Monday, October 16, 2017

ਉਹਨਾਂ ਨੇ ਦੁਨੀਆਂ ਭਰ ਦੇ ਕਲਾਕ
ਰੋੜੀਕੁੱਟ ਅੱਗੇ ਸੁੱਟ ਘੱਤੇ
ਸਰਕਾਰੀ ਦਫ਼ਤਰ ਵਿੱਚ ਵਰਤ ਕੇ ਸੁੱਟੇ
ਛਾਪੇ ਦੇ ਕਾਗਜ਼ ਸਮਝ
ਹਨੇਰੇ ਦੀ ਛਾਂਵੇਂ ਖਿਲਾਰ ਛੱਡੇ
ਜ਼ਮੀਰ ਦੇ ਸੂਰਜ
ਉਹ ਮੇਰੇ ਪਿਤਾ ਵੱਲੋਂ
ਮੈਨੂੰ, ਘਰ ਛੱਡਣ ਵਕਤ ਦਿੱਤੀ
ਗੁੱਟਘੜੀ ਵੀ ਲੈ ਗਏ
ਤੇ ਮੇਰੀ ਮਾਂ ਦੀ ਸਾਂਭ ਕੇ ਰੱਖੀ
ਮੇਰੀ ਪਹਿਲੀ ਗੁੱਟਘੜੀ ਵੀ
ਉਹਨਾਂ ਨੇ ਵਕਤ ਦਾ ਅੰਤ
ਐਲਾਨ ਦਿੱਤਾ
ਉਸ ਔਰਤ ਨੂੰ ਮਜ਼ਬੂਰ ਕੀਤਾ
ਕਿ ਵਕਤ ਦੇ ਅੰਤ ਦਾ ਮੈਨੂੰ ਵਾਸਤਾ ਪਾਵੇ
ਜਿਸਨੇ ਇਸ ਦੁਨੀਆਂ 'ਚ
ਸਭ ਤੋਂ ਪਹਿਲਾਂ ਮੇਰਾ ਮੱਥਾ ਚੁੰਮਿਆ ਸੀ
ਤੇ ਉਸ ਔਰਤ ਨੂੰ ਵੀ
ਜੋ ਪਹਿਲੀ ਸੀ ਇਸ ਦੁਨੀਆਂ ਵਿੱਚ
ਜਿਸਦਾ ਮੈਂ ਮੱਥਾ ਚੁੰਮਿਆ ਸੀ
ਪਰ ਭੁੱਲ ਗਏ ਉਹ
ਵਕਤ ਤਾਂ
ਚੰਨ ਦਾ ਧਰਤੀ ਦੁਆਲੇ
ਧਰਤੀ ਦਾ ਚੰਨ ਸਮੇਤ
ਸੂਰਜ ਦੁਆਲੇ
ਸੂਰਜ ਦਾ ਧਰਤੀ ਤੇ ਚੰਨ ਉਂਗਲੀ ਲਾ ਕੇ 
ਅਕਾਸ਼ ਗੰਗਾ ਦੇ ਗੇੜੇ ਕੱਢਣਾ ਹੈ
ਵਕਤ ਕਿਸੇ ਵੀ ਚੀਜ਼ ਦਾ
ਸ਼ੁਰੂ ਤੋਂ ਅੰਤ ਦਾ ਸਫਰ ਹੈ
ਵਕਤ
ਪਦਾਰਥ ਦੀ ਗਤੀ ਹੈ
ਵਕਤ 'ਅਸੀਂ' ਤੋਂ 'ਮੈਂ' ਦਾ ਸਫ਼ਰ ਹੈ 
'ਮੈਂ' ਤੋਂ 'ਅਸੀਂ' ਦਾ ਵੀ
ਜਦ ਤੱਕ 'ਮੈਂ' ਹਾਂ 
ਮੇਰੇ ਲਈ ਵਕਤ ਦਾ ਅੰਤ ਨਹੀਂ ਹੈ 
ਜਦੋਂ ਤੱਕ 'ਅਸੀਂ' ਹਾਂ 
'ਸਾਡੇ' 'ਚੋਂ ਇੱਕ ਵੀ ਹੈ 
ਸਾਡੇ ਲਈ ਵਕਤ ਦਾ ਅੰਤ ਨਹੀਂ ਹੈ.... 

