Tuesday, May 28, 2013

ਯਾਦ 

ਸਿਖਰ ਦੁਪਹਿਰੇ ਸੂਰਜ ਹੁੰਦੈ
ਅੰਬਰੀਂ ਲਟਕਦਾ ਚਮਕਦਾ
ਕੰਡਿਆਂ  ਵਾਂਗ ਲੜਦਾ
ਛੋਟਾ ਜਿਹਾ ਟੁਕੜਾ
ਦਿਨ ਢਲੇ ਤੋਂ
ਪਰਛਾਵੇਂ ਵੱਡੇ ਕਰਨ ਲੱਗਦਾ ਏ
ਕੂਲਾ ਕੂਲਾ ਲੱਗਦਾ 
ਛਿਪਦਾ ਹੋਇਆ 
ਬਿਖੇਰ ਦਿੰਦਾ ਹੈ ਲਾਲੀ 
ਅੱਧੇ ਆਸਮਾਨ 'ਚ
ਤੇ ਸੁਬ੍ਹਾ ਤੱਕ 
ਸਮੁੱਚੀ ਰਾਤ ਪਿੱਛੇ 
ਉਹਦੇ ਲੁਕੇ ਹੋਣ ਦਾ
ਭੁਲੇਖਾ ਬਣਿਆ ਰਹਿੰਦਾ ਹੈ
ਕੁਝ ਇਸ ਤਰ੍ਹਾਂ ਹੀ 
ਯਾਦ ਕਰਾਂਗੇ 
ਤੈਨੂੰ ਅਸੀਂ 
ਸਾਡੇ ਪਿਆਰੇ ਕਾਮਰੇਡ...

ਪਹਾੜ ਮੈਨੂੰ ਧੂਹ ਪਾਉਂਦੇ ਹਨ 
ਨਿਵਾਣਾਂ ਤੋਂ ਮੈਨੂੰ 
ਨਫ਼ਰਤ ਹੈ 
ਤੇ ਜ਼ਿੰਦਗੀ ਵਿੱਚ 
ਪਹਾੜ ਤੇ ਨਿਵਾਣਾਂ 
ਨਾਲੋ-ਨਾਲ ਚੱਲਦੇ ਹਨ 
ਪਹਾੜ ਦੀ ਟੀਸੀ ਵੱਲ ਹਰ ਕਦਮ 
ਨਿਵਾਣਾਂ ਨੂੰ 
ਹੋਰ ਡੂੰਘੇਰਾ 
ਹੋਰ ਡਰਾਉਣਾ 
ਹੋਰ ਘ੍ਰਿਣਤ 
ਬਣਾਉਂਦਾ ਜਾਂਦਾ ਹੈ....
ਸੂਰਜ ਨਹੀਂ 
ਤਾਂ ਚੰਦਰਮਾ ਹੋਵੇਗਾ 
ਚੰਦਰਮਾ ਨਹੀਂ 
ਤਾਰਿਆਂ ਦੇ ਕਾਫ਼ਲੇ ਹੋਣਗੇ
ਤਾਰੇ  ਨਹੀਂ
ਤਾਂ ਜੁਗਨੂੰਆਂ ਦੇ ਝੁੰਡ ਹੋਣਗੇ 
ਜੁਗਨੂੰ ਨਹੀਂ 
ਤਾਂ ਬਿਜਲੀਆਂ ਹੋਣਗੀਆਂ
ਲਿਸ਼ਕਦੀਆਂ 
ਧਰਤੀ ਕਦੇ 
ਚਾਨਣ ਵਿਹੂਣੀ 
ਹੋ ਸਕਦੀ ਨਹੀਂ ....

