Wednesday, February 16, 2011

ਜੀਣਾ

ਸੂਟਕੇਸਾਂ ਵਰਗੇ ਘਰਾਂ ਵਿੱਚ
ਰਿਸ਼ਵਤ 'ਚ ਮਿਲੇ ਨੋਟਾਂ ਵਾਂਗ
ਦਿਨਕਟੀ ਕਰਨਾ
ਜੀਣਾ ਨਹੀਂ ਹੁੰਦਾ

ਹਨੇਰੀਆਂ ਦੇ ਦੌਰਾਂ ਵਿੱਚ
ਸਿਉਂਕ ਖਾਧੇ ਸੁੱਕੇ ਰੁੱਖ ਵਾਂਗ
ਸ਼ਾਂਤ ਰਹਿਣਾ
ਜੀਣਾ ਨਹੀਂ ਹੁੰਦਾ

ਸਰੀਰ ਨੂੰ ਜਿਉਂਦਾ ਰੱਖਣ ਲਈ
ਕੋਠੇ ਬੈਠੀ ਵੇਸਵਾ ਵਾਂਗ
ਆਤਮਾ ਮਾਰ ਲੈਣੀ
ਜੀਣਾ ਨਹੀਂ ਹੁੰਦਾ

ਪੀਰ ਦੀ ਮਨੌਤ 'ਤੇ ਕਤਲ ਹੋਏ ਬੱਕਰੇ ਵਾਂਗ
ਜ਼ਿੰਦਗੀ ਨੂੰ ਪ੍ਰੰਪਰਾ ਦੀ ਵੇਦੀ 'ਤੇ
ਬਲੀ ਚੜਾਉਣਾ
ਜੀਣਾ ਨਹੀਂ ਹੁੰਦਾ

ਜੀਣਾ ਤਾਂ ਹੁੰਦਾ ਹੈ
ਪੂਛਲ ਤਾਰੇ ਵਾਂਗ ਜਲ ਕੇ
ਸਾਉਣ ਦੇ ਬੱਦਲ ਵਾਂਗ ਵਰ੍ਹ ਕੇ
ਮਨੁੱਖ ਵਾਂਗ ਲੜ ਕੇ
ਮਰਨਾ.....

Sunday, January 30, 2011

ਉਹਨਾਂ ਦਾ ਡਰ

ਹਵਾ ਦੀ ਸਰਸਰਾਹਟ

ਪੱਤਿਆਂ ਦੀ ਖੜ-ਖੜ
ਚਾਨਣ ਦੀ ਕਿਰਨ
ਨਦੀਆਂ ਝਰਨਿਆਂ ਦੇ
ਪਾਣੀਆਂ ਦੀ ਕਲ-ਕਲ
ਤੋਂ ਉਹ ਡਰਦੇ ਹਨ
ਉਨਾ ਹੀ
ਜਿੰਨਾ ਕਿ ਕੋਈ ਹਲਕਿਆ ਕੁੱਤਾ
ਪਤਾ ਇਹ ਉਹਨਾਂ ਨੂੰ ਵੀ
ਕਿ ਹਲਕੇ ਕੁੱਤੇ ਦੀ ਕਿਸਮਤ 'ਚ
ਮੌਤ ਹੀ ਲਿਖੀ ਹੁੰਦੀ ਹੈ

ਜਿਉਂ ਜਿਉਂ ਉਹਨਾਂ ਦੀ ਮੌਤ
ਨੇੜੇ ਆ ਰਹੀ ਹੈ
ਕਾਨੂੰਨ ਦੀ ਕਿਤਾਬ
ਹੋਰ ਕਾਲੀ ਹੋਰ ਕਾਲੀ ਹੁੰਦੀ ਜਾ ਰਹੀ ਹੈ
ਹਨੇਰੀ ਰਾਤ
ਹੋਰ ਗਹਿਰੀ ਹੋਰ ਗਹਿਰੀ ਹੋ ਰਹੀ ਹੈ
ਸੁਰਖ ਸਰਘੀ ਵੇਲਾ
ਪਹੁ-ਫੁਟਾਲੇ ਦੀ ਪਹਿਲੀ ਕਿਰਨ
ਹੁੰਦੀ ਜਾ ਰਹੀ ਹੈ
ਹੋਰ ਨੇੜੇ ਹੋਰ ਨੇੜੇ
ਹੋਰ ਨੇੜੇ ਹੋਰ ਨੇੜੇ......