Friday, December 23, 2016

ਖਬਰਾਂ ਪੜ੍ਹਨੀਆਂ ਰੋਜ਼
ਦਰਦਨਾਕ ਹਾਦਸਿਆਂ ਦੀਆਂ
ਲੋਕਾਂ ਉੱਤੇ ਹੁੰਦੇ ਜਬਰ ਦੀਆਂ
ਧਰਮਾਂ ਦੇ ਨਾਂ 'ਤੇ ਜ਼ਿਬ੍ਹਾ ਕੀਤੇ ਜਾਂਦੇ ਬੱਚੇ
ਸ਼ਰੇਬਜ਼ਾਰ ਡਿੱਗਦੇ ਬਜੁਰਗ ਮਾਂ ਦੇ ਅੱਖੋਂ ਹੰਝੂ
ਗੋਲੀਆਂ ਦੇ ਵਿੰਨ੍ਹੇ ਪਿੰਡੇ
ਤਰਲੇ ਪਾਉਂਦੇ ਹੱਥ,
ਤੇ ਕਿੰਨਾ ਕੁਝ ਅਣਮਨੁੱਖੀ
ਪਰ ਕਰਨਾ ਕੁਝ ਨਾ
ਇਹਨਾਂ ਨੂੰ ਰੋਕਣ ਲਈ
ਰੋਟੀ ਦੇ ਬੁਰਕ ਤੋੜਕੇ ਹਲਕ ਵਿੱਚ ਧੱਕਣੇ
ਬਣਾ ਲੈਣਾ ਜ਼ਿੰਦਗੀ
ਇੱਕ ਦਿਨ ਬਣਾ ਦੇਵੇਗਾ ਤੁਹਾਨੂੰ
ਉਹਨਾਂ ਦਾ ਸੰਗੀ
ਜਿਹਨਾਂ ਨੂੰ ਤੁਸੀਂ ਅੱਜ ਨਫ਼ਰਤ ਕਰਦੇ ਹੋ
ਜਾਂ ਘੱਟੋ-ਘੱਟ ਨਫ਼ਰਤ ਕਰਨ ਦਾ ਦਿਖਾਵਾ ਤਾਂ ਕਰਦੇ ਹੋ
ਯਾਦ ਰਖਿਓ,
ਇੱਕ ਦਿਨ ....

Wednesday, November 30, 2016

ਮੈਂ ਜਦ ਜਦ ਵੀ ਵਰ੍ਹਸਾਂ
ਤੇਰੇ ਕੋਲ਼ ਅਾਵਾਂ
ਓ ਸਾਗਰ 
ਮੋੜਦਾ ਰਹੀਂ 
ਮੈਨੂੰ 
ਵਜੂਦ ਮੇਰਾ...

Sunday, September 11, 2016

ਰੂਹ ਦੀ ਘਾਟੀ '
ਲਗਾਤਾਰ ਗੂੰਜ ਬਣ ਵਿਚਰਦੀ
ਇੱਕ ਉਦਾਸੀ
ਮੈਨੂੰ ਖੁਸ਼ੀ ਭਰੇ ਹਰਫ਼ ਲਿਖਣ ਲਈ
ਪ੍ਰੇਰਦੀ ਹੈ
ਰਾਤ ਦਾ ਹਨੇਰਾ ਮੈਨੂੰ
ਸਵੇਰ ਉਡੀਕਣ ਦਾ ਸੁਨੇਹਾ ਦਿੰਦਾ ਹੈ
ਇੱਕ ਨਾਉਮੀਦੀ ਨੇ
ਉਮੀਦਾਂ ਦੀਆਂ
ਢੇਰ ਸਾਰੀਆਂ ਸ਼ੁਭ ਇਛਾਵਾਂ ਭੇਜੀਆਂ ਹਨ
ਇੱਕ ਅਰੁੱਕ ਖਿੱਚ ਕਾਰਨ
ਮੈਂ ਦੂਰ ਭੱਜ ਜਾਣਾ
ਲੋਚਦਾ ਹਾਂ
ਇੱਕ ਸਾਂਝੀ ਨਫ਼ਰਤ
ਮੈਨੂੰ ਨੇੜੇ-ਨੇੜੇ ਰੱਖਦੀ ਹੈ
ਵਰਤਮਾਨ ਦਾ ਠਹਿਰਾਅ
ਭਵਿੱਖ ਦੇ ਤੂਫਾਨਾਂ ਦਾ ਸੁਪਨਾ ਵੇਖਣ ਦਾ
ਸੱਦਾ ਦੇ ਰਿਹਾ ਹੈ
ਦੌੜਦੇ ਜਾ ਰਹੇ ਪਲ
ਮੈਨੂੰ ਟਿਕਾਅ ਨਾਲ
ਕਦਮ ਪੁੱਟਣ ਲਈ ਨਸੀਹਤਾਂ ਦੇ ਰਹੇ ਹਨ...

Wednesday, July 6, 2016

ਪਿੰਡਾ ਜਲਾ ਕੇ 
ਹਿੱਕ ਉਚੇੜ ਕੇ 
ਤਿਆਰ ਕਰਨਾ ਖੁਦ ਨੂੰ 
ਇੱਕ ਨਵੀਂ ਫ਼ਸਲ ਲਈ 
ਮੇਰੇ ਵਤਨ ਪੰਜਾਬ 
ਸਿੱਖਿਆ ਮੈਂ ਤੇਰੀ ਮਿੱਟੀ ਤੋਂ... 

--- 

ਦੁੱਖਦਾਈ ਘੜੀਆਂ ਵਿੱਚ 
ਸੰਭਵ ਨਹੀਂ ਹੁੰਦਾ 
ਕਵੀ ਹੋ ਜਾਣਾ, 
ਕਵੀ ਹੋ ਜਾਣਾ 
ਸੰਭਵ ਨਹੀਂ ਹੁੰਦਾ 
ਦੁਖਦਾਈ ਘੜੀਆਂ ਹੰਢਾਏ ਬਿਨਾਂ.. 

