Tuesday, May 8, 2012

ਜ਼ਖਮ ਨੂੰ - 2


ਉਡੀਕ ਮੇਰੀ 'ਚ ਜ਼ਖਮ ਪਿਆਰੇ 
ਐਵੇਂ ਨਾ ਬੇਜ਼ਾਰ ਰਹੀਂ
ਅੱਗ ਲੈਣ ਲਈ ਆਵਾਂ ਜਦ 
ਬਸ ਧੁਖਦਾ ਅੰਗਾਰ ਰਹੀਂ

ਪਤਝੜਾਂ ਬਹਾਰਾਂ ਦੇ ਸੰਗ
ਮਹਿਫਲਾਂ ਸਜਾਉਣੇ ਲਈ
ਮੈਂ ਨਗਮੇ ਉਧਾਰ ਲੈਣੇ
ਤੂੰ ਬਣਕੇ ਦਿਲਦਾਰ ਰਹੀਂ

ਦੁਨੀਆਂ ਦੇ ਹਰ ਕੋਨੇ ਤੇਰੀ
ਮਹਿਕ ਹੈ ਖਿਲਾਰਨੀ
ਬਣ ਭੌਰਾ ਮੈਂ ਆਵਾਂ ਜਦ
ਤੂੰ ਖਿੜਿਆ ਗੁਲਜ਼ਾਰ ਰਹੀਂ

ਉਡੀਕ ਹੁਣ ਤਾਂ ਹੁੰਦੀ ਨਾ
ਮੱਸਿਆ ਦੀ ਕਦੇ ਪੁੰਨਿਆ ਦੀ
ਆਉਂਦਾ ਹਰ ਪਲ ਹਰ ਘੜੀ
ਤੂੰ ਬਣਕੇ ਜਵਾਰ ਰਹੀਂ

ਮੈਂ ਜਾਣਦਾਂ ਹਾਂ ਹਸ਼ਰ ਮੇਰਾ
ਹੋ ਸਕਦੈ ਪੌਮਪੇ ਜਿਹਾ
ਪਰ ਡਰੀਂ ਨਾ ਤੂੰ ਬਣਿਆ
ਲਾਵੇ ਦਾ ਪਹਾੜ ਰਹੀਂ

ਲੜੀ ਸਾਹਾਂ ਵਾਲੀ ਚਲਦੀ
ਹੁਣ ਦਿਲ ਦੇ ਭਰੋਸੇ ਨਾ
ਛਲਕਦਾ ਹਮੇਸ਼ਾ ਓ ਮੇਰੇ 
ਬਾਰ੍ਹਾਂਮਾਸੀ ਆਬਸ਼ਾਰ ਰਹੀਂ

ਕੁਰਬਾਨ ਹੋਣੀ ਤੇਰੇ ਉੱਤੋਂ
ਮੇਰੀ ਹਰ ਕਵਿਤਾ
ਤੂੰ ਗੀਤ ਹੈਂ ਸਜਾ ਕੇ ਬੈਠਾ 
ਗੀਤਾਂ ਦਾ ਬਜ਼ਾਰ ਰਹੀਂ