Thursday, August 12, 2010

ਗਤੀ

ਪੱਤੇ
ਟੁੱਟਦੇ ਰਹਿੰਦੇ ਹਨ
ਕਰੁੰਬਲਾਂ
ਫੁੱਟਦੀਆਂ ਰਹਿੰਦੀਆਂ ਹਨ
ਰੁੱਖ
ਉੱਚਾ ਹੁੰਦਾ ਰਹਿੰਦਾ ਹੈ

ਰੁੱਖ
ਡਿੱਗਦੇ ਰਹਿੰਦੇ ਹਨ
ਬੀਜ
ਪੁੰਗਰਦੇ ਰਹਿੰਦੇ ਹਨ
ਜੀਵਨ
ਚੱਲਦਾ ਰਹਿੰਦਾ ਹੈ
...

Saturday, August 7, 2010

ਸਿਰਲੇਖ ਰਹਿਤ ਤਿੰਨ ਕਵਿਤਾਵਾਂ

1.


ਮੈਂ ਤਾਂ ਬੱਸ
ਮਨ ਦਾ ਗੁੱਸਾ
ਦਿਲ ਦੀਆਂ ਆਸ਼ਾਵਾਂ
ਭਵਿੱਖ ਦੇ ਸੁਪਨੇ
ਤੇ ਤੇਰਾ ਪਿਆਰ
ਬਿਖੇਰ ਦਿੰਦਾ ਹਾਂ
ਕੱਲਰ ਮਾਰੀ ਧਰਤੀ ’ਤੇ
ਸਿੰਜਦਾ ਹਾਂ ਲਹੂ ਦੀਆਂ ਬੂੰਦਾਂ ਨਾਲ
ਫਿਰ ਉੱਗਦੇ ਸੂਰਜ ਦੀ ਲਾਲੀ ਹੇਠ
ਪੁੰਗਰਦੇ ਹਨ
ਵੱਡੇ ਹੁੰਦੇ ਹਨ
ਕਵਿਤਾ ਦੇ ਫੁੱਲਾਂ ਲੱਦੇ ਬੂਟੇ......


2.

ਕੋਸ਼ਿਸ਼ ਕਰ ਰਿਹਾ ਹੈ
ਢੱਕ ਲੈਣ ਦੀ
ਪੁੰਨਿਆ ਦੇ ਚੰਨ ਨੂੰ
ਬਾਂਝ ਹੋਇਆ ਬੱਦਲ
ਆਸਮਾਨ ਦੇ ਇੱਕ ਕੋਨੇ ਵਿੱਚ
ਥੰਮੀ ਹੋਈ ਹਵਾ
ਤਿਆਰੀ ਕਰ ਰਹੀ ਹੈ
ਹਨੇਰੀ ਬਣ ਜਾਣ ਦੀ


3.

आया था जब
मैं आगोश में तेरे
डूबता हुआ सूरज था
अब सुबह की लाली हुं.....