Sunday, February 14, 2016

ਫਿਰ ਬਹਾਰ ਆਈ ਹੈ, ਮੁਬਾਰਕ ਓ ਦੋਸਤੋ
ਧਰਤ ਹਰਿਆਈ ਹੈ, ਮੁਬਾਰਕ ਓ ਦੋਸਤੋ
ਇੰਤਜ਼ਾਰ, ਇੰਤਜ਼ਾਰ, ਇੰਤਜ਼ਾਰ ਕਿਸੇ ਦਾ
ਜਾਗੀ ਆਸ਼ਨਾਈ ਹੈ,
ਮੁਬਾਰਕ ਓ ਦੋਸਤੋ
ਫਿਰ ਬਹਾਰ ਆਈ ਹੈ, ਮੁਬਾਰਕ ਓ ਦੋਸਤੋ....


ਨਿੱਘੀ, ਨਿੱਘੀ, ਹੋ ਗਈ ਧੁੱਪ ਹੈ
ਤਿੜਕੀ, ਤਿੜਕੀ, ਠੰਢੀ ਚੁੱਪ ਹੈ
ਰੰਗਾਂ ਦੀ ਉਡੀਕ ਕਰੋ ਯਾਰੋ
ਅੱਗੇ, ਫੁੱਲ ਖਿੜਨੇ, ਕਣਕ ਪੱਕਣੇ
ਦੀ ਰੁੱਤ ਹੈ
ਹਮਕਦਮ, ਹਮਕਦਮ, ਹਮਕਦਮ ਸੀ ਕਦੇ
ਉਹ ਵੀ ਯਾਦ ਆਈ ਹੈ,
ਮੁਬਾਰਕ ਓ ਦੋਸਤੋ
ਫਿਰ ਬਹਾਰ ਆਈ ਹੈ, ਮੁਬਾਰਕ ਓ ਦੋਸਤੋ ...


ਖੁੱਲ੍ਹ ਰਹੀਆਂ ਮਿੱਟੀ ਦੀਆਂ ਗੁੰਝਲਾਂ ਨੇ
ਉੱਠ, ਉੱਠ, ਬਹਿੰਦੀਆਂ ਕਰੂੰਬਲਾਂ ਨੇ
ਪਲੋਸੇ ਧੁੱਪ ਆ ਆ ਉਹਨਾਂ ਨੂੰ
ਜਿਉਂ ਵਾਲਾਂ 'ਚ ਮਹਿਬੂਬ ਦੀਆਂ
ਉਂਗਲਾਂ ਨੇ
ਕਿ ਮਿਲੀਂ ਹੋ ਕੇ ਹਾਣਦਾ ਹਾਣਦਿਆ  
ਉਹਦੀ ਫਰਮਾਇਸ਼ ਆਈ ਹੈ,
ਮੁਬਾਰਕ ਓ ਦੋਸਤੋ
ਫਿਰ ਬਹਾਰ ਆਈ ਹੈ, ਮੁਬਾਰਕ ਓ ਦੋਸਤੋ ...