Wednesday, October 31, 2012

ਰੂਹ ਦਾ ਰੰਗ

ਮੇਰੇ ਦਿਲ ਦਿਆ ਮਹਿਰਮਾ
ਉਹ ਪਲ ਕਿੰਨੇ ਹੁਸੀਨ ਸਨ
ਤੇਰੀਆਂ ਬਾਹਾਂ ਦੇ ਚੌਗਿਰਦੇ 'ਚ
ਖੁਰ ਗਿਆ ਮੈਂ
ਪਹੁ-ਫੁਟਾਲੇ ਦੇ ਚਾਨਣੇ 'ਚ ਘੁਲ ਗਏ ਆਖਰੀ ਤਾਰੇ ਵਾਂਗ
ਸਿਆਲੀ ਧੁੰਧ ਰੰਗਾ ਮੈਂ
ਤੇਰੇ ਦਿਲ ਦੇ ਝਰੋਖੇ 'ਚੋਂ ਲੰਘਿਆ
ਤਾਂ ਮੇਰਾ ਪਰਛਾਵਾਂ
ਕਾਲਖ ਦੀ ਥਾਂ
ਸਤਰੰਗੀ ਪੀਂਘ ਹੋ ਗਿਆ 
ਮੇਰੀਆਂ ਅੱਖਾਂ ਚਮਕ ਉੱਠੀਆਂ
ਜਿਵੇਂ ਪਹਾੜ ਦੀ ਟੀਸੀ 'ਤੇ ਲੇਟੀ ਬਰਫ਼ 'ਤੇ
ਸੂਰਜ ਦੀ ਪਹਿਲੀ ਕਿਰਨ ਡਿੱਗੀ ਹੋਵੇ

ਵਕਤ ਮੇਰੇ ਕੋਲ ਆਇਆ
ਬੋਝਲ ਕਦਮੀਂ
ਦਿਨ ਟੱਪਿਆਂ ਤੋਂ ਤੁਰਦੀ ਹਾਮਲਾ ਔਰਤ ਵਾਂਗ 
ਆਪਣੇ ਬੇਚੇਹਰੇ ਮੁਖ 'ਤੇ
ਸੋਗੀ ਮੁਸਕਾਨ ਲਿਆ ਕੇ ਮੈਨੂੰ ਕਹਿੰਦਾ
"ਦੱਸ ਤੈਨੂੰ,
ਆਪਣੇ ਪਰਛਾਵੇਂ ਦੀ ਸਤਰੰਗੀ ਪੱਟੀ 'ਚੋਂ ਕਿਹੜਾ ਰੰਗ ਚਾਹੀਦੈ?"
ਤੇ ਮੈਂ ਸੋਚੀਂ ਪੈ ਗਿਆ

ਹਰਾ ਤਾਂ ਜ਼ਹਿਰਵਾ ਨਾਲ ਮਰੇ ਬੱਚੇ ਦਾ ਰੰਗ ਹੁੰਦੈ
ਜਾਂ ਫਿਰ ਕੈਅ ਦਾ
ਮੈਂ  ਸੋਚਦਾਂ
ਪੀਲਾ ਤਾਂ ਲੋਹਾ ਖਾਣ ਤੋਂ ਭੱਜਿਆ ਆਦਮੀ ਪੈ ਜਾਂਦਾ
ਜਾਂ ਟੁੱਟ ਕੇ ਡਿੱਗਣ ਦੀ ਵਾਰੀ ਉਡੀਕਦਾ ਪੱਤਾ
ਨੀਲਾ ਤਾਂ ਭੁਲੇਖੇ ਦਾ ਰੰਗ ਹੁੰਦਾ
ਜਿਵੇਂ ਅੰਬਰ ਤੇ ਸਮੰਦਰ
ਨੇੜੇ ਆਉਂਦਿਆਂ ਹੀ ਰੰਗਹੀਣ ਹੋ ਜਾਂਦੇ ਨੇ
ਮੈਂ ਲਾਲ ਰੰਗ 'ਤੇ ਉਂਗਲ ਧਰ ਦਿੱਤੀ
ਭਾਵੇਂ ਮਾਂ ਕਹਿੰਦੀ ਹੁੰਦੀ ਸੀ
ਲਾਲ ਰੰਗ ਦੇਖ ਜਾਨਵਰ ਛਿੜਦੇ ਆ
ਪਰ ਲਾਲ ਰੰਗ ਤਾਂ
ਖੂਨ ਦਾ ਰੰਗ ਏ
ਤੰਦਰੁਸਤੀ ਦਾ ਰੰਗ ਏ
ਤਾਕਤ ਦਾ ਰੰਗ ਏ
ਦਿਲ ਦਾ ਰੰਗ ਏ ਜਿਗਰ ਦਾ ਰੰਗ ਏ
ਪਿਆਰ ਦਾ ਰੰਗ ਏ
ਤੇ ਤੇਰੇ ਬੁੱਲ੍ਹ ਤੇ ਚੇਹਰਾ ਵੀ ਤਾਂ
ਲਾਲ ਹੋ ਜਾਂਦੇ ਸੀ ਸੰਗ ਨਾਲ
ਹਰ ਵਾਰ 
ਜਦੋਂ ਮੈਂ ਤੈਨੂੰ ਚੁੰਮਦਾ ਸੀ
ਉਹ ਦਿਨ ਤੇ ਅੱਜ ਦਾ ਦਿਨ 
ਹੋਰ ਕੋਈ ਪ੍ਰਿਜ਼ਮ 
ਮੇਰੇ  ਪਰਛਾਵੇਂ ਨੂੰ ਵੰਡ ਨਹੀਂ ਸਕਿਆ
ਤੇ ਲਾਲ ਰੰਗ ਨੂੰ ਮੈਂ
ਦਿਲ ਨਾਲ ਲਾ ਕੇ ਤੁਰਦਾਂ
ਅੱਖਾਂ 'ਚ ਭਰ ਕੇ ਤੁਰਦਾਂ......