Wednesday, June 2, 2010

ਦੋ ਕਵਿਤਾਵਾਂ


ਸ਼ਾਦੀਸ਼ੁਦਾ ਆਦਮੀ ਦਾ ਦੁੱਖ

ਸੌਣਾ ਆਪਣੀ ਪਤਨੀ ਨਾਲ਼
ਤੇ ਉਸ ਵਿੱਚ ਲੱਭਣਾ
ਇੱਕ ਪ੍ਰੇਮਿਕਾ



ਵਿਆਹ

ਔਰਤ ਲਈ
ਇੱਕ ਕਿੱਲੇ ਤੋਂ ਖੋਲ੍ਹ ਕੇ
ਦੂਜੇ ਕਿੱਲੇ ਨਾਲ਼
ਬੰਨ੍ਹਿਆ ਜਾਣਾ
ਵਿਆਹ ਦੀਆਂ ਰਸਮਾਂ ਦਾ
ਹੋ ਨਿਬੜਨਾ
ਇੱਕ ਤਰਾਂ ਨਾਲ਼
'ਕਿੱਲਾ ਬਦਲ ਸਮਾਰੋਹ'

Sunday, May 2, 2010

ਰਾਤਰੀ ਜੀਵ

ਰਾਤ ਨੇ
ਢੱਕ ਲਏ ਹਨ
ਰੁੱਖ, ਫੁੱਲ
ਤੇ ਕਣਕ ਦੀਆਂ ਬੱਲੀਆਂ
ਝੁੱਗੀਆਂ, ਗਾਰੇ 'ਚ ਛੱਤੇ ਖੁੱਡੇ
ਗਿਆਨੇ ਹੁਰਾਂ ਦੀਆਂ ਮੱਛਰਦਾਨੀਆਂ

ਤੇ ਫਾਰਮ ਹਾਊਸਾਂ ਦੀਆਂ ਕੋਠੀਆਂ
ਮਾਡਲ ਟਾਊਨ, ਅਰਬਨ ਅਸਟੇਟ
ਸਿਗਲੀਗਰਾਂ ਦਾ ਮੁਹੱਲਾ
ਤੇ ਸ਼ਹੀਦ ਐਵੀਨਿਊ
ਦਲਿਤ ਬਸਤੀ ਦੀ ਥਾਈ
ਤੇ ਗੁਲਮੋਹਰ ਮੈਰਿਜ ਪੈਲੇਸ
ਪਗਡੰਡੀਆਂ, ਪਹੇ, ਸੜਕਾਂ
ਤੇ ਨੈਸ਼ਨਲ ਹਾਈਵੇ ਨੰ. 1
ਗਿਆਸਪੁਰੇ ਦੇ ਕਿਸੇ ਵਿਹੜੇ ਦੀ
ਇਕਲੌਤੀ ਪਾਣੀ ਦੀ ਟੂਟੀ
ਤੇ ਪੰਜ ਤਾਰੇ ਦਾ ਸਵਿਮਿੰਗ ਪੂਲ
ਪਿੰਡ ਦਾ ਛੱਪੜ
ਤੇ ਪਵਿੱਤਰ ਸਰੋਵਰ, ਨਦੀਆਂ, ਸਾਗਰ
ਭੋਲੇ ਕੇ ਟੁੱਟੇ ਟੀਵੀ ਅੰਨਟੀਨੇ 'ਤੇ
ਟਕਦੀ ਲਾਲ ਕਾਤਰ
ਸ਼ਹਿਰਾਂ ਦੇ ਮੁੱਖ ਦਫ਼ਤਰਾਂ 'ਤੇ ਝੂਲਦੇ ਝੰਡੇ
ਕੰਧਾਂ, ਬੈਰੀਕੇਡ
ਤੇ ਸਰਹੱਦਾਂ ਦੀ ਕੰਡਿਆਲੀ ਤਾਰ
ਨਿਕਲੇ ਹਨ
ਰਾਤਰੀ ਟੂਰ ਤੇ
ਚੁੜੇਲ, ਪ੍ਰੇਤ, ਛਲੇਡੇ
ਨਾਲ਼ ਲੈ ਕੇ ਜਮਦੂਤਾਂ ਦੀ ਫੌਜ
ਦਿੰਦੇ ਹੋਏ ਹੋਕਾ
ਸਭ ਜਲਦੀ ਠੀਕ ਹੋ ਜਾਵੇਗਾ
ਰਾਤ ਜਲਦੀ ਖਤਮ ਹੋਵੇਗੀ
ਹੌਂਸਲਾ ਰੱਖੋ ਧਰਤੀ ਦੇ ਵਾਸੀਓ
ਫੇਰ ਸੁਬਹ ਹੋਵੇਗੀ
ਤੇ ਤੁਸੀਂ ਜੰਨਤ ਵਿੱਚ ਹੋਵੋਗੇ
ਫਿਰ ਘੁਸ ਜਾਂਦੇ ਹਨ
ਹਨੇਰੇ ਦੇ ਮਾਲਿਕਾਂ ਦੀ ਗੁਫ਼ਾ ਅੰਦਰ
ਸੋਚ ਕੇ
ਕੋਈ ਜਾਗਦੀ ਅੱਖ ਨਹੀਂ ਬਚੀ ਸ਼ਹਿਰ ਅੰਦਰ
ਹੁਣ ਬੱਸ ਆਵਾਜ਼ਾਂ ਆ ਰਹੀਆਂ ਹਨ
ਖਚਰੇ ਹਾਸੇ ਦੀਆਂ
ਸਾਜਿਸ਼ੀ ਫੁਸਫੁਸਾਹਟਾਂ ਦੀਆਂ
ਸੰਗੀਤ ਯੰਤਰਾਂ ਦੀਆਂ
ਮੌਤ ਵਡਿਆਉਂਦੇ ਭਜਨਾਂ ਦੀਆਂ
ਲਾ...... ਲਾ........ ਲਾ........
ਇਲਾ........ ਇਲਾ........ ਇਲਾ........
ਹੂ........ ਹੂ........ ਹੂ..........
ਲੇ........ ਲੇ........ ਲੇ...........
ਸੋ......... ਸੋ......... ਸੋ..........
ਜੈ.......ਜੈ..........ਜੈ...........
ਰਾ...... ਰਾ.......ਰਾ.........
ਧੇ....... ਧੇ......... ਧੇ.......... ਹੋ......... ਹੋ.......... ਹੋ..........
ਹੀ........ਹੀ........ ਹੀ........ ਹਾ..........ਹਾ.........ਹਾ..........