Tuesday, February 9, 2016

ਤੋਪਾਂ ਅੱਗੇ, ਟੈਂਕਾਂ ਥੱਲੇ ਕਿੱਥੇ ਨਾ ਸੁੱਟੇ ਗਏ.
ਕੁਕਨੂਸ ਦੇ ਜਾਏ ਬੱਸ ਅਸੀਂ ਨਾ ਮਰੇ|

ਇਹ ਸਲੀਕਾ ਹੀ ਸੀ ਜ਼ਖਮ ਦੇਣ ਦਾ ਉਹਦਾ,
ਕਿ ਮੌਸਮ ਆਏ-ਗਏ, ਇਹ ਨੇ ਹਰੇ ਦੇ ਹਰੇ|

ਸੁੱਕੇ ਪੱਤਿਆਂ ਨੂੰ ਡਰ ਹਰਦਮ ਚਿੰਗਾੜੀ ਦਾ,
ਹੈ ਜੋ ਅੱਗ ਦਾ ਗੋਲਾ ਉਹ ਸੂਰਜ ਕੀ ਸੜੇ|

ਧੁੱਪ ਕਰੜੀ, ਲੁੱਕ ਪਿਘਲ ਪੈਰਾਂ ਨੂੰ ਚਿਪਕੇ,
ਲੂ ਲੱਗੇ ਤੋਂ ਸੁਣਿਆ ਕਦੇ? ਲੋਹਾ ਵੀ ਢਲੇ|

ਬੁਝਣ ਨਾ ਦਿੱਤਾ ਦੇਖ ਦੀਵਾ ਤੇਰੇ ਪਿਆਰ ਦਾ,
ਉਹ ਕੱਲ੍ਹ ਵੀ ਬਲਿਆ, ਉਹ ਅੱਜ ਵੀ ਬਲੇ|

ਕਤਲ ਕਰਕੇ ਕਾਤਿਲ ਜਦੋਂ ਖੁਦ ਹੀ ਰੋ ਦਵੇ,
ਐਹੋ ਜਿਹੀ ਮੌਤ ਜੇ ਨਾ ਮਰੇ ਤਾਂ ਕੀ ਮਰੇ|

Saturday, November 14, 2015

ਤੇਰਾ ਕੋਲ ਹੋਣਾ
ਮੇਰੇ ਦਿਲ ਨੂੰ
ਪਿਆਰ ਨਾਲ ਭਰ ਦਿੰਦਾ ਸੀ
ਤੇ ਤੇਰਾ ਦੂਰ ਹੋਣਾ ਵੀ
ਮੈਂ ਇਸ ਸੰਸਾਰ ਵਿੱਚ
ਤੇਰੀ ਹੋਂਦ ਨੂੰ
ਪਿਆਰਦਾ ਹਾਂ
ਤੇਰੀਆਂ ਯਾਦਾਂ
ਤੇਰੀ ਹੋਂਦ ਦੀ
ਨਿਸ਼ਾਨੀ ਹਨ.... 

Sunday, August 2, 2015

ਹਨੇਰੇ ਸਮਿਆਂ ਵਿੱਚ ਜੀਣਾ

ਖਰਾਬ ਟੂਟੀ 'ਚੋਂ 
ਪਲ-ਪਲ ਡਿੱਗਦਾ ਪਾਣੀ 
ਹਨੇਰੇ ਸਮਿਆਂ 'ਚ 
ਬੂੰਦ ਬੂੰਦ ਕਿਰਦੀ ਜ਼ਿੰਦਗੀ 
----------
----------
ਕੁਝ ਦੇਰ ਬਾਅਦ 
ਸੈਨੀਟਰੀ ਦੀ ਇੱਕ ਦੁਕਾਨ 
"ਬਾਈ ਜਰ!
ਇੱਕ ਨਵੀਂ ਟੂਟੀ ਦੇ, ਪਿੱਤਲ ਦੀ...."

ਵਹਿਣ


ਬਹੁਤ ਧੂੜ ਭਰੀ ਹਨੇਰੀ ਸੀ ਉਹ
ਕੁਝ ਦਿਖਾਈ ਨਹੀਂ ਦੇ ਰਿਹਾ ਸੀ
ਜਿਹਨਾਂ ਨੂੰ ਦਿਖਾਈ ਦੇ ਰਿਹਾ ਸੀ ਕੁਝ-ਕੁਝ
ਉਹਨਾਂ ਨੂੰ ਦੇਖਣ ਵਾਲਾ ਕੋਈ ਨਹੀਂ ਸੀ
ਬਹੁਤ ਧੂੜ ਭਰੀ ਹਨੇਰੀ ਸੀ ਉਹ
ਹਨੇਰਾ ਨਹੀਂ ਸੀ ਭਾਵੇਂ
ਪਰ ਸੀ ਹਨੇਰਾ ਹੀ
ਘੰਟਾ ਘਰ ਦਾ ਮੀਨਾਰ ਦਿਖ ਨਹੀਂ ਰਿਹਾ ਸੀ
ਦਰਿਆ ਅਦਿੱਖ ਹੋ ਗਏ
ਸੜਕਾਂ ਦੀਵਾਰਾਂ ਬਣ ਗਈਆਂ
ਦੀਵਾਰਾਂ ਘਰ ਬਣ ਗਈਆਂ
ਘਰ ਚਿੜੀਆਘਰ
ਚਿੜੀਆਘਰ ਦੇ ਜਾਨਵਰ ਛੁੱਟ ਗਏ
ਚੌਕੀਦਾਰਾਂ ਦੀਆਂ ਅੱਖਾਂ ਵਿੱਚ ਧੂੜ ਪਾਕੇ
ਪੰਛੀ ਪਰ ਤੁੜਾ ਬੈਠੇ
ਬੁੱਤਾਂ ਵਿੱਚ ਵੱਜ-ਵੱਜ
(ਸ਼ਹਿਰ ਵਿੱਚ ਬੁੱਤ ਬਹੁਤ ਸਨ)
ਬਾਜ਼ ਬੱਦਲ ਲੱਭਣ ਨਿਕਲ ਗਏ
ਤੇ ਬਹੁਤੇ ਆਪਣੇ ਪਰਾਂ ਉੱਤੇ ਪਈ
ਧੂੜ ਝਾੜਨ ਬੈਠ ਗਏ ਸ਼ਾਇਦ