ਮੌਸਮ

ਮੌਸਮ ਦਾ ਅਰਥ ਸਿਰਫ਼ 
ਭੂਤਰੇ ਜਿੰਨ ਵਾਂਗ ਸੂਰਜ ਦਾ ਅੱਗ ਵਰਾਉਣਾ
ਜਾਂ ਬੇਵੱਸ ਮਜ਼ਦੂਰ ਵਾਂਗ ਧੂੜ 'ਤੇ ਜੰਮੇ ਪਾਣੀ ਅੱਗੇ
ਗੋਡੇ ਪਰਨੀਂ ਹੋ ਜਾਣਾ 
ਜਾਂ ਫਿਰ ਆਸਮਾਨ ਦਾ ਹੁਣੇ ਹੁਣੇ ਵਿਧਵਾ ਹੋਈ ਔਰਤ ਵਾਂਗ
ਲਗਾਤਾਰ ਰੋਈ ਜਾਣਾ ਹੀ ਨਹੀਂ ਹੁੰਦਾ
ਮੌਸਮ ਸੀਜ਼ਨ ਜਾਂ ਆਫ਼-ਸੀਜ਼ਨ ਵੀ ਹੁੰਦਾ ਹੈ
ਮੌਸਮ ਤਨਖਾਹ ਦਾ ਘਟਣਾ-ਵਧਣਾ ਵੀ ਹੁੰਦਾ ਹੈ
ਮੌਸਮ ਧੂਏਂ ਤੇ ਧੂੜ ਦੀਆਂ ਕਾਲੀਆਂ ਝੀਲਾਂ 'ਚੋਂ ਚਿੱਟੀ ਰੋਟੀ ਲੱਭਣ ਲਈ
ਕੂੰਜਾਂ ਵਾਂਗ ਘਰਾਂ ਨੂੰ ਛੱਡ ਤੁਰਨਾ 
ਤੇ ਫਿਰ ਉਹਨਾਂ ਸਾਹਾਂ ਨੂੰ ਛੋਹਣ ਲਈ ਮੁੜਨਾ ਵੀ ਹੁੰਦਾ ਹੈ 
ਜਿਹਨਾਂ ਨੂੰ ਉਹ ਸਾਲ ਭਰ ਸਿਰਫ਼ ਸੁਣਦਾ ਹੀ ਰਹਿੰਦਾ ਹੈ
ਮੌਸਮ ਵਕਤਾਂ ਨੂੰ ਵਾਹੁੰਦੇ, ਬੀਜਦੇ, ਸਿੰਜਦੇ ਤੁਰਦੇ ਰਹਿਣਾ ਵੀ ਹੁੰਦਾ ਹੈ 
ਤੇ ਫਿਰ ਕਦੇ ਕਦੇ ਮਿੱਟੀ ਨੂੰ ਉਲਟਾ ਦੇਣਾ ਵੀ ਹੁੰਦਾ ਹੈ
ਮੌਸਮ ਹਮੇਸ਼ਾਂ ਸਾਲ ਦੇ ਮਹੀਨਿਆਂ 'ਚ ਨਹੀਂ ਮਿਣਿਆ ਜਾਂਦਾ
ਮੌਸਮ ਦਹਾਕਿਆਂ ਦਾ ਵੀ ਹੁੰਦਾ ਹੈ ਤੇ ਪਲਾਂ ਦਾ ਵੀ
ਮੌਸਮ ਲਹੂ ਦਾ ਇੱਕ-ਇੱਕ ਕਤਰਾ ਬਚਾ ਕੇ ਰੱਖਣਾ
ਤੇ ਫਿਰ ਹੜ੍ਹਾਂ ਵਾਂਗ ਡੋਲਣਾ ਵੀ ਹੁੰਦਾ ਹੈ

ਬੇਮੌਸਮੇ ਸਿਰਫ਼ ਫਲ ਨਹੀਂ ਹੁੰਦੇ 
ਜਿਹਨਾਂ 'ਚ ਸੁਆਦ ਨਹੀਂ ਰਹਿੰਦਾ
ਬੇਮੌਸਮੇ ਵਿਚਾਰ ਵੀ ਹੁੰਦੇ ਹਨ
ਜਿਹਨਾਂ 'ਚ ਜੀਵਨ ਨਹੀਂ ਰਹਿੰਦਾ
ਬੇਮੌਸਮਾ ਜੀਵਨ ਵੀ ਹੁੰਦਾ ਹੈ
ਜਿਹੜਾ ਜੀਣ ਯੋਗ ਨਹੀਂ ਰਹਿੰਦਾ
ਬੇਮੌਸਮਾ ਜੀਣਾ ਵੀ ਹੁੰਦਾ ਹੈ
ਜਿਹੜਾ ਸਹਿਣਯੋਗ ਨਹੀਂ ਰਹਿੰਦਾ....

Friday, May 4, 2012

ਜ਼ਖਮ ਨੂੰ - 1

ਤੂੰ ਵੀ ਅਜੀਬ ਸ਼ੈਅ ਹੈਂ 
ਮੇਰੇ ਪਿਆਰੇ ਜ਼ਖਮ
ਕਦੇ ਮੈਂ ਤੈਨੂੰ ਠੀਕ ਕਰਨਾ ਚਾਹਿਆ ਸੀ
ਪਰ ਤੂੰ ਨਹੀਂ ਮੰਨਿਆ
ਹੁਣ ਤੂੰ ਠੀਕ ਹੋਣਾ ਲੋਚਦਾ ਹੈਂ
ਮੈਂ ਨਹੀਂ ਮੰਨਣ ਵਾਲਾ

ਜਦੋਂ ਵਕਤਾਂ ਦੀ ਕੰਬਾਈਨ ਨੇ
ਮੇਰੀ ਸੁਨਹਿਰੀ ਚਮਕ
ਚੁਰਾ ਲਈ ਸੀ
ਤੂੰ ਹੜ੍ਹ ਉੱਠਿਆ ਸੀ ਸਾਰੇ ਬੰਨ੍ਹ ਤੋੜ ਕੇ
ਸੋਨਾ ਵਿਖੇਰ ਦਿੱਤਾ ਸੀ
ਮੇਰੇ  ਦਿਲ ਦੇ ਵਿਹੜੇ
ਸਦਾ ਲਈ ਜਰਖੇਜ਼ ਕਰ ਦਿੱਤਾ ਸੀ