Tuesday, March 23, 2010

ਕਾਮਰੇਡ ਦਾ ਇਤਿਹਾਸਿਕ ਪਦਾਰਥਵਾਦ

ਲਾਇਬਰੇਰੀ ਦੀਆਂ ਕੁਰਸੀਆਂ ਤੇ ਬੈਠ
ਸਾਲਾਂਬੱਧੀ
ਫਰੋਲਦਾ ਰਿਹਾ ਕਿਤਾਬਾਂ
ਝਾੜਦਾ ਰਿਹਾ ਮਿੱਟੀ ਗ੍ਰੰਥਾਂ ਤੋਂ
ਛਾਂਟਦਾ ਰਿਹਾ
ਘੋਖਦਾ ਰਿਹਾ ਆਂਕੜੇ
ਕਰਦਾ ਰਿਹਾ ਨਿਸ਼ਾਨਦੇਹੀ ਵਿਰੋਧਤਾਈਆਂ ਦੀ
ਹਰ ਵਿਰੋਧਤਾਈ ਦੇ
ਪ੍ਰਧਾਨ ਪੱਖ ਦੀ

ਗੌਣ ਪੱਖ ਦੀ
ਫਿਰ ਜਦੋਂ ਆਇਆ ਮੌਕਾ
ਉੱਠਿਆ ਜਵਾਰ ਲੋਕਾਈ ਦੇ ਸਾਗਰਾਂ 'ਚ
ਕਰਨ ਲਈ ਵਿਰੋਧਤਾਈ ਨੂੰ ਹੱਲ
ਪ੍ਰਧਾਨ ਪੱਖ ਨੂੰ ਗੌਣ ਕਰਨ
ਤੇ ਗੌਣ ਪੱਖ ਨੂੰ ਪ੍ਰਧਾਨ ਕਰਨ ਲਈ
ਤਾਂ ਉਹ ਪਾਇਆ ਗਿਆ
ਛੁਪਿਆ ਹੋਇਆ
ਉਸੇ ਲਾਇਬਰੇਰੀ ਦੀਆਂ ਕੁਰਸੀਆਂ 'ਚ
ਕਰਦਾ ਹੋਇਆ
ਮੁਕਤ-ਚਿੰਤਨ
.....