ਲੋਕ ਉਡੀਕ ਰਹੇ ਹਨ
ਉਡੀਕ  
ਲੋਕਾਂ ਜਿੰਨੀ ਕੋਈ ਨਹੀਂ ਕਰ ਸਕਦਾ
ਪਹਿਲੀ ਉਡੀਕ ਨਹੀਂ ਹੈ ਇਹ ਉਹਨਾਂ ਦੀ
ਉਹਨਾਂ ਕੀਤੀਆਂ ਹਨ ਉਡੀਕਾਂ ਪਹਿਲਾਂ ਵੀ
ਸਦੀਆਂ ਤੱਕ
ਉਹਨਾਂ ਕੋਲ ਤਜ਼ਰਬਾ ਹੈ
ਪੀੜ੍ਹੀ ਦਰ ਪੀੜ੍ਹੀ ਜੋ ਤੁਰਿਆ ਆ ਰਿਹਾ ਹੈ   
ਇਸ ਤਜ਼ਰਬੇ ਵਿੱਚੋਂ ਉਪਜਿਆ ਭਰੋਸਾ ਹੈ ਉਹਨਾਂ ਨੂੰ
ਧੂੜ ਦੇ ਬੈਠਣ ਦਾ
ਧੂੜ
ਜੋ ਅਜੇ ਵੀ ਲਟਕ ਰਹੀ ਚੌਗਿਰਦੇ
ਧੂੜ ਨੇ ਬੈਠਣਾ ਹੀ ਹੈ ਹੌਲੀ-ਹੌਲੀ
ਬੈਠੀ ਹੋਈ ਧੂੜ ਉੱਤੇ
ਬਣੇ ਭੇੜੀਏ ਤੇ ਲੂੰਬੜ ਦੇ ਪੈਰਾਂ ਦੇ ਨਿਸ਼ਾਨ
ਪਛਾਣ ਲੈਣਗੇ ਲੋਕੀਂ
ਤੇ ਉਸ ਦਿਨ
ਹਨੇਰੀ
ਫਿਰ ਚੱਲੇਗੀ.....

Saturday, August 1, 2015

ਮਹੀਨਾ ਸਾਉਣ ਦਾ ਚੜ੍ਹਿਆ
ਬੱਦਲ ਵਰ੍ਹਿਆ
ਹੜ੍ਹਿਆ
ਮੁਖੜਾ ਧਰਤੀ ਦਾ
ਕੁਝ ਠਰਿਆ
ਐਪਰ ਬਹੁਤਾ ਜਲਿਆ
ਫਿਰ ਹੋਇਆ ਹਰਿਆ-ਭਰਿਆ
ਮੁਖੜਾ ਧਰਤੀ ਦਾ...

Friday, July 10, 2015

ਪਹਾੜ ਕਿੰਨੇ ਸੋਹਣੇ ਹੋਣਗੇ
ਮਨੁੱਖ ਦੇ ਕਦਮ ਪੈਣ ਤੋਂ ਪਹਿਲਾਂ

ਮਨੁੱਖ ਦੇ ਕਦਮ ਪੈਣ ਤੋਂ ਪਹਿਲਾਂ
ਪਹਾੜ ਕਿੰਨੇ 
ਇਕੱਲੇ ਹੋਣਗੇ...
"ਬਿਨਾ ਅਜ਼ਾਦੀ ਮਨੁੱਖ ਹੈ ਹੀ ਕੀ
ਓ! ਮੈਰੀਆਨਾ ਦੱਸ ਮੈਨੂੰ
ਤੂੰ ਹੀ ਦੱਸ ਕਿਵੇਂ ਪਿਆਰ ਕਰ ਸਕਦਾ ਹਾਂ ਤੈਨੂੰ ਮੈਂ 
ਜੇ ਮੈਂ ਅਜ਼ਾਦ ਨਹੀਂ, ਦੱਸ ਮੈਨੂੰ 
ਤੈਨੂੰ ਕਿਵੇਂ ਪੇਸ਼ ਕਰ ਸਕਦਾਂ ਮੈਂ ਆਪਣਾ ਦਿਲ
ਜੇ ਉਹ ਮੇਰਾ ਹੀ ਨਹੀਂ ਹੈ" 

(ਸਪੇਨ ਦੇ ਇਨਕਲਾਬੀ ਕਵੀ ਲੋਰਕਾ ਦੀ ਸਪੇਨ ਦੇ ਫਾਸੀਵਾਦੀਆਂ ਦੁਆਰਾ ਅਗਸਤ, 1936 ਵਿੱਚ ਹੱਤਿਆ ਕਰਨ ਤੋਂ ਕੁਝ ਸਮਾਂ ਪਹਿਲਾਂ ਲਿਖੀ ਕਵਿਤਾ...)

Wednesday, June 17, 2015

ਯਾਦ


ਅਸੀਂ-ਤੁਸੀਂ ਭੁੱਲ ਜਾਂਦੇ ਹਾਂ
ਪਰ ਦੀਵਾਰਾਂ ਯਾਦ ਰੱਖਦੀਆਂ ਹਨ
ਮਿੱਟੀ ਵੀ, ਰੁੱਖ ਵੀ
ਤੇ ਆਸਮਾਨ ਵੀ
ਅਤੇ ਲੋਕ ਵੀ
ਆਪਣੀ ਓਟ ਉਹਲੇ ਹੋਏ
ਕਤਲ, 
ਕਤਲ 
ਜੋ ਕੀਤੇ ਗਏ| 
ਜੋ ਕੀਤੇ ਗਏ
ਬਲਾਤਕਾਰ, 
ਬਲਾਤਕਾਰ
ਜਿਹਨਾਂ ਰੂਹਾਂ ਨਾਲ ਹੋਏ
ਉਹ ਚੇਹਰਿਆਂ ਦੀ ਪਹਿਚਾਣ ਚਾਹੇ ਭੁੱਲ ਜਾਣ
ਪਰ ਜੁਰਮ ਯਾਦ ਰੱਖਦੇ ਹਨ
ਅਸੀਂ ਹਾਂ ਕਿ
ਜੁਰਮ ਭੁੱਲ ਜਾਂਦੇ ਹਾਂ
ਬੱਸ ਚੇਹਰੇ ਯਾਦ ਰੱਖਦੇ ਹਾਂ....

