Friday, September 20, 2013


ਮੈਂ ਜਾਣਦਾ ਹਾਂ 

ਤੁਸੀਂ ਲੜਨਾ ਨਹੀਂ ਸੀ ਚਾਹੁੰਦੇ 
ਮੈਂ ਜਾਣਦਾ ਹਾਂ 
ਤੁਸੀਂ ਮਰਨਾ ਨਹੀਂ ਸੀ ਚਾਹੁੰਦੇ 
ਨਹੀਂ ਸੀ ਚਾਹੁੰਦੇ ਤੁਸੀਂ 
ਆਪਣਿਆਂ ਦੇ 
ਧੜਕਦੇ ਫਰਕਦੇ ਜਿਸਮਾਂ ਨੂੰ 
ਲਾਸ਼ਾਂ 'ਚ ਬਦਲ ਦੇਣਾ 
ਨਹੀਂ ਸੀ ਚਾਹੁੰਦੇ ਤੁਸੀਂ 
ਆਪਣਿਆਂ ਹੀ ਘਰਾਂ ਨੂੰ 
ਸਮਸ਼ਾਨ ਬਣਦੇ ਹੋਏ
ਦੇਖਣਾ

ਮੈਂ ਜਾਣਦਾ ਹਾਂ 
ਮੈਂ ਜਾਣਦਾ ਹਾਂ.... 

ਪਰ ਤੁਸੀਂ ਲੜੇ
ਤੇ ਤੁਸੀਂ ਮਰੇ ਵੀ 
ਕਿ ਲੋੜ ਸੀ 
ਲੋਕਤੰਤਰ ਦੇ ਖੇਤ ਨੂੰ ਤੁਹਾਡੇ ਲਹੂ ਦੀ
ਲੋੜ ਸੀ 
ਵੋਟਾਂ ਦੀ ਧੂਣੀ ਮਘਾਉਣ ਲਈ 
ਤੁਹਾਡੀ ਚਰਬੀ ਦੀ 
ਲੋੜ ਸੀ 
ਅੱਜ ਦੇ ਬਰਾਕਸਾਂ, ਕਾਇਸਾਂ, ਲੂਸੀਅਸਾਂ ਨੂੰ
ਬੇਟੀਏਟਸਾਂ ਨੂੰ 
ਤੁਹਾਡੇ ਲੜਨ ਦੀ 
ਇਸ ਲਈ ਤੁਸੀਂ ਲੜੇ 
ਇੱਕ ਪਾਸਿਓਂ ਭੇਡਾਂ ਦੇ ਚੇਹਰੇ ਚੜਾ ਕੇ 
ਦੂਜੇ ਪਾਸਿਓਂ 
ਰਾਤ ਦਾ ਸੁਰਮਾ ਅੱਖਾਂ 'ਚ ਪਾ ਕੇ 
ਤੁਸੀਂ ਲੜੇ
ਜਦ ਤੱਕ ਮਾਸ ਤੇ ਲਹੂ ਨੇ ਸਾਥ ਦਿੱਤਾ 
ਤੁਸੀਂ ਠੰਢੇ ਕਰ ਲਏ ਆਪਣੇ ਚੁੱਲ੍ਹੇ 
ਰੋਮਨਾਂ ਦੇ ਘਰਾਂ 'ਚ 
ਨਿੱਘ ਬਣਾਈ ਰੱਖਣ ਲਈ

ਪਰ ਮੈਂ ਜਾਣਦਾ ਹਾਂ
ਤੁਸੀਂ ਲੜਨਾ ਨਹੀਂ ਚਾਹੁੰਦੇ ਸੀ,
ਤੁਸੀਂ ਮਰਨਾ ਨਹੀਂ ਚਾਹੁੰਦੇ ਸੀ
ਮੈਂ ਜਾਣਦਾ ਹਾਂ
ਤੁਸੀਂ ਅਜੇ ਹੋਰ ਕਈ ਵਾਰ ਲੜੋਂਗੇ ਸ਼ਾਇਦ 

ਇੱਕ ਦਿਨ ਲੜੋਂਗੇ ਜ਼ਰੂਰ
ਆਪੋ ਵਿੱਚ ਲੜਨਾ ਬੰਦ ਕਰਨ ਲਈ ਵੀ

ਮੈਂ ਜਾਣਦਾ ਹਾਂ ....