Monday, March 22, 2010
















ਬੀਂਡਾ


ਹਵਾ ਨਾਲ਼ ਉੱਡਦਾ ਜਾ ਰਿਹਾ ਸੀ
ਇੱਕ ਬੀਂਡਾ
ਹਵਾ ਤੇਜ਼ ਹੋਈ
ਬੀਂਡੇ ਦੇ ਮਨ ਵਿੱਚ ਡਰ ਪੈਦਾ ਹੋਇਆ
ਦਿਲ ਕੀਤਾ
ਦੇਖਿਆ ਜਾਵੇ ਖਲੋ ਕੇ
ਘਰ ਤੋਂ ਭਲਾ ਕਿੰਨੀ ਦੂਰ ਆਇਆ
ਅੱਖਾਂ ਤੇ ਹੱਥ ਰੱਖ ਲੱਭਣ ਲੱਗਾ
ਦੁਮੇਲ ਵਿੱਚ ਆਪਣਾ ਘਰ
ਹਵਾ ਸੀ
ਕਿ ਅੱਗੇ ਨਿਕਲ ਗਈ

ਬੀਂਡਾ
ਖਲੋਤਾ ਰਿਹਾ

ਹਵਾ
ਵਾਪਿਸ ਆਈ

ਦੂਣੇ ਜ਼ੋਰ ਨਾਲ਼
ਇਕੋ ਝਟਕੇ ਨਾਲ਼ ਸੁੱਟ ਦਿੱਤਾ ਬੀਂਡੇ ਨੂੰ
ਸਦੀਆਂ ਦੀ ਗੰਦਗੀ ਨਾਲ ਭਰੇ ਛੱਪੜ ਵਿੱਚ
ਹੁਣ ਬੀਂਡਾ ਲੋਚ ਰਿਹਾ ਸੀ
ਘਰ ਵਾਪਿਸ ਜਾਣ ਲਈ
ਕੋਸ ਰਿਹਾ ਸੀ
ਪ੍ਰਗਤੀਵਾਦ ਨੂੰ
ਇਨਕਲਾਬ ਨੂੰ
ਭੁੱਲ ਰਿਹਾ ਸੀ
ਕਿ ਛੱਪੜ ਹੀ ਉਸਦਾ ਅਸਲੀ ਘਰ ਸੀ.....











ਚਾਨਣ ਦੇ ਗੀਤ


ਕਾਲੇ ਨਾਗ ਜਿਹੇ ਆਸਮਾਨ ਵੱਲ ਤੱਕਦੇ ਹੋਏ
ਸੋਚ ਰਿਹਾ ਸੀ
ਬੀਤੀ ਸ਼ਾਮ ਬਾਰੇ
ਸੂਰਜ ਦੇ ਛੁਪਣ ਬਾਰੇ
ਚੰਨ ਦੇ ਲੁਕਣ ਬਾਰੇ
ਰਾਤ ਦੀ ਤਨਹਾਈ ਬਾਰੇ
ਮੱਸਿਆ ਦੀ ਲੰਬਾਈ ਬਾਰੇ
ਮਨ ਵਿੱਚ ਆਉਣ ਲੱਗੇ
ਕੁਝ ਡਰੇ ਸਹਿਮੇ ਸ਼ਬਦ
ਕਰਨ ਲੱਗੇ ਜ਼ਿੱਦ
ਕਵਿਤਾ ਦੀ ਰੱਸੀ ਨਾਲ਼ ਬੰਨ੍ਹੇ ਜਾਣ ਦੀ
ਬੱਸ ਲੱਗਾ ਹੀ ਸੀ
ਉਪਰੇਸ਼ਨ ਥੀਏਟਰ ਜਾਣ
ਮਨਸੂਈ ਰੋਸ਼ਨੀ ਦਾ ਸਹਾਰਾ ਲੈ ਕੇ
ਕਾਗਜ਼ਾਂ ਦਾ ਗਰਭਪਾਤ ਕਰਨ*
ਕਲ਼ਮ ਨੂੰ ਬਾਂਝ ਕਰਨ*
ਕਿ ਉੱਡਦਾ ਉੱਡਦਾ ਇੱਕ ਜੁਗਨੂੰ
ਆ ਬੈਠਾ ਉਂਗਲ ਦੇ ਪੋਟੇ ਤੇ
ਕਹਿਣ ਲੱਗਾ