Thursday, June 11, 2015

ਕਵਿਤਾ ਨਹੀਂ

ਲਗਾਤਾਰ ਤਿੰਨ ਸ਼ਿਫਟਾਂ
ਛੱਤੀ ਘੰਟਿਆਂ ਦੀ ਡਿਊਟੀ
ਉਨੀਂਦਰਾ ਰਾਮਸ਼ਰਨ
ਸਾਈਕਲ ਠੇਲਦੇ ਨੂੰ
ਨੀਂਦ ਦਾ ਟੂਲਾ ਆਇਆ
ਫਿਰ ਨੀਂਦ ਨਾ ਖੁੱਲ੍ਹੀ 
ਸਾਈਕਲ ਡਿੱਗਾ 
ਸੜਕ 'ਤੇ ਪਏ ਇੱਕ ਪੱਥਰ ਉੱਤੇ
ਰਾਮਸ਼ਰਨ ਦਾ ਸਿਰ 
ਬੇਜਾਨ ਪਿਆ ਸੀ...

Tuesday, May 5, 2015

ਜਾ ਰਿਹਾ ਵਿਸਾਖ

ਕਣਕਾਂ
ਪੱਕੀਆਂ
ਵੱਢੀਆਂ ਗਈਆਂ
ਵਿਸਾਖ ਦੀ ਸ਼ਾਮ ਢਲੀ ਹੈ
ਧੁੱਪ ਵਿੱਚ ਘੁਲੀ ਹੈ
ਇੱਕ ਖਾਮੋਸ਼ੀ
ਉਦਾਸੀ ਜਿਹੀ
ਧਰਤੀ
ਲੋਕਾਂ ਦਾ ਢਿੱਡ ਭਰਨ ਤੁਰ ਗਏ
ਆਪਣੇ ਜਾਇਆਂ ਦੀਆਂ
ਜੜ੍ਹਾਂ ਸਾਂਭ ਰਹੀ ਹੈ
ਤਿਆਰੀ ਕਰ ਰਹੀ ਹੈ
ਫਿਰ ਤੋਂ
ਨਵਿਆਂ ਦੀਆਂ ਜੜ੍ਹਾਂ ਨੂੰ
ਆਪਣੀ ਹਿੱਕ ਨਾਲ ਘੁੱਟ ਲੈਣ ਲਈ
ਉਹਦੇ ਚੇਹਰੇ ਖਿੜੀ ਹੈ
ਇੱਕ ਖੁਸ਼ੀ
ਖਾਮੋਸ਼ ਜਿਹੀ...

ਹੁੱਡੂ

ਦੁੱਧ ਦੇ ਦੰਦ 
ਨਿਕਲ ਜਾਣੇ ਚਾਹੀਦੇ ਹਨ 
ਨਿਕਲ ਜਾਂਦੇ ਵੀ ਹਨ 
ਪਰ ਕਈ ਵਾਰੀਂ 
ਟੁੱਟ ਜਾਂਦੇ ਹਨ
ਜੜ੍ਹਾਂ 
ਜਗ੍ਹਾ ਖਾਲੀ ਨਹੀਂ ਕਰਦੀਆਂ,
ਫਿਰ ਹੁੱਡੂ ਆ ਜਾਂਦੇ ਹਨ |
ਹੁੱਡੂ ਸਿਰਫ਼ ਦੰਦ ਨਹੀਂ ਹੁੰਦੇ 
ਪਿਆਰ, ਖਿਆਲ, ਯਾਦਾਂ 
ਵਿਚਾਰ, ਸੱਭਿਆਚਾਰ
ਤੇ ਕਈ ਕੁਝ ਹੋਰ ਵੀ
ਮਨੁੱਖੀ ਜੀਵਨ ਵਿੱਚ 
ਬਹੁਤ ਕੁਝ ਹੋ ਸਕਦਾ ਹੈ ਹੁੱਡੂ |
ਇਨਸਾਨ ਦੀ ਰੂਹ ਨੂੰ 
ਹਕੂਮਤਾਂ ਦੇ ਦਿੱਤੇ ਜ਼ਖਮ ਨਹੀਂ,
ਹੁੱਡੂ
ਕਰੂਪ ਬਣਾਉਂਦੇ ਹਨ....
ਉੱਥੇ ਹੀ ਦੀਵਾਰ ਹੈ ਇੱਕ
ਜਿੱਥੇ ਆਉਣ ਵਾਲਾ ਨੌਜਵਾਨ
ਆਪਣੀ ਪ੍ਰੇਮਿਕਾ ਦਾ ਨਾਮ ਲਿਖਦਾ ਹੈ
ਬੰਦੂਕ ਚੁੱਕਦਾ ਹੈ
ਅੱਗੇ ਤੁਰ ਪੈਂਦਾ ਹੈ....