Tuesday, May 28, 2013

ਯਾਦ 

ਸਿਖਰ ਦੁਪਹਿਰੇ ਸੂਰਜ ਹੁੰਦੈ
ਅੰਬਰੀਂ ਲਟਕਦਾ ਚਮਕਦਾ
ਕੰਡਿਆਂ  ਵਾਂਗ ਲੜਦਾ
ਛੋਟਾ ਜਿਹਾ ਟੁਕੜਾ
ਦਿਨ ਢਲੇ ਤੋਂ
ਪਰਛਾਵੇਂ ਵੱਡੇ ਕਰਨ ਲੱਗਦਾ ਏ
ਕੂਲਾ ਕੂਲਾ ਲੱਗਦਾ 
ਛਿਪਦਾ ਹੋਇਆ 
ਬਿਖੇਰ ਦਿੰਦਾ ਹੈ ਲਾਲੀ 
ਅੱਧੇ ਆਸਮਾਨ 'ਚ
ਤੇ ਸੁਬ੍ਹਾ ਤੱਕ 
ਸਮੁੱਚੀ ਰਾਤ ਪਿੱਛੇ 
ਉਹਦੇ ਲੁਕੇ ਹੋਣ ਦਾ
ਭੁਲੇਖਾ ਬਣਿਆ ਰਹਿੰਦਾ ਹੈ
ਕੁਝ ਇਸ ਤਰ੍ਹਾਂ ਹੀ 
ਯਾਦ ਕਰਾਂਗੇ 
ਤੈਨੂੰ ਅਸੀਂ 
ਸਾਡੇ ਪਿਆਰੇ ਕਾਮਰੇਡ...

ਪਹਾੜ ਮੈਨੂੰ ਧੂਹ ਪਾਉਂਦੇ ਹਨ 
ਨਿਵਾਣਾਂ ਤੋਂ ਮੈਨੂੰ 
ਨਫ਼ਰਤ ਹੈ 
ਤੇ ਜ਼ਿੰਦਗੀ ਵਿੱਚ 
ਪਹਾੜ ਤੇ ਨਿਵਾਣਾਂ 
ਨਾਲੋ-ਨਾਲ ਚੱਲਦੇ ਹਨ 
ਪਹਾੜ ਦੀ ਟੀਸੀ ਵੱਲ ਹਰ ਕਦਮ 
ਨਿਵਾਣਾਂ ਨੂੰ 
ਹੋਰ ਡੂੰਘੇਰਾ 
ਹੋਰ ਡਰਾਉਣਾ 
ਹੋਰ ਘ੍ਰਿਣਤ 
ਬਣਾਉਂਦਾ ਜਾਂਦਾ ਹੈ....
ਸੂਰਜ ਨਹੀਂ 
ਤਾਂ ਚੰਦਰਮਾ ਹੋਵੇਗਾ 
ਚੰਦਰਮਾ ਨਹੀਂ 
ਤਾਰਿਆਂ ਦੇ ਕਾਫ਼ਲੇ ਹੋਣਗੇ
ਤਾਰੇ  ਨਹੀਂ
ਤਾਂ ਜੁਗਨੂੰਆਂ ਦੇ ਝੁੰਡ ਹੋਣਗੇ 
ਜੁਗਨੂੰ ਨਹੀਂ 
ਤਾਂ ਬਿਜਲੀਆਂ ਹੋਣਗੀਆਂ
ਲਿਸ਼ਕਦੀਆਂ 
ਧਰਤੀ ਕਦੇ 
ਚਾਨਣ ਵਿਹੂਣੀ 
ਹੋ ਸਕਦੀ ਨਹੀਂ ....