ਜੇ ਲਿਖਣ ਲੱਗਾ ਹੀ ਹੈਂ
ਤਾਂ ਕਾਲ਼ੀ ਬੋਲ਼ੀ ਰਾਤ 'ਚ ਇਕੱਠੇ ਹੋ ਰਹੇ
ਬੱਦਲਾਂ ਦੀ ਕੋਈ ਅਜਿਹੀ ਗੜਗੜਾਹਟ ਲਿਖ
ਜਿਸਨੂੰ ਸੁਣ ਕੰਬ ਉੱਠੇ
ਸ਼ੈਤਾਨ ਦੀ ਰੂਹ
ਜੇ ਲਿਖਣਾ ਏ
ਤਾਂ
ਮੋਹਲੇਧਾਰ ਵਰ੍ਹਦਾ ਮੀਂਹ ਲਿਖ
ਜੋ ਵਹਾ ਕੇ ਲੈ ਜਾਏ
ਹਨੇਰੇ ਦੀ ਕਾਲਖ

ਜੇ ਲਿਖਣਾ ਏ
ਤਾਂ
ਹਨੇਰੀ ਰਾਤ ਵਿੱਚ
ਧਰਤੀ ਨੂੰ ਅੰਬਰ ਨਾਲ਼ ਜੋੜਦੀ
ਆਸਮਾਨੀ ਬਿਜਲੀ ਦੀ ਲਕੀਰ ਲਿਖ
ਜਿਸ ਨੂੰ ਪੌੜੀ ਬਣਾ ਧਰਤੀ ਦੇ ਜਾਏ
ਪਹੁੰਚਣਗੇ ਸੂਰਜ ਤੱਕ

ਤੇ ਲੈ ਕੇ ਆਉਣਗੇ ਲਾਲ ਸੂਹੀ ਸਵੇਰ
ਜੇ ਲਿਖਣਾ ਏ
ਤਾਂ
ਆਉਣ ਵਾਲ਼ੀ ਸੁਬ੍ਹਾ ਦੇ ਤਰਾਨੇ ਲਿਖ
ਜੋ ਗਾਉਣਗੇ ਲੋਕੀ
ਲਲਕਾਰੇ ਮਾਰ ਕੇ
ਹਨੇਰੇ ਦੀ ਕਬਰ ਉੱਤੇ