(ਸ਼ਾਇਦ ਲੋਰਕਾ ਦੀ ਕਿਸੇ ਕਵਿਤਾ 'ਚ ਪੜ੍ਹਿਆ ਹੈ)

Saturday, November 22, 2014

ਸਮੁੰਦਰ : ਕੁਝ ਪ੍ਰਭਾਵ

1
ਸਮੁੰਦਰ 
ਅੱਗੇ ਵਧਦਾ ਹੈ 
ਪਿੱਛੇ ਹਟਦਾ ਹੈ 
ਫਿਰ ਅੱਗੇ ਵਧਦਾ ਹੈ
ਸਮੁੰਦਰ ਅੱਗੇ ਵਧਦਾ ਹੈ 
ਫਿਰ ਪਿੱਛੇ ਹੱਟਦਾ ਹੈ 

ਮੁੜ ਅੱਗੇ ਵਧਣ ਲਈ 

2
ਪਿੱਛੇ ਹਟਦਾ ਸਮੁੰਦਰ 
ਧੁੱਪ ਲਵਾਉਂਦਾ ਹੈ 
ਕੰਮ ਆ ਗਏ
ਘਰਾਂ, ਰੁੱਖਾਂ ਦੀਆਂ ਨਿਸ਼ਾਨੀਆਂ ਨੂੰ 
ਅੱਗੇ ਵਧਦਾ ਸਮੁੰਦਰ 
ਕੰਢੇ ਲਿਆ ਸੁੱਟਦਾ ਹੈ 
ਡੁੱਬ ਗਿਆਂ ਤੇ ਭੱਜ ਗਿਆਂ ਦੀਆਂ ਚੱਪਲਾਂ

3
ਸਮੁੰਦਰ 
ਕਦੇ ਥੱਕਦਾ ਨਹੀਂ
ਬੱਸ ਲਹਿਰਾਂ 
ਛੋਟੀਆਂ-ਵੱਡੀਆਂ ਹੁੰਦੀਆਂ ਹਨ
ਲਹਿਰਾਂ ਕਦੇ ਖਤਮ ਨਹੀਂ ਹੁੰਦੀਆਂ
ਅਤੇ ਨਾ ਹੀ ਲਹਿਰਾਂ ਦਾ ਸੰਗੀਤ
ਇਹ ਬੱਸ ਕਦੇ ਕੁਝ ਦੂਰ
ਕਦੇ ਕੁਝ ਨੇੜੇ ਹੁੰਦਾ ਹੈ  

4
ਲਹਿਰਾਂ 
ਇੱਕੋ ਜਿਹੀਆਂ ਹੀ ਹੁੰਦੀਆਂ ਹਨ 
ਪਰ ਫਿਰ ਵੀ
ਬਿਲਕੁਲ ਇੱਕੋ ਜਿਹੀਆਂ ਨਹੀਂ ਹੁੰਦੀਆਂ

5
ਪਿੱਛੇ ਹੱਟਦੀ ਲਹਿਰ 
ਅੱਗੇ ਵਧਦੀਆਂ ਲਹਿਰਾਂ ਨੂੰ 
ਰੋਕਦੀ ਹੈ 
ਜਿੰਨੀ ਵੱਡੀ ਲਹਿਰ ਪਿੱਛੇ ਹਟਦੀ ਹੈ
ਓਨਾ ਹੀ ਵਧੇਰੇ 
ਰੋਕਦੀ ਹੈ
ਕਿੰਨੀਆਂ ਹੀ ਲਹਿਰਾਂ 
ਪਿੱਛੇ ਹਟਦੀ ਲਹਿਰ ਨੂੰ 
ਤੋੜਨ ਵਿੱਚ ਖਰਚ ਹੋ ਜਾਂਦੀਆਂ ਹਨ 
ਫਿਰ ਆਉਂਦੀ ਹੈ 
ਇੱਕ ਹੋਰ ਵੱਡੀ ਲਹਿਰ

6
ਅੱਗੇ ਵਧਦੀ ਲਹਿਰ 
ਧੱਕਦੀ ਹੈ 
ਪਿੱਛੇ ਹਟਦੀ ਲਹਿਰ 
ਪੈਰਾਂ ਥੱਲਿਓਂ 
ਜ਼ਮੀਨ ਖਿੱਚਦੀ ਹੈ 
ਡਿੱਗਣ ਦਾ ਖਤਰਾ 
ਦੋਵੇਂ ਵੇਲ਼ੇ ਬਰਾਬਰ ਹੁੰਦਾ ਹੈ 
ਡਿੱਗ ਪੈਂਦਾ ਹੈ ਉਹ ਵੀ 
ਜੋ ਨਾ ਅੱਗੇ ਵਧਦਾ ਹੈ 
ਨਾ ਪਿੱਛੇ ਹੱਟਦਾ ਹੈ