ਤੈਨੂੰ ਯਾਦ ਹੋਣੈ
ਜਦੋਂ ਉਹ ਮੈਥੋਂ
ਮੇਰੇ ਸੁਪਨੇ, ਮੇਰਾ  ਪਿਆਰ ਝਪਟਣ ਆਏ ਸੀ
ਮੈਂ ਬਾਗੀ ਫੌਜੀ ਵਾਂਗ ਟੁੱਟ ਪਿਆ ਸੀ
ਖੰਜਰਾਂ ਦੀ ਬਟਾਲੀਅਨ 'ਤੇ
ਹੁਣ ਉਹ ਆਉਣਗੇ ਆਪਣੀਆਂ ਮਲ੍ਹਮਾਂ ਲੈ ਕੇ
ਮੈਥੋਂ ਮੇਰੀ ਨਫ਼ਰਤ ਖੋਹਣ
ਪਰ ਤੇਰੇ ਗਰਮ ਕੰਢਿਆਂ ਅੱਗੇ
ਉਹਨਾਂ ਦੀਆਂ ਉਂਗਲਾਂ ਬੱਗੀਆਂ ਹੋ ਜਾਣਗੀਆਂ

ਓ ਮੇਰੇ ਦਿਲ 'ਚੋਂ ਫੁੱਟਦੇ
ਗਰਮ ਲਹੂ ਦੇ ਝਰਨੇ
ਮੈਂ ਬੈਠਦਾ ਹਾਂ
ਤੇਰੇ ਕੋਲ
ਖਿਆਲਾਂ ਦੀ ਕੁਰਸੀ ਡਾਹ ਕੇ
ਠੰਢੇ ਮੌਸਮਾਂ 'ਚ
ਉਦਾਸ ਵਕਤਾਂ 'ਚ
ਸਿਲ੍ਹੀਆਂ ਹਨੇਰੀਆਂ 'ਚ
ਬੋਝਲ ਅਲਸਾਈ ਹਵਾ ਦੇ ਲੰਮੇ ਕਸ਼ ਭਰਦਾ ਹੋਇਆ
ਅਵਾਰਾ ਘੁੰਮਦੇ ਬੱਦਲਾਂ ਨਾਲ ਖੇਡਣ ਨਿਕਲ ਗਏ
ਚੰਨ ਨੂੰ ਭਾਲਦਾ ਹਾਂ
ਤਾਰਿਆਂ  'ਚੋਂ ਅਣਜਾਣੇ ਸਫ਼ਰ ਦੀ 
ਦਿਸ਼ਾ ਲਭਦਾ ਹਾਂ 
ਤੇ ਮੈਂ ਚਲ ਪਵਾਂਗਾ ਅੱਧੀ ਰਾਤ ਨੂੰ ਹੀ
ਨੰਗੇ ਪਹਾੜਾਂ ਦੀਆਂ ਚੜਾਈਆਂ ਚੜ੍ਹਨ
ਸੁੰਨੇ ਸਾਗਰਾਂ 'ਚ ਠਿੱਲਣ 
ਰੇਤਲੇ ਪੈਂਡਿਆਂ ਨੂੰ ਛੋਹਣ

ਤੂੰ ਰਿਸਦਾ  ਰਹੀਂ
ਮੇਰੇ ਪਿਆਰੇ ਜ਼ਖਮ
ਮੈਂ  ਜਗਾਵਾਂਗਾ ਇੱਕ ਰਾਤ ਆ ਕੇ ਤੈਨੂੰ
ਤੇ ਅਸੀਂ ਫਿਰ ਬੈਠਾਂਗੇ ਲਾਗੇ-ਲਾਗੇ
ਇੱਕ ਦੂਜੇ ਦੀਆਂ ਗੱਲ੍ਹਾਂ ਨਾਲ ਗੱਲ੍ਹਾਂ ਜੋੜ ਕੇ
ਜਾਮ ਟਕਰਾਵਾਂਗੇ ਵੋਦਕਾ ਦਾ
ਦੁਧੀਆ ਬੱਦਲਾਂ ਤੇ ਪੀਲੇ ਚੰਨ ਦੇ ਪਿੱਛੇ ਲੁਕਿਆ
ਗੀਤ ਲੱਭਣ ਖੇਡਾਂਗੇ...