ਤੇ ਜੇ ਚਾਹੁੰਨਾ ਏਂ
ਕਿ ਤੇਰੇ ਗੀਤਾਂ ਦੀ ਉਮਰ ਲੰਬੀ ਹੋਵੇ
ਤਾਂ ਢਾਬੇ ਤੇ ਭਾਂਡੇ ਧੋਂਦੇ ਛੋਟੂ ਦੇ ਖੁਸ਼ਕ ਨੈਣਾਂ ਵਿੱਚ
ਕਿਤਾਬ ਜਿਹਾ ਕੋਈ ਅਕਸ ਲਿਖ
ਵਿਹੜੇ 'ਚ ਰਹਿੰਦੀ ਛੰਨੋ ਦੇ ਖੁਰਦਰੇ ਹੱਥਾਂ 'ਚ
ਭਵਿੱਖ ਦਾ ਕੋਈ ਨਕਸ਼ ਲਿਖ
ਮਜਦੂਰ ਦੀਆਂ ਰਾਤ ਨੂੰ ਜਾਗਦੀਆਂ
ਥੱਕੀਆਂ ਅੱਖਾਂ ਦੇ ਸੁਪਨੇ ਲਿਖ
ਆਪਣੀ ਕਿਸਮਤ ਦਾ ਖੁਦ ਮਾਲਿਕ
ਅਜਿਹਾ ਕੋਈ ਸ਼ਖਸ ਲਿਖ
ਜਗਮਗਾਉਂਦੇ ਲਾਟੂਆਂ ਦੇ ਗੀਤ ਲਿਖ
ਮਿਹਨਤਕਸ਼ਾਂ ਦੀ ਆਪਸੀ ਪ੍ਰੀਤ ਲਿਖ
ਵੰਡਾਂ ਦੀ ਰੀਤ ਨੂੰ ਛਿੜੇ ਕੰਬਣੀ
ਬੰਦ ਮੁੱਠੀ ਜਿਹਾ ਗੀਤ ਲਿਖ
ਤੇਰੀਆਂ ਇਹ ਹਨੇਰੇ ਦੀਆਂ ਗਜ਼ਲਾਂ ਨੇ
ਹਨੇਰਾ ਖਤਮ ਹੁੰਦੇ ਹੀ
ਮਰ ਜਾਣਾ ਏ
ਜਿਉਂਦੇ ਰਹਿਣਗੇ ਤਾਂ ਬੱਸ
ਚਾਨਣ ਦੇ ਗੀਤ
ਜਿਉਂਦੇ ਰਹਿਣਗੇ ਤਾਂ ਬੱਸ
ਚਾਨਣ ਦੇ ਗੀਤ......

*ਪਾਸ਼ ਦੀ ਕਵਿਤਾ 'ਖੁੱਲੀ ਚਿੱਠੀ' ਵਿੱਚੋਂ ...

Friday, March 12, 2010














ਮੇਰੀ ਕਲ਼ਮ ਮੇਰੇ ਸ਼ਬਦ


ਮੈਂ ਨਹੀਂ ਚਾਹੁੰਦਾ
ਮੇਰੀ ਕਲ਼ਮ
ਤਹਾਡੇ ਜ਼ਖਮਾਂ ਤੇ ਟਕੋਰ ਕਰੇ
ਉਹਨਾਂ ਨੂੰ ਪੋਲੇ ਪੋਲੇ ਸਹਲਾਵੇ
ਤੁਹਾਨੂੰ ਕੋਈ ਲੋਰੀ ਸੁਣਾਵੇ
ਸਦਾ ਦੀ ਨੀਂਦ ਸੌਣ 'ਚ
ਤੁਹਾਡੀ ਕਿਸੇ ਵੀ ਤਰਾਂ ਦੀ
ਕੋਈ ਮਦਦ ਕਰੇ
ਮੈਂ ਤਾਂ ਚਾਹੁੰਦਾ ਹਾਂ
ਕਿ ਮੇਰੀ ਕਲ਼ਮ
ਤਹਾਡੇ ਜ਼ਖਮਾਂ ਨੂੰ ਕੁਰੇਦੇ
ਉਹਨਾਂ ਦੀ ਹੋਂਦ ਦੀ ਯਾਦ ਦੁਆਵੇ
ਦਿਨ ਰਾਤ ਤੁਹਾਡੇ ਮੋਢਿਆਂ ਤੇ
ਸਿਖਾਂਦਰੂ ਕਾਰੀਗਰ ਦੇ ਉਸਤਾਦ ਵੱਲੋਂ ਵੱਜੀ
ਆਰੀ ਵਾਂਗੂ ਲੱਗੇ
ਤੁਹਾਨੂੰ ਸੌਣ ਨਾ ਦੇਵੇ
ਉਨੀਂਦਰਾ ਕਰ ਦਏ
ਜਿਸ ਦਾ ਇਲਾਜ ਨਾ ਹੋਵੇ ਦੁਨੀਆ ਭਰ ਦੀ
ਕਿਸੇ ਵੀ 'ਅਫ਼ੀਮ' ਤੋਂ