7
ਸਮੁੰਦਰ 
ਪੈਰਾਂ ਦੇ ਨਿਸ਼ਾਨ 
ਜਲਦੀ ਮਿਟਾ ਦਿੰਦਾ ਹੈ 
ਪੈਰਾਂ ਦੇ ਨਿਸ਼ਾਨ ਬਣੇ ਰਹਿਣ 
ਜ਼ਰੂਰੀ ਹੈ 
ਤੁਸੀਂ ਪੈਰ ਟਿਕਾਈ ਰੱਖੋ 
ਪੈਰ ਟਿਕਾਈ ਰੱਖਣ ਲਈ ਜ਼ਰੂਰੀ ਹੈ 
ਪਿੱਛੇ ਹਟਦੀ ਲਹਿਰ ਸਮੇਂ 
ਤੁਸੀਂ ਪੈਰ ਹਿਲਾ ਕੇ 
ਫਿਰ ਟਿਕਾਓ

8
ਲਹਿਰ ਅੱਗੇ ਵਧੇ 
ਜਾਂ ਲਹਿਰ ਪਿੱਛੇ ਹਟੇ 
ਘੁਮੇਰ ਨਾ ਚੜੇ,
ਪੈਰ ਜ਼ਮੀਨ 'ਤੇ ਜੰਮੇ ਰਹਿਣ 
ਇਸ ਲਈ ਲਾਜ਼ਮ ਹੈ 
ਨਜ਼ਰ ਟਿਕੀ ਰਹੇ 
ਦੂਰ ਆਸਮਾਨ ਉੱਤੇ 

9
ਸਮੁੰਦਰ ਦੇ ਬਿਲਕੁਲ ਨਾਲ-ਨਾਲ 
ਜ਼ਮੀਨ ਸਖ਼ਤ ਹੁੰਦੀ ਹੈ 
ਪੈਰ ਧਸਣ ਦਾ ਖਤਰਾ 
ਪਾਣੀ ਤੋਂ ਕੁਝ ਦੂਰ ਵਧੇਰੇ ਹੁੰਦਾ ਹੈ 
ਪੈਰ ਨਹੀਂ ਧੱਸਦੇ 
ਸਮੁੰਦਰ ਤੋਂ
ਮੁਕੰਮਲ ਦੂਰੀ ਬਣਾ ਕੇ ਰੱਖਣ ਉੱਤੇ ਵੀ 

10
ਪੋਲੀ ਰੇਤ ਵਿੱਚ 
ਖੁੱਡਾਂ ਪੁੱਟਣ ਵਾਲੇ ਜਾਨਵਰ
ਕਈ ਘੰਟੇ ਲਗਾਉਂਦੇ ਹਨ 
ਖੁੱਡਾਂ ਸਜਾਉਣ ਲਈ 
ਤੇ ਇੱਕੋ ਵੱਡੀ ਲਹਿਰ ਕਾਫੀ ਹੁੰਦੀ ਹੈ
ਖੁੱਡਾਂ ਵਿੱਚ ਹੜ੍ਹ ਲਿਆਉਣ ਲਈ  

11
ਲਹਿਰਾਂ ਨੂੰ ਬੰਨੋਗੇ 
ਸਮੁੰਦਰ ਪ੍ਰਚੰਡ ਹੋਵੇਗਾ
ਲਹਿਰਾਂ ਨੂੰ ਖੁੱਲ੍ਹ ਦੇਵੇਗੋ 
ਸਮੁੰਦਰ ਫੈਲੇਗਾ
ਕੰਢਿਆਂ ਦਾ 
ਇਹੀ ਦਵੰਦ ਹੈ

12
ਕੋਈ ਪੁੱਛੇਗਾ ਮੈਨੂੰ ਜੇਕਰ
ਸਮੁੰਦਰ ਦੇਖ 
ਕੌਣ ਚੇਤਿਆਂ ’ਚ ਘੁੰਮਦਾ ਹੈ ਤੇਰੇ
ਮੈਂ ਕਹਾਂਗਾ - ਮੇਰੇ ਲੋਕ 
ਤੇ ਜੇ ਕੋਈ ਪੁੱਛੇਗਾ ਮੈਨੂੰ 
ਆਪਣੇ ਲੋਕ ਦੇਖ 
ਤੈਨੂੰ ਕਿਸਦੀ ਯਾਦ ਆਉਂਦੀ ਹੈ
ਮੈਂ ਕਹਾਂਗਾ - 
ਸਮੁੰਦਰ.... 

Thursday, May 8, 2014

ਕਈ ਵਾਰ
ਸਹੀ ਦਿਸ਼ਾ ਦੀ ਪਹਿਚਾਣ ਲਈ 
ਸਹੀ ਦਿਸ਼ਾ ਬਣਾਈ ਰੱਖਣ ਲਈ
ਤੁਸੀਂ ਸਿਰਫ਼ ਮਹਿਸੂਸ ਕਰਨਾ ਹੁੰਦਾ ਹੈ 
ਤੇਜ਼ ਹਨੇਰੀ ਦੇ ਥਪੇੜਿਆਂ ਨੂੰ 
ਆਪਣੇ ਚਿਹਰੇ ਉੱਤੇ 
ਅਤੇ 
ਰੇਤੇ ਦੀ ਕਿਰਕ 
ਸੁੱਕੇ ਬੁੱਲ੍ਹਾਂ ਉੱਤੇ...