ਅਕਸਰ ਸੁਣਦੇ ਹਾਂ
ਕਿ ਠੰਡਾ ਦੌਰ ਚਲ ਰਿਹਾ ਹੈ
ਸਮਾਂ ਠੰਡਾ ਲੋਕ ਠੰਡੇ ਰਿਸ਼ਤੇ ਠੰਡੇ ਪਿਆਰ ਠੰਡਾ
ਪਰ ਖਿਆਲ ਆਉਂਦਾ ਹੈ
ਠੰਡੇ ਤੇ ਠੰਡੇ 'ਚ ਵੀ ਤਾਂ ਫ਼ਰਕ ਹੁੰਦਾ ਹੈ
ਠੰਡੀ ਰਾਤ ਨੇ ਪਿਘਲਣਾ ਹੁੰਦਾ ਹੈ
ਜੀ ਆਇਆਂ ਕਹਿਣਾ ਹੁੰਦਾ ਹੈ
ਅੱਗ ਦਾ ਗੋਲਾ ਬਣਕੇ ਆਉਣ ਵਾਲੇ ਸੂਰਜ ਨੂੰ
ਠੰਡੇ ਸਮੇਂ 'ਚ ਤਿਆਰੀਆਂ ਹੁੰਦੀਆਂ ਨੇ
ਸ਼ੀਸ਼ੇ  ਬਣਾਏ ਜਾਂਦੇ ਹਨ
ਤੇਜ਼ ਧੁੱਪਾਂ ਨੂੰ ਫੜ ਕੇ ਇੱਕ ਥਾਂ ਇਕੱਠਿਆਂ ਕਰਨ ਲਈ

ਪਰ ਠੰਡੇ ਹੋ ਗਏ ਆਦਮੀ ਨੇ, ਰਿਸ਼ਤੇ ਨੇ, ਪਿਆਰ ਨੇ
ਗਲਣਾ ਹੁੰਦਾ ਹੈ
ਬਦਬੂ ਫੈਲਾਣੀ ਹੁੰਦੀ ਹੈ
ਕਿਸੇ ਸਮੇਂ ਮਿੱਠੇ ਰਹੇ
ਤੇ ਹੁਣ ਫਫੂੰਦ ਲੱਗੇ ਅੰਬ ਵਾਂਗ
ਫਿਰ ਕਿਉਂ ਨਾ ਦੋਸਤੋ
ਅਸੀਂ ਠੰਡੇ ਰਹਿ ਕੇ
ਠੰਡ ਦੇ ਪਿਘਲਣ ਦੀ ਰਫ਼ਤਾਰ ਨੂੰ ਤੇਜ਼ ਕਰੀਏ
ਅਤੇ ਠੰਡੇ ਪੈ ਗਏ
ਰਿਸ਼ਤਿਆਂ ਨੂੰ ਤੇ ਪਿਆਰਾਂ ਨੂੰ
ਹਵਾਲੇ ਕਰੀਏ
ਧਰਤੀ ਦੀ ਨਿੱਘ ਦੇ.....