ਮੈਂ ਨਹੀਂ ਚਾਹੁੰਦਾ
ਮੇਰੀ ਕਲ਼ਮ 'ਚੋਂ ਨਿਕਲੇ ਸ਼ਬਦ
ਕਿਸੇ ਝੀਲ ਕੰਢੇ ਰੁਮਕਦੀ ਸ਼ਾਮ ਦੀ ਹਵਾ ਵਾਂਗ
ਤੁਹਾਡੇ ਕੰਨਾਂ 'ਚ ਸਰਸਰਾਉਣ
ਤੁਹਾਡੇ ਚਿਹਰੇ ਨੂੰ ਛੂਹ ਕੇ ਵੇਖਣ
ਤੁਹਾਡੀਆਂ ਅੱਖਾਂ 'ਚ ਸਾਉਣ ਦੀ ਹਰਿਆਲੀ ਦਾ
ਕੋਈ ਬਿੰਬ ਸਿਰਜਣ
ਹੀਰੋ ਹਾਂਡੇ ਦੇ ਮੋਟਰਸਾਈਕਲ ਵਾਂਗ
ਲੰਘ ਜਾਣ ਕੋਲੋਂ ਚੁੱਪ-ਚਾਪ
ਬਿਨਾਂ ਆਵਾਜ਼ ਕੀਤੇ
ਮੈਂ ਤਾਂ ਚਾਹੁੰਦਾ ਹਾਂ
ਕਿ ਮੇਰੀ ਕਲ਼ਮ 'ਚੋਂ ਨਿਕਲੇ ਸ਼ਬਦ
ਕਿਸੇ ਨੀਵੇਂ ਉਡਦੇ ਲੜਾਕੂ ਜਹਾਜ਼ ਵਾਂਗ ਗੁਜ਼ਰ
ਤੁਹਾਡੇ ਸਿਰਾਂ ਉੱਪਰ
ਜਿਹਨਾਂ ਨੂੰ ਸੁਣ
ਦਿਲ ਦੇ ਕਮਜ਼ੋਰ ਕੰਨਾਂ 'ਚ ਉਂਗਲਾਂ ਦੇ ਲੈਣ
ਤੇ ਬਾਕੀ ਦੇ
ਕਿਲਕਾਰੀਆਂ ਮਾਰਨ
ਆਵਾਜ਼ ਪਿੱਛੇ ਭੱਜਣ
ਕਿਸੇ ਝੱਖੜ ਵਾਂਗ ਆਉਣ ਚੀਕਾਂ ਮਾਰਦੇ
ਲੈ ਜਾਣ ਉਡਾ ਕੇ ਬੀਤੇ ਦੀਆਂ ਝਾੜੀਆਂ, ਮਲ੍ਹੇ
ਬੁੱਢੇ ਹੋ ਚੁੱਕੇ ਬੋਹੜ
ਜੋ ਨਹੀਂ ਹੋਣ ਦਿੰਦੇ ਪੈਦਾ ਕਿਸੇ ਵੀ ਕਰੁੰਬਲ ਨੂੰ
ਤੇ ਅੱਖਾਂ ਅੱਗੇ ਛੱਡ ਜਾਣ
ਸਪਾਟ ਅਣਛੋਹੇ ਬੁੱਲਾਂ ਜਿਹੀ ਧਰਤ
ਜਿਸ ਤੇ ਖੜ੍ਹੀ ਕਰ ਸਕੋਂ
ਆਪਣੀ ਦੁਨੀਆਂ
ਨਵੀਂ ਦੁਨੀਆਂ
ਫਿਰ ਤੋਂ......