Friday, September 7, 2012

ਇੱਕ ਕੁੱਤੇ ਦੀ ਹੋਣੀ

ਮਾਲਕ ਦੇ ਇਸ਼ਾਰੇ 'ਤੇ
ਭੌਂਕਣਾ 
ਮਾਲਕ ਦੇ ਪਿੱਛੇ-ਪਿੱਛੇ
ਪੂਛ ਹਿਲਾਉਣਾ 
ਤੇ ਮਾਲਕ ਦੇ ਆਖੇ ਵੱਢਣਾ 
ਫਿਰ ਇੱਕ ਦਿਨ 
ਭੌਂਕਦੇ 
ਪੂਛ ਹਿਲਾਉਂਦੇ 
ਵੱਢਦੇ ਹੋਏ 
ਮਾਲਕ ਦੇ ਫਾਇਦੇ ਲਈ
ਜੇਲ੍ਹ ਚਲੇ ਜਾਣਾ 
ਤੇ ਉਡੀਕਣਾ ਮੌਤ ਨੂੰ...

Thursday, August 23, 2012

ਪਹਿਲਾ ਪਿਆਰ - 1

ਤੇਰੀ ਮੇਰੀ ਸਾਂਝ
ਕੁਝ ਇਸ ਤਰ੍ਹਾਂ ਰਹੀ
ਜਿਵੇਂ
ਟੁੱਟਦੇ ਤਾਰੇ ਤੇ ਧਰਤੀ ਦਾ ਰਿਸ਼ਤਾ
ਖਿੱਚ ਇੰਨੀ ਕਿ
ਤੇਰੇ ਦਿਲ ਨੂੰ ਚੁੰਮਣ ਤੋਂ ਪਹਿਲਾਂ ਹੀ
ਮੈਂ ਰਾਖ਼ ਹੋ ਗਿਆ
ਰੋਸ਼ਨੀ ਦੀ ਲੀਕ
ਇੰਨੀ ਤਿੱਖੀ ਰਹੀ
ਕਿ ਮੇਰੇ ਵਕਤ ਨੂੰ ਅਨੰਤਤਾ ਤੱਕ
ਦੁਧੀਆ ਕਰ ਗਈ
ਤੇ ਸੇਕ ਵੀ ਇੰਨਾ ਕਿ
ਚੁਫੇਰੇ ਖਿਲਰੀ ਰਾਖ਼ 'ਚੋਂ
ਮੈਂ ਜਿਉਂ ਉੱਠਿਆ
ਕੁਕਨੂਸ ਵਾਂਗ...

Friday, August 3, 2012

ਗਜ਼ਲ

ਮੇਰੇ ਸਿਰ 'ਤੇ ਕਰਜ਼ ਬੜੇ ਨੇ |
ਮਿਲਣ 'ਚ ਤੈਨੂੰ ਹਰਜ਼ ਬੜੇ ਨੇ|

ਨਾਮ ਤੇਰਾ ਹੀ ਗਾਉਂਦਾ ਰਹਿਨਾ,
ਦਿਲ ਵਿੱਚ ਉਂਝ ਤਾਂ ਲਫ਼ਜ਼ ਬੜੇ ਨੇ|

ਮੇਰੇ ਹੀ ਕਿਉਂ ਤੇਰੇ ਵੀ ਤਾਂ,
ਰਾਹ ਵਿੱਚ ਸੁਣਿਆ ਫਰਜ਼ ਬੜੇ ਨੇ|

ਤੇਰੇ ਨੇੜੇ ਰਹਿ ਕੇ ਲੱਗਾ,
ਦੁਨੀਆਂ ਦੇ ਵਿੱਚ ਮਰਜ਼ ਬੜੇ ਨੇ|

'ਵਾਵਾਂ ਖੁਸ਼ਬੂ ਕਿਉਂ ਨਾ ਵੰਡਣ,
ਗੀਤ ਕਰੇ ਮੈਂ ਦਰਜ ਬੜੇ ਨੇ| 

ਕੰਢੇ  ਆਪਣੇ ਤੋੜਨਗੇ ਹੁਣ,
ਨੀਰ ਗਏ ਜੋ ਲਰਜ਼ ਬੜੇ ਨੇ| 

Wednesday, August 1, 2012

ਸਮਝਦਾਰ ਸ਼ਹਿਰੀ

ਸਮਝਦਾਰ ਸ਼ਹਿਰੀ
ਚੰਗੀ ਤਰ੍ਹਾਂ ਸਮਝਦੇ ਹਨ
ਕਿ ਸਭ ਤੋਂ ਵੱਡੀ ਸਮਝਦਾਰੀ
ਕਦੇ ਵੀ
ਕੋਈ ਵੀ
ਅਜਿਹੀ ਗੱਲ ਨਾ ਕਰਨ 'ਚ ਹੈ
ਜਿਸ 'ਚ ਸਮਝਦਾਰੀ ਹੋਵੇ.... 

Friday, July 27, 2012

ਇੱਕ ਸਫ਼ਰ ਦਾ ਗੀਤ

ਦਿਨ ਉੱਗਾ ਹੈ ਕਿੱਦਾਂ ਦਾ
ਮੈਂ ਜਿਧਰ ਵੀ ਤੱਕਦਾ ਹਾਂ
ਸ਼ੈੱਡ ਈ ਨਜਰੀਂ ਪੈਂਦੇ ਨੇ
ਮੈਨੂੰ ਸਮਸ਼ਾਨ ਘਾਟਾਂ ਦੇ
ਸੂਰਜ ਦੀ ਛਾਵੇਂ ਜਦ ਵੀ
ਰੰਗਾਂ ਨੂੰ ਮੈਂ ਰੱਖਦਾ ਹਾਂ
ਨਕਸ਼ ਨੈਣੀਂ ਉੱਭਰ ਆਉਂਦੇ
ਰੱਤ ਰੰਗੀਆਂ ਵਾਟਾਂ ਦੇ
ਇਹ ਕਿਹੜੀਆਂ ਰਾਹਾਂ 'ਤੇ
ਮੈਂ ਪੈਰਾਂ ਨੂੰ ਟਿਕਾ ਰਿਹਾਂ
ਫਿਰ ਯਾਦ ਆਇਆ
ਕਿ ਰਾਜਧਾਨੀ ਨੂੰ ਜਾ ਰਿਹਾਂ

ਬੁੱਲ੍ਹਾਂ ਤੋਂ ਉਡਾਰੀ ਭਰ
ਪੰਛੀ ਮੇਰੇ ਗੀਤਾਂ ਦੇ
ਕੁੰਡਾ ਖੜਕਾਉਣ ਜਾ ਕੇ
ਘਰ ਸਮਸ਼ਾਨ ਘਾਟਾਂ ਦੇ
ਨੀਂਦ 'ਚ ਬੇਹੋਸ਼ ਰੁੱਖ
ਪਹਿਰੇ ਲੱਗੇ ਰੀਤਾਂ ਦੇ
ਬੰਦ ਨੇ ਹਵਾਵਾਂ ਯਾਰੋ
ਮੁੱਖ ਝੁਲਸੇ ਨੇ ਵਾਟਾਂ ਦੇ
ਇਹ ਜਾਲੇ ਬੁਣੇ ਕਿਸਨੇ 
ਜੋ ਰਾਹਾਂ 'ਚੋਂ ਹਟਾ ਰਿਹਾਂ
ਫਿਰ ਯਾਦ ਆਇਆ
ਕਿ ਰਾਜਧਾਨੀ ਨੂੰ ਜਾ ਰਿਹਾਂ

ਹਰਿਆਲੀ ਦੀ ਜੜ੍ਹ ਸੁੱਕੀ
ਜਿਉਂ ਧਰਤੀ ਦੀ ਕੁੱਖ ਮੁੱਕੀ
ਨਲਕੇ ਖੁੱਲੇ ਮਿਲਦੇ
ਐਪਰ ਸਮਸ਼ਾਨ ਘਾਟਾਂ ਦੇ
ਆਸਮਾਨ ਹੈ ਟੁਕੜੇ ਟੁਕੜੇ
ਚੂਹਿਆਂ ਨੇ ਹੈ ਧਰਤ ਟੁੱਕੀ
ਨਾਂ ਰਖਾ 'ਤੇ ਕੌਮੀ ਮਾਰਗ
ਰੱਜ  ਭੁੱਖ ਦੀਆਂ ਵਾਟਾਂ ਦੇ
ਵਾਰ ਵਾਰ ਕਿਉਂ ਲਾਸ਼ਾਂ 'ਤੇ
ਮੈਂ ਤੁਰਦਾ ਠੇਡੇ ਖਾ ਰਿਹਾਂ
ਫਿਰ ਯਾਦ ਆਇਆ
ਕਿ ਰਾਜਧਾਨੀ ਨੂੰ ਜਾ ਰਿਹਾਂ
ਫਿਰ ਯਾਦ ਆਇਆ
ਕਿ ਚੰਡੀਗੜ੍ਹ ਨੂੰ ਜਾ ਰਿਹਾਂ ......